ਦਸਤਾਵੇਜ਼ੀ ਫ਼ਿਲਮਕਾਰ ਤਰਨ ਸਿੰਘ ਬਰਾੜ ਨੇ ਵ੍ਹਾਈਟ ਹਾਊਸ ਨੇੜੇ ਵਿਰੋਧ ਵਜੋਂ ਟਰੰਪ ਦੇ ਸਟਾਈਲ ‘ਚ ‘ਚਿਕਨ ਡੌਨ’ ਲਾਇਆ

ਦਸਤਾਵੇਜ਼ੀ ਫ਼ਿਲਮਕਾਰ ਤਰਨ ਸਿੰਘ ਬਰਾੜ ਨੇ ਵ੍ਹਾਈਟ ਹਾਊਸ ਨੇੜੇ ਵਿਰੋਧ ਵਜੋਂ ਟਰੰਪ ਦੇ ਸਟਾਈਲ ‘ਚ ‘ਚਿਕਨ ਡੌਨ’ ਲਾਇਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਦਸਤਾਵੇਜ਼ੀ ਫਿਲਮਕਾਰ ਤਰਨ ਸਿੰਘ ਬਰਾੜ ਨੇ ਨੈਸ਼ਨਲ ਪਾਰਕ ਸਰਵਿਸ ਅਤੇ ਖੁਫੀਆ ਸਰਵਿਸ ਤੋਂ ਆਗਿਆ ਲੈਣ ਤੋਂ ਬਾਅਦ ਵਿਰੋਧ ਵਜੋਂ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਨੇੜੇ ਦੱਖਣ ਵੱਲ ਪਾਰਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਲਾ ਵਾਲੇ ਸਟਾਈਲ ਦਾ ‘ਚਿਕਨ ਡੌਨ’ ਲਾਇਆ ਹੈ। ਭਾਰਤੀ ਮੂਲ ਦੇ ਤਰਨ ਸਿੰਘ ਬਰਾੜ ਨੇ ਮੁਰਗੀ ਵਾਂਗ ਦਿੱਸਣ ਵਾਲਾ ਵੱਡਾ ਗੁਬਾਰਾ ਲਾਇਆ, ਜਿਸ ਦੇ ਵਾਲਾਂ ਦਾ ਸਟਾਈਲ ਡੋਨਾਲਡ ਟਰੰਪ ਵਾਂਗ ਹੈ। ਇਹ ਗੁਬਾਰਾ ਟਰੰਪ ਦੇ ਟੈਕਸ ਰਿਟਰਨ ਜਾਰੀ ਕਰਨ, ਉੱਤਰੀ ਕੋਰੀਆ ਨਾਲ ਨਜਿੱਠਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਤੀ ਉਨ੍ਹਾਂ ਦੇ ਰਵੱਈਏ ਦੇ ਵਿਰੋਧ ਵਿਚ ਲਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਘੇਰੇ ਵਿਚ ਸਭ ਤੋਂ ਲੰਬੀ ਜਿਸ ਚੀਜ਼ ਦੀ ਆਮ ਤੌਰ ‘ਤੇ ਇਜਾਜ਼ਤ ਦਿੱਤੀ ਜਾਂਦੀ ਹੈ, ਉਹ ਰਾਸ਼ਟਰੀ ਕ੍ਰਿਸਮਿਸ ਟ੍ਰੀ ਹੁੰਦਾ ਹੈ। ਉਨ੍ਹਾਂ ਨੇ ਕਿਹਾ, ‘ਮੈਨੂੰ 30 ਫੁੱਟ ਲੰਬਾ ‘ਚਿਕਨ ਡੌਨ’ ਲਾਉਣ ਦੀ ਛੋਟ ਦਿੱਤੀ ਗਈ।’
ਉਨ੍ਹਾਂ ਨੇ ਇਸ ਸੰਬੰਧ ਵਿਚ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੰਪ ਆਪਣੇ ਟੈਕਸ ਰਿਟਰਨ ਜਾਰੀ ਕਰਨ ਅਤੇ ਪੁਤਿਨ ਦਾ ਸਾਹਮਣਾ ਕਰਨ ਦੇ ਮਾਮਲੇ ਵਿਚ ਬੇਹੱਦ ਡਰਪੋਕ ਹਨ। ਉਨ੍ਹਾਂ ਕਿਹਾ, ‘ਅਸੀਂ ਇੱਥੇ ਕਮਜ਼ੋਰ ਅਤੇ ਗੈਰਅਸਰਦਾਰ ਲੀਡਰ ਹੋਣ ਲਈ ਆਪਣੇ ਰਾਸ਼ਟਰਪਤੀ ਦੀ ਆਲੋਚਨਾ ਕਰਨ ਲਈ ਆਏ ਹਾਂ। ਉਹ ਆਪਣੇ ਟੈਕਸ ਰਿਟਰਨ ਜਨਤਕ ਕਰਨ ਤੋਂ ਡਰਦਾ ਹੈ ਤੇ ਪੁਤਿਨ ਨਾਲ ਸਬੰਧਾਂ ਨੂੰ ਜ਼ਾਹਰ ਕਰਨ ਤੋਂ ਵੀ ਡਰਦਾ ਹੈ ਤੇ ਹੁਣ ਕਿਮ ਜੋਂਗ ਉਨ ਨਾਲ ਖੇਡਾਂ ਖੇਡ ਰਿਹਾ ਹੈ। ਬਰਾੜ ਨੇ ਕਿਹਾ, ‘ਉਹ ਡੀ.ਸੀ. ਵਿਚ ਫ਼ੌਜੀ ਪਰੇਡ ਚਾਹੁੰਦਾ ਹੈ। ਇਹ ਬਹੁਤ ਹੀ ਬੇਤੁਕਾ ਹੈ ਤੇ ਅਸੀਂ ਸਾਰੇ ਇੱਥੇ ਉਸ ਦਾ ਮਜ਼ਾਕ ਉਡਾਉਣ ਲਈ ਇਕੱਤਰ ਹੋਏ ਹਨ।’ ਉਸ ਅਨੁਸਾਰ ਗੁੱਸੇ ਵਿਚ ਨਜ਼ਰ ਆਉਂਦਾ ਚਿਕਨ, ਜੋ ਕਿ ਸੰਤਰੀ-ਗੋਲਡਨ ਵਾਲਾਂ ਅਤੇ ਟਰੰਪ ਦੇ ਸਟਾਈਲ ਵਿਚ ਹੈ, ਈਬੇਅ ‘ਤੇ 1500 ਡਾਲਰ ਵਿਚ ਖ਼ਰੀਦਿਆ ਜਾ ਸਕਦਾ ਹੈ। ਬਰਾੜ ਨੇ ਇਸ ਵਿਲੱਖਣ ਰੋਸ ਲਈ ਧਨ ਜੁਟਾਉਣ ਦੇ ਮਕਸਦ ਨਾਲ ਇਸ ਸਾਲ ਦੇ ਸ਼ੁਰੂ ਵਿਚ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਸੀ।