ਮਿੱਟੀ ਦੀ ਵਰਤੋਂ ਨਾਲ ਰੌਸ਼ਨ ਹੋ ਸਕਦੇ ਨੇ ਘਰ
ਚੰਡੀਗੜ੍ਹ/ਬਿਊਰੋ ਨਿਊਜ਼:
ਘਰ ‘ਚ ਰੱਖੇ ਗਮਲਿਆਂ ਅਤੇ ਕਿਆਰੀਆਂ ਤੋਂ ਭਾਵੇਂ ਫੁੱਲ, ਫਲ ਅਤੇ ਸਬਜ਼ੀਆਂ ਮਿਲਦੀਆਂ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਮਿੱਟੀ ਤੋਂ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਸੁਣਨ ‘ਚ ਭਾਵੇਂ ਇਸ ‘ਤੇ ਭਰੋਸਾ ਨਾ ਕੀਤਾ ਜਾ ਸਕੇ ਪਰ ਪੰਜਾਬੀ ਮੂਲ ਦੇ ਭੌਤਿਕ ਵਿਗਿਆਨੀ ਡਾਕਟਰ ਸੁਨੀਲ ਕੁਮਾਰ ਨੇ ਆਪਣੇ ਦੋ ਕੋਰੀਅਨ ਸਾਥੀਆਂ ਨਾਲ ਮਿਲ ਕੇ ਸਾਬਿਤ ਕਰ ਦਿੱਤਾ ਹੈ ਕਿ ਸਿਰਫ਼ ਮਿੱਟੀ ਦੀ ਵਰਤੋਂ ਨਾਲ ਹੀ ਘਰਾਂ ਦੇ ਉਪਕਰਣਾਂ ਨੂੰ ਚਲਾਉਣਾ ਸੰਭਵ ਹੈ। ਮੌਜੂਦਾ ਸਮੇਂ ‘ਚ ਦੱਖਣੀ ਕੋਰੀਆ ਦੀ ਡੌਂਗੂ ਯੂਨੀਵਰਸਿਟੀ ‘ਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾਕਟਰ ਸੁਨੀਲ ਕੁਮਾਰ ਪਟਿਆਲਾ ਨਾਲ ਸਬੰਧਤ ਹਨ। ਉਨ੍ਹਾਂ ਮਿੱਟੀ ਤੋਂ 24 ਘੰਟੇ ਹਾਈਬ੍ਰਿਡ ਹਰਿਤ ਊਰਜਾ ਤੰਤਰ ਵਿਕਸਤ ਕੀਤਾ ਹੈ। ਇਸ ਪ੍ਰਣਾਲੀ ਰਾਹੀਂ ਜ਼ਮੀਨ ਨੂੰ ਨਿਯਮਤ ਤੌਰ ‘ਤੇ ਖੁਰਾਕ ਦੇ ਕੇ ਅਤੇ ਇਲੈਕਟਰੋ ਕੈਮਿਕਲ ਪਹੁੰਚ ਦੀ ਵਰਤੋਂ ਕਰਕੇ ਮਿੱਟੀ ਦੇ ਸੂਖਮ ਜੀਵਾਂ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਲੈਕਟਰੋ ਕੈਮਿਕਲ ਧਾਰਨਾ ਨਾਲ ਮੋਬਾਈਲ ਫੋਨਾਂ ‘ਚ ਆਮ ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ। ‘ਸੂਖਮ ਜੀਵ ਜਦੋਂ ਮਿੱਟੀ ਦੇ ਤੱਤਾਂ ਨੂੰ ਖਾਂਦੇ ਹਨ ਤਾਂ ਉਨ੍ਹਾਂ ਵੱਲੋਂ ਕੁਦਰਤੀ ਊਰਜਾ ਪੈਦਾ ਕੀਤੀ ਜਾਂਦੀ ਹੈ। ਸਾਡਾ ਨਮੂਨਾ ਦੋਵੇਂ ਧਾਰਨਾਵਾਂ ਦਾ ਮੇਲ ਹੈ ਤਾਂ ਜੋ ਇਨ੍ਹਾਂ ਦੀ ਵਰਤੋਂ ਘਰਾਂ ‘ਚ ਵਰਤੇ ਜਾਂਦੇ ਯੰਤਰਾਂ ‘ਚ ਕੀਤੀ ਜਾ ਸਕੇ।’ ਉਨ੍ਹਾਂ ਕਿਹਾ ਕਿ ਘਰਾਂ ‘ਚ ਇਹ ਪਾਵਰ ਪਲਾਂਟ, ਸੂਰਜੀ ਪੈਨਲਾਂ ਜਾਂ ਵੱਡੇ ਇਨਵਰਟਰਾਂ ਤੋਂ ਵਧ ਥਾਂ ਨਹੀਂ ਘੇਰਦਾ। ਡਾਕਟਰ ਸੁਨੀਲ ਕੁਮਾਰ ਨੇ ਆਪਣੇ ਸਾਥੀਆਂ ਪ੍ਰੋਫੈਸਰ ਟੀ ਡਬਲਿਊ ਕੈਂਗ ਅਤੇ ਡਾਕਟਰ ਐਚ ਸੀ ਜਿਓਨ ਨਾਲ ਮਿਲ ਕੇ ਵੱਖ ਵੱਖ ਪੇਟੈਂਟ ਲਈ ਅਰਜ਼ੀ ਦਿੱਤੀ ਹੋਈ ਹੈ। ਪ੍ਰੋਫੈਸਰ ਕੈਂਗ, ਜੋ ਡੌਂਗੂ ਯੂਨੀਵਰਸਿਟੀ ‘ਚ ਭੌਤਿਕ ਸ਼ਾਸਤਰ ਪੜ੍ਹਾਉਂਦੇ ਹਨ ਅਤੇ ਜੀਟੈੱਕ ਕੰਪਨੀ ਦੇ ਸੀਈਓ ਵੀ ਹਨ, ਨੇ ਪੂਰੇ ਪ੍ਰਾਜੈਕਟ ਲਈ ਰਾਸ਼ੀ ਮੁਹੱਈਆ ਕਰਵਾਈ ਹੈ। ਡਾਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਮਿੱਟੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਰਹੀ ਹੈ ਪਰ ਇਹ ਵਰਤੋਂ ‘ਚ ਨਹੀਂ ਆ ਸਕਦੀ ਅਤੇ ਇਸ ‘ਤੇ ਲਾਗਤ ਵੀ ਵਧ ਆਉਂਦੀ ਸੀ। ਉਨ੍ਹਾਂ ਕਿਹਾ,”ਸਾਡੀ ਪ੍ਰਣਾਲੀ ਉੱਚ ਪੱਧਰ ਦੀ ਹੈ ਜਿਥੇ 24 ਘੰਟੇ ਵੱਧ ਮਿਆਰ ਵਾਲੀ ਬਿਜਲੀ ਘੱਟ ਲਾਗਤ ‘ਤੇ ਸਪਲਾਈ ਹੋ ਸਕਦੀ ਹੈ।” ਅਜਿਹਾ ਬਿਜਲੀ ਉਤਪਾਦਨ ਵਾਤਾਵਰਨ ਪੱਖੀ ਹੈ ਅਤੇ ਥੋੜੇ ਬਦਲਾਅ ਨਾਲ ਇਸ ਦੀ ਵਰਤੋਂ ਪਾਣੀ ਅਤੇ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਕੀਤਾ ਜਾ ਸਕਦਾ ਹੈ। ‘ਸਨਅਤੀ ਜਾਂ ਖੇਤੀਬਾੜੀ ਦੇ ਬੇਕਾਰ ਪਾਣੀ ਦੀ ਵਰਤੋਂ ਨਾਲ ਜਲ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਜਿਹੀ ਮਿੱਟੀ ਆਧਾਰਿਤ ਪ੍ਰਣਾਲੀ ‘ਚ ਬੂਟੇ ਲਾ ਕੇ ਵਾਤਾਵਰਨ ‘ਚ ਵਧ ਆਕਸੀਜਨ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ ਹਵਾ ਨੂੰ ਸ਼ੁੱਧ ਕਰਨ ‘ਚ ਸਹਾਇਤਾ ਮਿਲੇਗੀ।’
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਸੀ ਪੀਐਚਡੀ
