ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸਰਾਵਾਂ ਵਾਸਤੇ ਆਨ-ਲਾਈਨ ਬੁਕਿੰਗ ਕਰਵਾ ਸਕਣਗੇ ਪਰਵਾਸੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਦੇਸ ਵਿਦੇਸ਼ ਤੋਂ ਰੋਜ਼ਾਨਾ ਗੁਰੂ ਨਗਰੀ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸਰਾਵਾਂ ਵਿਚ ਕਮਰੇ ਦੀ ਆਨ-ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਇਨ੍ਹਾਂ ਸਰਾਵਾਂ ਵਿਚ ਕਮਰੇ ਆਨ-ਲਾਈਨ ਬੁੱਕ ਕਰਾਉਣ ਦੀ ਪ੍ਰਕਿਰਿਆ ਦਾ ਰਸਮੀਂ ਉਦਘਾਦਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਇਥੇ ਦਰਸ਼ਨਾਂ ਲਈ ਪੁੱਜਣ ਵਾਲੇ ਸ਼ਰਧਾਲੂਆਂ ਵੱਲੋਂ ਰਿਹਾਇਸ਼ ਲਈ ਸਰਾਵਾਂ ਵਿਚ ਕਮਰੇ ਨਾ ਮਿਲਣ ਤੇ ਸਰਾਵਾਂ ਦੇ ਇੰਚਾਰਜਾਂ ਤੇ ਸਟਾਫ ਵੱਲੋਂ ਕਮਰੇ ਦੇਣ ਸਬੰਧੀ ਆਨਾਕਾਨੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਦੇ ਮਾਮਲੇ ਸਾਹਮਣੇ ਆ ਰਹੇ ਸਨ। ਉਦਘਾਟਨੀ ਰਸਮ ਮੌਕੇ ਪ੍ਰੋ. ਕਿਰਪਲ ਸਿੰਘ ਬਡੂੰਗਰ ਨੇ ਕਿਹਾ ਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਵਿਚ ਕਮਰਿਆਂ ਦੀ ਬੁਕਿੰਗ ਲਈ ਆਨ-ਲਾਈਨ ਪ੍ਰਕਿਰਿਆ ਨੂੰ ਲਾਗੂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਨ-ਲਾਈਨ ਪ੍ਰਕਿਰਿਆ ਦੇ ਪਹਿਲੇ ਪੜਾਅ ਤਹਿਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਕੇਵਲ ਮਾਤਾ ਗੰਗਾ ਜੀ ਨਿਵਾਸ ਲਈ ਬੁਕਿੰਗ ਨੂੰ ਹੀ ਆਨ-ਲਾਈਨ ਕੀਤਾ ਗਿਆ ਹੈ, ਜਿਸ ਨਾਲ ਦੇਸ਼-ਵਿਦੇਸ਼ ਤੋਂ ਪੁੱਜਦੀ ਸੰਗਤ ਹੁਣ ਘਰ ਬੈਠੇ ਹੀ ਆਪਣੇ ਲਈ ਕਮਰਾ ਬੁੱਕ ਕਰਵਾ ਸਕੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਕੇਵਲ 2 ਰਾਤਾਂ ਹੀ ਲਈ ਕਮਰਾ ਬੁੱਕ ਕਰਵਾ ਸਕਣਗੇ ਅਤੇ ਘੱਟੋ-ਘੱਟੋ 2 ਵਿਅਕਤੀਆਂ ਦੇ ਰਹਿਣ ਦੀ ਸੂਰਤ ਵਿਚ ਹੀ ਕਮਰਾ ਬੁੱਕ ਹੋ ਸਕੇਗਾ। ਇਸੇ ਦੌਰਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਵਿਰਾਸਤੀ ਮਾਰਗ ਵਿਖੇ ਪਾਰਕਿੰਗ ਨੇੜੇ ਬਹੁਮੰਜ਼ਿਲਾ ‘ਸਾਰਾਗੜੀ ਨਿਵਾਸ’ ਲਗਭਗ ਤਿਆਰ ਹੋ ਗਿਆ ਹੈ ਤੇ ਆਉਂਦੇ ਦੋ ਕੁ ਹਫਤਿਆਂ ਤੱਕ ਸੰਗਤ ਦੀ ਰਿਹਾਇਸ਼ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਦੀ ਸਹੂਲਤ ਲਈ ਹੋਰ ਸਰਾਵਾਂ ਤਿਆਰ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਥਾਂਵਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿਦਿਅਰਥੀਆਂ ਦੇ ਖਾਲਸਾਈ ਖੇਡ ਉਤਸਵ ਕਰਾਏ ਜਾਂਦੇ ਹਨ, ਇਸੇ ਤਰ੍ਹਾਂ ਬੱਚਿਆਂ ਨੂੰ ਸਿੱਖੀ ਵਿਰਸੇ ਤੇ ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਸਭਿਆਚਾਰਕ ਮੁਕਾਬਲੇ ਵੀ ਕਰਾਏ ਜਾਇਆ ਕਰਨਗੇ।
Comments (0)