ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਭਾਵਭਿੰਨੀ ਯਾਦ ’ਚ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸ਼ਰਧਾਂਜਲੀ ਸਮਾਗਮ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਭਾਵਭਿੰਨੀ ਯਾਦ ’ਚ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸ਼ਰਧਾਂਜਲੀ ਸਮਾਗਮ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ:
ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਖ਼ਾਸ ਮੁਕਾਮ ਰੱਖਣ ਵਾਲੇ ਅਤੇ ਪੰਜਾਬ ਵਿੱਚ ਸਰਕਾਰੀ ਜ਼ੁਲਮਾਂ ਦਾ ਪਰਦਾਫ਼ਾਸ਼ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ।
ਉਨਾਂ ਦੀ ਯਾਦ ਵਿਚ ਤਿੰਨ ਦਿਨ ਗੁਰਬਾਣੀ ਦੇ ਨਿਰੰਤਰ ਜਾਪ ਹੋਏ। ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਸੰਪੂਰਨਤਾ ਹਫਤਾਵਾਰੀ ਦੀਵਾਨ ਦੌਰਾਨ ਸਵੇਰੇ ਹੋਈ। ਖਾਲਸਾ ਸਕੂਲ ਦੇ ਬਚਿਆਂ ਨੇ ਗੁਰਬਾਣੀ ਗਾਇਨ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥ ਦੇ ਪ੍ਰਸਿੱਧ ਕਥਾਕਾਰ ਭਾਈ ਹਰਦੇਵ ਸਿੰਘ ਨੇ ਕਥਾ ਕਰਦਿਆਂ ਭਾਈ ਖਾਲੜਾ ਨੂੰ ਸਿੱਖ ਇਤਿਹਾਸ ਦੀ ਕਸਵੱਟੀ ਉਤੇ ਇਕ ਮਹਾਨ ਸ਼ਹੀਦ ਸਾਬਤ ਕਰਦਿਆਂ ਕਿਹਾ ਕਿ ਉਨਾਂ ਦੀ ਸ਼ਹਾਦਤ ਨਿੱਜੀ ਰੰਜਸ਼ਾਂ ਤੋਂ ਉਪਰ ਉਠ ਕੇ ਏਨੀ ਮਹਾਨ ਹੋ ਗਈ ਸੀ ਕਿ ਉਸ ਦੀ ਸਿਫਤ ਵਿਚ ਬੋਲ ਮਿਲਣੇ ਔਖੇ ਹੋ ਜਾਂਦੇ ਹਨ। ਡਰ ਤੇ ਦਹਿਸ਼ਤ ਨਾਂ ਦੇ ਲਫਜ਼ ਉਨਾਂ ਲਈ ਕੋਈ ਮਹੱਤਵ ਨਹੀਂ ਸਨ ਰਖਦੇ। ਉਨਾਂ ਨੂੰ ਮੌਤ ਤੇ ਜੀਵਨ ਇਕ ਸਮਾਨ ਹੀ ਲਗਦਾ ਸੀ। ਉਹ ਡੋਲੇ ਵੀ ਨਹੀਂ……ਕੰਬੇ ਵੀ ਨਹੀਂ ਤੇ ਆਪਣੇ ਆਦਰਸ਼ ਤੋਂ ਪਿੱਛੇ ਵੀ ਨਹੀਂ ਹਟੇ ਤੇ ਅੰਤਲੇ ਸਾਹ ਤੱਕ ਅਡੋਲ ਰਹੇ।
ਭਾਈ ਜਸਵੰਤ ਸਿੰਘ ਖਾਲੜਾ ਦੀ ਧੀ ਬੀਬੀ ਨਵਕਿਰਨ ਕੌਰ ਖਾਲੜਾ ਨੇ ਸੰਗਤਾਂ ਨਾਲ ਆਪਣੇ ਪਿਤਾ ਦੇ ਜੀਵਨ, ਨਿਸ਼ਾਨੇ ਤੇ ਉਦੇਸ਼ ਬਾਰੇ ਸੰਗਤਾ ਨਾਲ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਖਾਲਸਾ ਪੰਥ ਦੀ ਸੇਵਾ ਕਰਦਿਆਂ ਉਨਾਂ ਦੇ ਪਿਤਾ ਨੇ ਜਾਨ ਦੀ ਬਾਜ਼ੀ ਲਾਈ। ਆਪਣੇ ਆਦਰਸ਼ ਨਾਲ ਉਨਾਂ ਨੂੰ ਏਨਾ ਪਿਆਰ ਸੀ ਕਿ ਉਹ ਕੈਨੇਡਾ ਵੀ ਨਹੀਂ ਰੁਕੇ ਤੇ ਵਾਪਸ ਪੰਜਾਬ ਚਲੇ ਗਏ ਤਾਂ ਕਿ ਸਿੱਖਾਂ ਨੂੰ ਪੁਲੀਸ ਦੁਆਰਾ ਝੂਠੇ ਪੁਲੀਸ ਮੁਕਾਬਲਿਆਂ ਵਿਚ ਸ਼ਹੀਦ ਕਰਨ ਤੋਂ ਬਾਅਦ ਲਾਵਾਰਸ ਕਹਿ ਸਾੜ ਦੇਣ ਦੇ ਵਡੇ ਅਪਰਾਧ ਦੀ ਖੋਜ ਦੇ ਆਪਣੇ ਅਧੂਰੇ ਕਾਰਜ ਨੂੰ ਪੂਰਾ ਕਰ ਸਕਣ। ਜਦ ਕਿ ਇਹ ਖਦਸ਼ਾ ਪੂਰਾ ਸਹੀ ਸੀ ਕਿ ਭਾਰਤੀ ਹਕੂਮਤ ਉਨਾਂ ਨੂੰ ਗਾਇਬ ਕਰਵਾ ਸਕਦੀ  ਸੀ। ਪਰ ਮੌਤ ਦਾ ਖੌਫਨਾਕ ਮੰਜ਼ਰ ਵੀ ਉਨਾਂ ਨੂੰ ਮੋੜ ਨਹੀਂ ਸਕਿਆ ਤੇ ਉਹ ਮੌਤ ਨੂੰ ਵੰਗਾਰਨ ਲਈ ਵਾਪਸ ਚਲੇ ਪੰਜਾਬ ਦੀ ਧਰਤੀ ਤੇ ਚਲੇ ਗਏ। ਪੁਲੀਸ ਦੁਆਰਾ ਪੱਚੀ ਹਜ਼ਾਰ ਸਿੱਖਾਂ ਨੂੰ ਲਾਵਾਰਸ ਕਹਿ ਕੇ ਸਾੜ ਦੇਣ ਦੇ ਵੱਡੇ ਅਪਰਾਧ ਦੇ ਦੋਸ਼ੀਆਂ ਨੂੰ ਉਨਾਂ ਨੰਗਾ ਕੀਤਾ। ਕੈਨੇਡਾ ਦੀ ਪਾਰਲੀਮੈਂਟ ਵਿਚ ਇਹ ਸਾਬਤ ਕੀਤਾ ਕਿ ਪੰਜਾਬ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਤੇ ਇਸ ਢੰਗ ਨਾਲ ਕੀਤੀ ਜਾਂ ਰਹੀ ਹੈ ਕਿ ਸੰਸਾਰ ਨੂੰ ਪਤਾ ਨਾ ਲੱਗ ਸਕੇ। ਪਰ ਖਾਲੜਾ ਸਾਹਿਬ ਨੇ ਵੀ ਪੂਰੀ ਮੇਹਨਤ ਤੇ ਲਗਨ ਨਾਲ ਜੁਰਮ ਦਾ ਖੁਰਾ ਖੋਜ ਲਭਿਆਂ ਤੇ ਸੰਸਾਰ ਦੇ ਸਾਹਮਣੇ ਲਿਆਦਾਂ। ਉਨਾਂ ਦੀ ਦੇਣ ਬਹੁਤ ਵੱਡੀ ਹੈ ਤੇ ਉਸਨੂੰ ਖਾਲੜਾ ਸਾਹਿਬ ਦੀ ਬੇਟੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ। ਇਹ ਵੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਨਾਂ ਦੇ ਕਾਤਲ ਹੁਣ ਸਲਾਖਾਂ ਪਿੱਛੇ ਹਨ, ਜਿਸ ਲਈ ਪਰਿਵਾਰ ਨੂੰ ਬਹੁਤ ਮੇਹਨਤ ਕਰਨੀ ਪਈ ਤੇ ਸਰਕਾਰ ਦੁਆਰਾ ਮਾਨਸਿਕ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ।
ਬੀਬੀ ਨਵਕਿਰਨ ਕੌਰ ਖਾਲੜਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਸਕੱਤਰ ਭਾਈ ਦਵਿੰਦਰ ਸਿੰਘ ਨੇ ਸਮਾਗਮ ਦੀ ਰੂਪ ਰੇਖਾ ਨੂੰ ਸਾਦਗੀ ਤੇ ਸ਼ਹਾਦਤ ਦੇ ਰੰਗ ਵਿਚ ਰੰਗਣ ਵਿਚ ਪੂਰੀ ਮੇਹਨਤ ਕੀਤੀ।
ਭਾਈ ਖਾਲੜਾ ਦੀ ਸ਼ਹਾਦਤ ਏਨੀ ਬੇਨਜ਼ੀਰ ਹੈ ਕਿ ਉਨਾਂ ਦੇ ਸਿਦਕ, ਭਰੋਸੇ ਤੇ ਸਿਰੜ ਤੋਂ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ। ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਹਰ ਸਾਲ ਭਾਈ ਖਾਲੜਾ ਦੀ ਸ਼ਹਾਦਤ ਨੂੰ ਬੜੀ ਸ਼ਰਧਾ, ਸਤਿਕਾਰ ਤੇ ਮੁਹਬੱਤ ਨਾਲ ਯਾਦ ਕੀਤਾ ਜਾਂਦਾ ਹੈ। ਹਰ ਸਾਲ ਜਦ 6 ਸਤੰਬਰ ਆਉਂਦਾ ਹੈ ਤਾਂ ਆਪਣੇ ਆਪ ਉਨਾਂ ਦੀ ਯਾਦ ਦਿਲ ਵਿਚ ਉਸੱਲਵਟੇ ਲੈਣ ਲਗਦੀ ਹੈ। ਸਿੱਖ ਇਤਿਹਾਸ ਉਨ੍ਹਾਂ ਦੀ ਉਚੀ ਸੁੱਚੀ ਕੁਰਬਾਨੀ ਨਾਲ ਹੋਰ ਅਮੀਰ ਹੋਇਆ ਹੈ।