ਏਂਜਲਾ ਮਾਰਕਲ ਚੌਥੀ ਵਾਰ ਸੰਭਾਲੇਗੀ ਜਰਮਨੀ ਕਮਾਨ

ਏਂਜਲਾ ਮਾਰਕਲ ਚੌਥੀ ਵਾਰ ਸੰਭਾਲੇਗੀ ਜਰਮਨੀ ਕਮਾਨ

ਬਰਲਿਨ/ਬਿਊਰੋ ਨਿਊਜ਼
ਜਰਮਨੀ ‘ਚ ਹੋਈਆਂ ਆਮ ਚੋਣਾਂ ‘ਚ ਚਾਂਸਲਰ ਏਂਜਲਾ ਮਾਰਕਲ ਚੌਥੀ ਵਾਰ ਕਮਾਨ ਸੰਭਾਲੇਗੀ। ਇਸ ਵਾਰ ਕੱਟੜ ਦੱਖਣਪੰਥੀ ਰਾਸ਼ਟਰਵਾਦੀ ਏ.ਐਫ.ਡੀ. ਪਾਰਟੀ ਨੇ ਵੀ ਸੰਸਦ ‘ਚ ਇਕ ਸੀਟ ਜਿੱਤ ਕੇ ਇਤਿਹਾਸ ਰਚਿਆ ਹੈ। ਚੋਣ ਸਰਵੇਖਣ ਅਨੁਸਾਰ ਮਾਰਕਲ ਦੀ ਕੰਜ਼ਰਵੇਟਿਵ ਸੀ. ਡੀ.ਯੂ. ਤੇ ਸੀ.ਐਸ. ਯੂ. ਗਠਜੋੜ ਨੂੰ ਆਪਣੇ ਕਰੀਬੀ ਵਿਰੋਧੀ ਮਾਰਟਿਨ ਸਕਲਜ਼ ਵਾਲੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸ. ਪੀ. ਡੀ.) ‘ਤੇ ਦੋਹਰੇ ਅੰਕਾਂ ਦੀ ਲੀਡ ਪ੍ਰਾਪਤ ਹੋਈ ਹੈ। ਮਾਰਕਲ ਦੀ ਪਾਰਟੀ ਨੂੰ 33 ਫ਼ੀਸਦੀ ਵੋਟ ਮਿਲੇ ਹਨ। ਐਸ. ਪੀ. ਡੀ. ਨੂੰ 20-21 ਫ਼ੀਸਦੀ ਵੋਟ ਮਿਲੇ ਹਨ ਤੇ ਉਹ ਦੂਜੇ ਸਥਾਨ ‘ਤੇ ਹੈ। ਇਸਲਾਮ ਵਿਰੋਧੀ, ਪ੍ਰਵਾਸੀ ਵਿਰੋਧੀ ਅਲਟਰਨੇਟਿਵ ਫ਼ਾਰ ਜਰਮਨੀ (ਏ. ਐਫ. ਡੀ.) ਨੂੰ 13 ਫ਼ੀਸਦੀ ਵੋਟਾਂ ਮਿਲੀਆਂ ਹਨ ਅਤੇ ਉਹ ਜਰਮਨੀ ਦੀ ਤੀਜੀ ਸਭ ਤੋਂ ਮਜ਼ਬੂਤ ਪਾਰਟੀ ਦੇ ਰੂਪ ‘ਚ ਉੱਭਰੀ ਹੈ। ਏ. ਐਫ. ਡੀ. ਦਾ ਸੀਟ ਜਿੱਤਣਾ ਮਹੀਨਿਆਂ ਤੋਂ ਸਪਸ਼ਟ ਸੀ, ਟਿੱਪਣੀਕਾਰਾਂ ਨੇ ਇਸ ਨੂੰ ਜਰਮਨੀ ਦੇ ਇਤਿਹਾਸ ‘ਚ ਇਤਿਹਾਸਕ ਪਲ ਦੱਸਿਆ ਹੈ। ਟੀਵੀ ‘ਤੇ ਨਤੀਜੇ ਐਲਾਨਣ ਤੋਂ ਬਾਅਦ ਪਾਰਟੀ ਦੇ ਸਮਰਥਕਾਂ ਨੇ ਬਰਲਿਨ ਸਥਿਤ ਪਾਰਟੀ ਦੇ ਮੁੱਖ ਦਫ਼ਤਰ ‘ਚ ਇਕੱਠੇ ਹੋ ਕੇ ਜਸ਼ਨ ਮਨਾਇਆ ਅਤੇ ਕਈਆਂ ਨੇ ਇਕੱਠੇ ਹੋ ਕੇ ਜਰਮਨੀ ਦਾ ਰਾਸ਼ਟਰ ਗੀਤ ਗਾਇਆ। ਚਾਰ ਸਾਲ ਪੁਰਾਣੀ ਨੈਸ਼ਨਲਿਸਟ ਪਾਰਟੀ ਨੂੰ ਜਰਮਨੀ ਦੀ ਮੁੱਖ ਧਾਰਾ ਵਲੋਂ ਤਿਆਗ ਦਿੱਤਾ ਗਿਆ ਹੈ।