ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਭਾਰੀ ਸ਼ਰਧਾ ਨਾਲ ਮਨਾਇਆ

ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਭਾਰੀ ਸ਼ਰਧਾ ਨਾਲ ਮਨਾਇਆ

ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ
ਸ਼ਿਕਾਗੋ/ਮੱਖਣ ਸਿੰਘ ਕਲੇਰ:
ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਥੋਂ ਦੇ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਮਨਾਇਆ ਗਿਆ। ਵਰਨਣਯੋਗ ਹੈ ਕਿ ਪੈਲਾਟਾਈਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਮਤਾ ਪਾਇਆ ਹੋਇਆ ਹੈ ਕਿ ਸਮੂਹ ਦਿਹਾੜੇ ਸੰਨ 2003 ਵਿਚ ਲਾਗੂ ਕੀਤੇ ਗਏ ਪੰਥ ਪ੍ਰਵਾਨਤ ਤੇ ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ। 16 ਜੂਨ ਸ਼ੁਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ 18 ਜੂਨ ਐਤਵਾਰ ਸਵੇਰੇ ਪਾਏ ਗਏ। ਉਪਰੰਤ ਗੁਰੂਘਰ ਦੇ ਕੀਰਤਨੀ ਭਾਈ ਰਾਜਿੰਦਰ ਸਿੰਘ ਦੇ ਜਥੇ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਹੈੱਡ ਗ੍ਰੰਥੀ ਭਾਈ ਪਰਮਿੰਦਰਜੀਤ ਸਿੰਘ ਵਲੋਂ ਪੰਚਮ ਪਾਤਿਸ਼ਾਹ ਜੀ ਦੀ ਸ਼ਹੀਦੀ ਇਤਿਹਾਸ ਸੰਗਤਾਂ ਨੂੰ ਕਥਾ ਰਾਹੀਂ ਸਰਵਣ ਕਰਵਾਇਆ। ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਕੁਲਵੰਤ ਸਿੰਘ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੇ ਕੀ ਕਾਰਨ ਸਨ, ਇਸ ਵਿਚ ਕੌਣ ਕੌਣ ਸ਼ਾਮਿਲ ਸੀ ਅਤੇ ਕਿਵੇਂ ਤਸੀਹੇ ਦੇ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ, ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਸਰਵਣ ਕਰਵਾਇਆ। ਇਸ ਤੋਂ ਇਲਾਵਾ ਸੰਗਤਾਂ ਵਾਸਤੇ ਵਿਸ਼ੇਸ਼ ਤੌਰ ‘ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਹੋਈਆਂ ਸਨ।