ਡਾਕਟਰ ਸੁਨੀਲ ਕੁਮਾਰ ਨੇ ਸਾਲ 2004 ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਜ਼ਿਕਸ ‘ਚ ਪੀਐਚਡੀ ਕੀਤੀ ਸੀ। ਪੀਐਚਡੀ ਤੋਂ ਇਲਾਵਾ ਉਨ੍ਹਾਂ ਥਾਪਰ ਯੂਨੀਵਰਸਿਟੀ ਪਟਿਆਲਾ ਤੇ ਐਮ ਐਮ ਯੂਨੀਵਰਸਿਟੀ ਮੁਲਾਣਾ ‘ਚ ਵੱਖ ਵੱਖ ਖੋਜਾਂ ਨਾਲ ਸਬੰਧਤ ਅਧਿਆਪਨ ਵੀ ਕੀਤਾ। ਉਨ੍ਹਾਂ ਤਾਇਵਾਨ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਵੀ ਤਜਰਬਾ ਹਾਸਲ ਕੀਤਾ ਅਤੇ ਉਹ ਬਾਰਸੀਲੋਨਾ (ਸਪੇਨ) ਦੇ ਆਈਸੀਐਫਓ ‘ਚ ਮੈਰੀ ਕਿਊਰੀ ਫੈਲੋਸ਼ਿਪ ਲਈ ਵੀ ਚੁਣੇ ਗਏ। ਸਾਲ 2013 ਤੋਂ ਉਹ ਦੱਖਣੀ ਕੋਰੀਆ ਦੀ ਡੌਂਗੂ ਯੂਨੀਵਰਸਿਟੀ ‘ਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੇ ਕੌਮਾਂਤਰੀ ਪੱਧਰ ‘ਤੇ 75 ਤੋਂ ਵਧ ਪਰਚੇ ਪ੍ਰਕਾਸ਼ਿਤ ਹੋਏ ਹਨ, ਜਦਕਿ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ‘ਚ ਉਨ੍ਹਾਂ ਕਰੀਬ 70 ਪਰਚੇ ਪੜ੍ਹੇ ਹਨ। ਕਈ ਕੌਮਾਂਤਰੀ ਪ੍ਰਾਜੈਕਟਾਂ ‘ਚ ਸਲਾਹ ਦੇਣ ਵਾਲੇ ਡਾਕਟਰ ਸੁਨੀਲ ਕੁਮਾਰ ਹੁਣ ਤਕ ਪੀਐਚਡੀ ਦੇ 10 ਵਿਦਿਆਰਥੀਆਂ ਦੇ ਗਾਈਡ ਬਣ ਚੁੱਕੇ ਹਨ।
ਮੁਲਕ ਦੀ ਮਿੱਟੀ ਨਾਲ ਮੋਹ
ਭਾਰਤ ‘ਚ ਢੁਕਵੀਂ ਨੌਕਰੀ ਨਾ ਮਿਲਣ ਕਾਰਨ ਡਾਕਟਰ ਸੁਨੀਲ ਕੁਮਾਰ ਸਾਲ 2013 ‘ਚ ਦੱਖਣੀ ਕੋਰੀਆ ਚਲੇ ਗਏ ਸਨ। ਉਨ੍ਹਾਂ ਕਿਹਾ,”ਮੈਂ ਆਪਣੀ ਸਰਜ਼ਮੀਨ ‘ਤੇ ਪਰਤਣ ਦੀ ਪੂਰੀ ਵਾਹ ਲਾਈ। ਮੈਂ ਮੁਲਕ ‘ਚ ਸਸਤੀ ਦਰਾਂ ‘ਤੇ ਬਿਜਲੀ ਪੈਦਾਵਾਰ ‘ਚ ਸਹਿਯੋਗ ਕਰਨਾ ਚਾਹੁੰਦਾ ਹਾਂ ਪਰ ਇੰਜ ਜਾਪਦਾ ਹੈ ਕਿ ਭਾਰਤ ‘ਚ ਕਿਸੇ ਨੂੰ ਵੀ ਕੋਈ ਦਿਲਚਸਪੀ ਨਹੀਂ ਹੈ। ਮੈਂ ਭਾਰਤ ‘ਚ ਖੋਜ ਕਰਨਾ ਚਾਹੁੰਦਾ ਹਾਂ ਪਰ ਸਰਕਾਰ ਅਜਿਹਾ ਮਾਹੌਲ ਨਹੀਂ ਦਿੰਦੀ।” ਉਨ੍ਹਾਂ ਕਿਹਾ ਕਿ ਪ੍ਰਾਈਵੇਟ ਅਦਾਰੇ ਵੀ ਖੋਜ ਦੇ ਨਾਲ ਮੈਨੇਜਮੈਂਟ ਵਰਗੀਆਂ ਨੌਕਰੀਆਂ ਦੀ ਪੇਸ਼ਕਸ਼ ਕਰਦੇ ਹਨ ਜਿਸ ਕਾਰਨ ਇਹ ਕੋਈ ਹੱਲਾਸ਼ੇਰੀ ਵਾਲਾ ਦ੍ਰਿਸ਼ ਨਹੀ ਹੈ।
Comments (0)