ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੰਮਕਾਜ ਸ਼ੁਰੂ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੰਮਕਾਜ ਸ਼ੁਰੂ

ਪੈਰਿਸ ਵਿਚ ਹੋਇਆ ਪਹਿਲਾ ਇਤਿਹਾਸਕ ਸੈਸ਼ਨ
ਫਰੀਮਾਂਟ/ਹੁਸਨ ਲੜੋਆ ਬੰਗਾ :
ਫਰਾਂਸ ਦੇ ਪੈਰਿਸ ਵਿਖੇ ਵਰਲਡ ਸਿੱਖ ਪਾਰਲੀਮੈਂਟ ਦਾ ਪਹਿਲਾ ਉਦਘਾਟਨੀ ਇਜਲਾਸ ਹੋਇਆ ਹੈ। ਪੈਰਿਸ ਇਜਲਾਸ ਦੌਰਾਨ ਦੁਨੀਆ ਦੇ ਪੰਜ ਖਿੱਤਿਆਂ ਦੇ ਵੱਖ-ਵੱਖ ਦੇਸ਼ਾਂ, ਜਿਨ੍ਹਾਂ ਵਿਚ ਯੂਐਸਏ, ਇੰਗਲੈਂਡ, ਕੈਨੇਡਾ, ਫਰਾਂਸ, ਸਪੇਨ, ਹਾਲੈਂਡ, ਜਰਮਨੀ, ਨਿਊਜ਼ੀਲੈਂਡ ਅਤੇ ਆਸਟਰੇਲੀਆ ਤੋਂ ਨਾਮਜ਼ਦ ਡੈਲੀਗੇਟਾਂ ਨੇ ਹਿੱਸਾ ਲਿਆ । 24 ਘੰਟੇ ਚੱਲੇ ਇਜਲਾਸ ਦੀ ਸ਼ੁਰੂਆਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਪੰਚ-ਪ੍ਰਧਾਨੀ ਪ੍ਰਥਾ ਤਹਿਤ ਪੰਜ ਸਿੰਘਾਂ ਦੀ ਅਗਵਾਈ ਵਿਚ ਹੋਈ। ਭਾਰਤ ਤੋਂ ਐਡਵੋਕੇਟ ਅਮਰ ਸਿੰਘ ਚਾਹਲ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਅਤੇ ਯੂਕੇ. ਤੋਂ ਭਾਈ ਗੁਰਨਾਮ ਸਿੰਘ ਸਪੈਸ਼ਲ ਆਬਜ਼ਰਵਰ ਦੇ ਰੂਪ ਵਿਚ ਸ਼ਾਮਲ ਹੋਏ । ਇਸ ਤੋਂ ਇਲਾਵਾ ਦੇਸ਼ਾਂ ਤੇ ਵਿਦੇਸ਼ਾਂ ਤੋਂ ਹੋਰ ਵੀ ਆਬਜ਼ਰਵਰ ਮੌਜੂਦ ਸਨ ।
ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਾਰਲੀਮੈਂਟ ਮੈਬਰਾਂ ਨੂੰ ਭੇਜਿਆ ਹੋਇਆ ਸੰਦੇਸ਼ ਬਾਪੂ ਗੁਰਚਰਨ ਸਿੰਘ ਵੱਲੋਂ ਪੜ੍ਹਿਆ ਗਿਆ ਜਿਸ ਵਿਚ ਛੋਟੀਆਂ-ਛੋਟੀਆਂ ਪੁਲਾਂਘਾ ਪੁੱਟਦਿਆਂ ਆਪਣੀ ਮੰਜ਼ਿਲ ਵੱਲ ਮਜ਼ਬੂਤੀ ਨਾਲ ਵਧਣ ਦੀ ਪ੍ਰੇਰਨਾ ਦਿੱਤੀ ਗਈ । ਵਰਲਡ ਸਿੱਖ ਪਾਰਲੀਮੈਂਟ ਦੇ ਇਜਲਾਸ ਵਿਚ ਇਸ ਦੇ ਢਾਂਚੇ ਨੂੰ ਇਕ ਲੰਬੀ ਵਿਚਾਰ ਤੋਂ ਬਾਅਦ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਐਗਜ਼ੈਕਟਿਵ ਕੌਂਸਲ ਦੇ ਵਿਦੇਸ਼ਾਂ ਵਿਚਲੇ ਨੁਮਾਇੰਦਿਆਂ ਦਾ ਐਲਾਨ ਵੀ ਕੀਤਾ ਗਿਆ ਜੋ ਕਿ ਅਲੱਗ-ਅਲੱਗ ਦੇਸ਼ਾਂ ਤੋਂ ਹਨ । ਪਾਰਲੀਮੈਂਟ ਅਧੀਨ ਵੱਖ-ਵੱਖ ਮੁੱਦਿਆਂ ਨਾਲ ਸਬੰਧਤ 10 ਕੌਂਸਲਾਂ ਦੇ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ ।
ਪਾਰਲੀਮੈਂਟ ਦੇ ਸਲਾਹਕਾਰ ਬੋਰਡ ਦਾ ਭਵਿੱਖ ਵਿਚ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਗੁਰਸਿੱਖ ਪਾਰਲੀਮੈਂਟ ਦਾ ਕੰਮਕਾਜ ਚਲਾਉਣ ਲਈ ਆਪਣੇ ਵਿਚਾਰ ਦੇ ਸਕਣਗੇ । ਪੰਜਾਬ ਅੰਦਰ ਵਰਲਡ ਸਿੱਖ ਪਾਰਲੀਮੈਂਟ ਦੇ ਮੈਬਰਾਂ ਦੀ ਨਿਯੁਕਤੀ ਲਈ ਹੋਰ ਹੰਭਲਾ ਮਾਰਨ ਦਾ ਵੀ ਪ੍ਰਣ ਕੀਤਾ ਗਿਆ ।
ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਪੰਥਕ ਮੁੱਦਿਆਂ ਉਤੇ ਵਿਚਾਰਾਂ ਤੋਂ ਬਾਅਦ ਵੱਖ-ਵੱਖ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ । ਸਿੱਖਾਂ ਨੂੰ ਸਵੈ ਨਿਰਣੇ ਦੇ ਹੱਕ ਵਿਚ, ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਬਾਬਤ, ਹਿੰਦੁਤਵੀ ਫਾਸ਼ੀਵਾਦ ਦੇ ਵਿਰੁੱਧ ਅਤੇ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਮਤੇ ਇਜਲਾਸ ਵਿੱਚ ਪਾਸ ਕੀਤੇ ਗਏ । ਪੈਰਿਸ ਦੇ ਗੁਰਦੁਆਰਾ ਸਾਹਿਬ ਬੋਬੀਨੀ ਵਿਚ ਦੀਵਾਨ ਸਜਿਆ ਜਿਸ ਵਿਚ ਦੇਸ਼-ਵਿਦੇਸ਼ ਤੋਂ ਬੁਲਾਰਿਆਂ ਨੇ ਪੰਥਕ ਮਸਲਿਆਂ ਉੱਤੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪੰਜਾਬ ਤੋਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਭੇਜਿਆ ਗਿਆ ਸੁਨੇਹਾ ਵੀ ਪੜ੍ਹਿਆ ਗਿਆ । ਸਵੈ ਨਿਰਣੇ ਦੇ ਹੱਕ ਸਬੰਧੀ ਮਤੇ ਸੰਗਤਾਂ ਸਨਮੁਖ ਪ੍ਰਵਾਨਗੀ ਲਈ ਰੱਖੇ ਗਏ ਤੇ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਸੰਗਤਾਂ ਅੱਗੇ ਰੱਖੇ । ਸੰਗਤਾਂ ਦੀ ਪ੍ਰਵਾਨਗੀ ਲਈ ਮਤੇ ਪੜ੍ਹੇ ਗਏ ਜਿਨ੍ਹਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ।
ਮਤਾ ਨੰਬਰ ਇੱਕ ਵਿਚ ਕਿਹਾ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਅਨੁਸਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰੇ ਵਿੱਚ ਸ਼ਾਂਤਮਈ ਰੋਸ ਕਰ ਰਹੀਆਂ ਸੰਗਤਾਂ ਉੱਤੇ ਗੋਲੀ ਚਲਾ ਕੇ ਸ਼ਹੀਦ ਕੀਤੇ ਸਿੰਘਾਂ ਦਾ ਇਨਸਾਫ ਸਰਕਾਰ ਤੋਂ ਲੈਣ ਦੀ ਬਜਾਏ ਖਾਲਸਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਖਾਲਸਈ ਰਵਾਇਤਾਂ ਅਨੁਸਾਰ ਆਪਣੇ ਹੱਕ ਲੈਣ ਲਈ ਠੋਸ ਪ੍ਰੋਗਰਾਮ ਉਲੀਕੇ । ਵਰਲਡ ਸਿੱਖ ਪਾਰਲੀਮੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਮੁਹਿੰਮ ਚਲਾਏਗੀ ਤਾਂ ਕਿ ਬੇਅਦਬੀ ਅਤੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ ।

ਮਤਾ ਨੰਬਰ ਦੋ ਵਿਚ ਕਿਹਾ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਆਮ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਗੁਰੂ ਘਰਾਂ ਵਿੱਚ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ । ਬੇਨਤੀ ਹੈ ਕਿ ਜਦੋਂ ਨਵੇਂ ਸਰੂਪ ਸੰਗਤਾਂ ਜਾਂ ਗੁਰਦੁਆਰਿਆਂ ਨੂੰ ਦਿੱਤੇ ਜਾਣ ਤਾਂ ਉਹਨਾਂ ਦਾ ਇੱਕ ਲਿਖਤੀ ਰਿਕਾਰਡ ਬਣਾਇਆ ਜਾਵੇ।
