ਧਰਮਪ੍ਰੀਤ ਸਿੰਘ ਜੱਸੜ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਪਿਛਲੇ ਦਿਨੀੰ ਫਰਿਜ਼ਨੋ ਦੇ ਲਾਗਲੇ ਸ਼ਹਿਰ ਮਡੇਰਾ ਦੇ ਟਾਕਲ ਬੌਕਸ ਗੈਸ ਸਟੇਸ਼ਨ ਤੇ ਰੌਬਰੀ ਦੌਰਾਂਨ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ (20) ਜਿਸ ਦਾ ਪਿਛਲਾ ਪਿੰਡ ਖੋਥੜਾ (ਫਗਵਾੜਾ) ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।ਇਸ ਨੌਜਵਾਨ ਦਾ ਅੰਤਿਮ ਸੰਸਕਾਰ ਲੰਘੇ ਐੰਤਵਾਰ ਫਰਿਜ਼ਨੋ ਦੇ ਸ਼ਾਂਤ ਭਵਨ ਫਿਊਨਰਲ ਹੋਂਮ ਵਿੱਚ ਕੀਤਾ ਗਿਆ। ਇਸ ਮੌਕੇ ਸੈਂਕੜੇ ਪੰਜਾਬੀਆੰ ਨੇ ਸੇਜਲ ਅੱਖਾਂ ਨਾਲ ਧਰਮਪ੍ਰੀਤ ਨੂੰ ਅੰਤਿਮ ਵਿਦਾਇਗੀ ਦਿੱਤੀ। ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਵਿੱਚ ਪੰਜਾਬ ਤੋਂ ਪਹੁੰਚੇ ਮਾਂ ਬਾਪ ਦੀਆਂ ਧਾਹਾਂ ਨਾਲ ਅੰਬਰ ਰੋ ਰਿਹਾ ਸੀ, ਪੂਰਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ ਵਿੱਚ ਸੀ। ਉਦਾਸੀ ਦੇ ਮੰਜ਼ਰ ਵਿੱਚ ਹਰ ਅੱਖ ਨਮ ਹੋ ਗਈ। ਸ਼ਾਇਦ ਮੌਤ ਵੀ ਵੀਰ ਨੂੰ ਖੋਹਕੇ ਪਛਤਾਅ ਰਹੀ ਹੋਵੇਗੀ। ਹਰ ਇੱਕ ਦੇ ਮੂੰਹ ਚੋਂ ਇਹੀ ਨਿਕਲ ਰਿਹਾ ਸੀ ਕਿ ਮਾਰਨ ਵਾਲਿਆ ਤੇਰਾ ਕੱਖ ਨਾ ਰਹੇ।ਅੰਤਿਮ ਸੰਸਕਾਰ ਉਪਰੰਤ ਭੋਗ ਗੁਰਦਵਾਰਾ ਕ੍ਰਦ੍ਰਜ਼ ਵਿਖੇ ਪਾਇਆ ਗਿਆ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਮੰਡੇਰਾ ਕਾਊਂਟੀ ਸ਼ੈਰਫ ਡਿਪਾਰਟਮੈਂਟ ਨੇ ਮਡਿੱਸਟੋ ਨਿਵਾਸੀ ਅੰਮ੍ਰਿਤਰਾਜ ਸਿੰਘ ਅਠਵਾਲ (22) ਨੂੰ ਧਰਮਪ੍ਰੀਤ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ‘ਤੇ ਧਰਮਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਭੈਣ ਦਾ ਜੜਵਾਂ ਭਰਾ ਸੀ। ਧਰਮਪ੍ਰੀਤ ਕਰੀਬ ਦੋ ਸਾਲ ਪਹਿਲਾਂ ਫਰਿਜ਼ਨੋ ਵਿਖੇ ਪੜ੍ਹਾਈ ਕਰਨ ਲਈ ਆਇਆ ਸੀ। ਇਸ ਘਟਨਾ ਕਰਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Comments (0)