ਫੌਜ ਵੱਲੋਂ ਖਾੜਕੂ ਦਸ ਕੇ ਮਾਰੇ ਤਿੰਨ ਨੌਜਵਾਨ ਮਜ਼ਦੂਰ ਨਿੱਕਲੇ

ਫੌਜ ਵੱਲੋਂ ਖਾੜਕੂ ਦਸ ਕੇ ਮਾਰੇ ਤਿੰਨ ਨੌਜਵਾਨ ਮਜ਼ਦੂਰ ਨਿੱਕਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਸ਼ਮੀਰ ਵਿਚ ਭਾਰਤੀ ਫੌਜ 'ਤੇ ਇਕ ਹੋਰ ਝੂਠੇ ਮੁਕਾਬਲੇ ਦੇ ਗੰਭੀਰ ਦੋਸ਼ ਲੱਗੇ ਹਨ। ਤਿੰਨ ਹਫਤੇ ਪਹਿਲਾਂ ਭਾਰਤੀ ਫੌਜ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਤਿੰਨ ਨੌਜਵਾਨਾਂ ਨੂੰ ਅੱਤਵਾਦੀ ਦਸ ਕੇ ਮਾਰ ਦਿੱਤਾ ਸੀ। ਜੰਮੈ ਦੇ ਰਾਜੌਰੀ ਇਲਾਕੇ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਉਹਨਾਂ ਦੇ ਬੱਚੇ ਸਨ ਤੇ ਇਹ ਤਿੰਨੇ ਰਿਸ਼ਤੇਦਾਰ ਸਨ। ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਰੁਜ਼ਗਾਰ ਦੇ ਕਰਕੇ ਕਸ਼ਮੀਰ ਗਏ ਸਨ ਅਤੇ 17 ਜੁਲਾਈ ਤੋਂ ਇਹਨਾਂ ਦਾ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਇਹਨਾਂ ਵਿਚੋਂ ਇਕ ਮੁੰਡਾ 16 ਸਾਲਾਂ ਦਾ ਨਬਾਲਗ ਸੀ।

ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਫੌਜ ਵੱਲੋਂ 18 ਜੁਲਾਈ ਨੂੰ ਖਾੜਕੂ ਦਸ ਕੇ ਕਤਲ ਕੀਤੇ ਗਏ ਤਿੰਨ ਨੌਜਵਾਨ ਰਾਜੌਰੀ ਜ਼ਿਲ੍ਹੇ ਨਾਲ ਸਬੰਧਿਤ ਮਜ਼ਦੂਰ ਸਨ। ਪਰਿਵਾਰਾਂ ਵੱਲੋਂ ਪੁਲਸ ਨੂੰ ਇਹਨਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਹੈ। ਪਰਿਵਾਰਾਂ ਨੇ ਇਹਨਾਂ ਦੀ ਪਛਾਣ 20 ਸਾਲਾ ਇਮਤਿਆਜ਼ ਅਹਿਮਦ, 16 ਸਾਲਾ ਇਬਰਾਰ ਅਹਿਮਦ ਅਤੇ 25 ਸਾਲਾ ਮੋਹੱਮਦ ਇਬਰਾਰ ਵਜੋਂ ਦੱਸੀ ਹੈ।

ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸੋਚ ਰਹੇ ਸਨ ਕਿ ਇਹਨਾਂ ਨੂੰ ਕੋਰੋਨਾਵਾਇਰਸ ਦੇ ਚਲਦਿਆਂ ਇਕਾਂਤਵਾਸ ਵਿਚ ਰੱਖਿਆ ਗਿਆ ਹੋਵੇ ਕਿਉਂਕਿ ਉਹ ਕਿਸੇ ਹੋਰ ਜ਼ਿਲ੍ਹੇ ਤੋਂ ਕੰਮ ਕਰਨ ਲਈ ਗਏ ਸਨ। ਉਹਨਾਂ ਦੱਸਿਆ ਕਿ ਰਾਜੌਰੀ ਵਿਚ 21 ਦਿਨਾਂ ਦੇ ਇਕਾਂਤਵਾਸ ਦੇ ਹੁਕਮ ਹਨ ਤੇ ਪਰਿਵਾਰ ਨੂੰ ਇਹੀ ਲੱਗ ਰਿਹਾ ਸੀ ਕਿ ਉਹ 21 ਦਿਨਾਂ ਲਈ ਇਕਾਂਤਵਾਸ ਵਿਚ ਹੋਣਗੇ। ਉਹਨਾਂ ਦੱਸਿਆ ਕਿ ਸ਼ਨੀਵਾਰ ਵਾਲੇ ਦਿਨ ਸ਼੍ਰੀਨਗਰ ਤੋਂ ਆਏ ਇਕ ਫੋਨ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਆਸ਼ੀਮਪੋਰਾ ਵਿਚ ਤਿੰਨ ਅਣਪਛਾਤੇ ਖਾੜਕੂ ਮਾਰੇ ਗਏ ਹਨ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪਰਿਵਾਰਾਂ ਨੇ ਤਸਦੀਕ ਕੀਤੀ ਕਿ ਮਰਨ ਵਾਲੇ ਉਹਨਾਂ ਦੇ ਪੁੱਤ ਹੀ ਹਨ। ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਦਿੱਤੀਆਂ ਜਾਣ ਅਤੇ ਇਹਨਾਂ ਕਤਲਾਂ ਦੀ ਜਾਂਚ ਹੋਵੇ।