ਭਾਈ ਜਗਤਾਰ ਸਿੰਘ ਹਵਾਰਾ ਕਤਲ ਦੇ ਇਕ ਮਾਮਲੇ ‘ਚੋਂ ਬਰੀ

ਭਾਈ ਜਗਤਾਰ ਸਿੰਘ ਹਵਾਰਾ ਕਤਲ ਦੇ ਇਕ ਮਾਮਲੇ ‘ਚੋਂ ਬਰੀ

ਰੂਪਨਗਰ/ਬਿਊਰੋ ਨਿਊਜ਼ :
ਰੂਪਨਗਰ ਦੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ 25 ਸਾਲ ਪਹਿਲਾਂ ਦਰਜ ਹੋਏ ਇਕ ਕਤਲ ਦੇ ਮੁਕੱਦਮੇ ਵਿਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਸੁਣਵਾਈ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਹੋਈ। ਵਧੀਕ ਸ਼ੈਸ਼ਨ ਜੱਜ ਸੁਨੀਤਾ ਕੁਮਾਰੀ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਇਹ ਫੈਸਲਾ ਸੁਣਾਇਆ। ਭਾਈ ਜਗਤਾਰ ਸਿੰਘ ਹਵਾਰਾ ਨੂੰ ਰੂਪਨਗਰ ਦੀ ਅਦਾਲਤ ਵੱਲੋਂ ਪਹਿਲਾਂ ਵੀ ਕਰੀਬ 4 ਮੁਕੱਦਮਿਆਂ ਵਿਚੋਂ ਬਰੀ ਕੀਤਾ ਜਾ ਚੁੱਕਾ ਹੈ। ਇਹ ਮੁਕੱਦਮਾ 23 ਦਸੰਬਰ 1992 ਨੂੰ ਥਾਣਾ ਸ੍ਰੀ ਚਮਕੌਰ ਸਾਹਿਬ ਵਿਚ ਦੋ ਦਿਨ ਪਹਿਲਾਂ ਹੋਈ ਵਾਰਦਾਤ ਮਗਰੋਂ ਦਰਜ ਹੋਇਆ ਸੀ, ਜਿਸ ਅਨੁਸਾਰ 21 ਦਸੰਬਰ 1992 ਦੀ ਰਾਤ ਨੂੰ ਕਰੀਬ 9.15 ਵਜੇ ਗੁਰਦੁਆਰਾ ਗੜ੍ਹੀ ਸਾਹਿਬ (ਸ੍ਰੀ ਚਮਕੌਰ ਸਾਹਿਬ) ਨੇੜੇ ਖੇਤਾਂ ਵਿਚੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲੀਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ ਸੀ। ਇਸ ਫਾਇਰਿੰਗ ਵਿਚ ਐਸ.ਪੀ.ਓ. ਸੁਨੀਲ ਕੁਮਾਰ ਸਮੇਤ ਕਾਂਸਟੇਬਲ ਸੋਹਨ ਲਾਲ ਤੇ ਰਾਜ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਜਦਕਿ ਬਾਅਦ ਵਿਚ ਸੁਨੀਲ ਕੁਮਾਰ ਦੀ ਮੌਤ ਹੋ ਗਈ ਸੀ। ਇਸ ਹਮਲੇ ਮੌਕੇ ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਹਮਲਾਵਰ ਹਥਿਆਰ ਤੇ ਗੋਲਾ ਬਰੂਦ ਛੱਡ ਕੇ ਫਰਾਰ ਹੋ ਗਏ ਸਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ‘ਤੇ ਟਾਡਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਬਾਅਦ ਵਿਚ ਭਾਈ ਜਗਤਾਰ ਸਿੰਘ ਹਵਾਰਾ ਦਾ ਨਾਂਅ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।