ਮਤਾ ਨੰਬਰ ਤਿੰਨ ਵਿਚ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਅਦਬੀਆਂ ਦੀਆ ਘਟਨਾਵਾਂ ਦੇ ਤਿੰਨ ਸਾਲ ਹੋਣ ‘ਤੇ ਸਾਰੀ ਦੁਨੀਆ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਸਹਿਜ ਪਾਠ ਜਾਂ ਅਖੰਡ ਪਾਠ ਸ਼ੁਰੂ ਕੀਤੇ ਜਾਣ ਬਾਰੇ ਕਿਹਾ ਗਿਆ ਜਿਨਾਂ੍ਹ ਦੇ ਭੋਗ ੧੧ ਅਕਤੂਬਰ ਨੂੰ ਪਾ ਕੇ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ ।
ਮਤਾ ਨੰਬਰ ਚਾਰ ਵਿਚ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੦ਵੇਂ ਪ੍ਰਕਾਸ਼ ਦਿਹਾੜੇ ‘ਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੋਲਣ ਦੀ ਦਿਖਾਈ ਫਰਾਖਦਿਲੀ ਦੀ ਸ਼ਲਾਘਾ ਕੀਤੀ ਗਈ ਹੈ । ਕਿਹਾ ਗਿਆ ਕਿ  ਸਿੱਖ ਰੋਜ਼ਾਨਾ ‘ਸਿੱਖਾਂ ਨਾਲੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ’ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ । ਭਾਰਤ ਸਰਕਾਰ ਵੱਲੋਂ ਲਾਂਘੇ ਦਾ ਵਿਰੋਧ ਕਰਨਾ ਸਿੱਖਾਂ ਦੀ ਅਰਦਾਸ ਦੇ ਵਿਰੋਧ ਵਿੱਚ ਖੜ੍ਹਨਾ ਹੈ । ਅਕਾਲੀ ਦਲ ਬਾਦਲ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵਿਰੋਧ ਕਰਨ ਦੀ ਵਰਲਡ ਸਿੱਖ ਪਾਰਲੀਮੈਂਟ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਮਤਾ ਨੰਬਰ ਪੰਜ ਵਿਚ ਕਿਹਾ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਉਪਰਾਲੇ ਕਰਨ ਦੀ ਪੁਰਜ਼ੋਰ ਬੇਨਤੀ ਕਰਦੀ ਹੈ । ਬੰਦੀ ਸਿੰਘਾਂ ਦੀ ਰਿਹਾਈ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਬਾਰੇ ਉੱਦਮ ਉਪਰਾਲੇ ਕਰ ਰਹੀਆਂ ਸੰਸਥਾਵਾਂ ਦਾ ਸਿੱਖ ਕੌਮ ਪਹਿਲ ਦੇ ਅਧਾਰ ਉੱਤੇ ਸਾਥ ਦੇਵੇ ।
ਮਤਾ ਨੰਬਰ ਛੇ ਵਿਚ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰਬ ਸਾਂਝੀਵਾਲਤਾਂ ਦੇ ਉਪਦੇਸ਼ਾਂ ਅਨੁਸਾਰ ਰੰਘਰੇਟੇ ਗੁਰੂ ਕੇ ਬੇਟੇ, ਦਲਿਤ ਭਾਈਚਾਰੇ ਦੇ ਨਾਲ-ਨਾਲ ਸਿਕਲੀਗਰ ਵਣਜਾਰਿਆਂ ਨੂੰ ਸਿੱਖ ਪੰਥ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਤੇ ਇਸ ਪ੍ਰਤੀ ਸੇਵਾ ਨਿਭਾ ਰਹੀਆ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਵੀ ਬੇਨਤੀ ਕਰਦੀ ਹੈ ।