ਬਾਬਾ ਰਾਮਦੇਵ ਮਜ਼ਦੂਰਾਂ ਕੋਲੋਂ ਕਾਨੂੰਨੀ ਜੰਗ ਹਾਰਿਆ

ਬਾਬਾ ਰਾਮਦੇਵ ਮਜ਼ਦੂਰਾਂ ਕੋਲੋਂ ਕਾਨੂੰਨੀ ਜੰਗ ਹਾਰਿਆ

ਰਾਮਦੇਵ ਵੱਲੋਂ ਦਿੱਤੇ ਇਸ਼ਤਿਹਾਰਾਂ ਕਾਰਨ ਭਾਰਤੀ ਮੀਡੀਆ ਖ਼ਬਰ ਲੁਕਾ ਗਿਆ

ਵਿਦੇਸ਼ੀ ਕੰਪਨੀਆਂ ਨੂੰ ਲੁਟੇਰਾ ਕਹਿਣ ਵਾਲੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਵਿਦੇਸ਼ੀ ਕੰਪਨੀਆਂ ਨਾਲ ਮਿਲਾਇਆ ਹੱਥ ਕਈ ਵਿਵਾਦਾਂ ‘ਚ ਘਿਰਿਆ ਰਿਹਾ ਬਾਬਾ ਰਾਮਦੇਵ ਤੇ ਉਸ ਦੇ ਗੁਰੂ ਨੂੰ ਹਾਲੇ ਤੱਕ ਸੀਬੀਆਈ ਨਾ ਲੱਭ ਸਕੀ

9 ਜਨਵਰੀ ਨੂੰ ਉੱਤਰਾਖੰਡ ਹਾਈ ਕੋਰਟ ਨੇ ਬਾਬਾ ਰਾਮ ਦੇਵ ਦੀ ਦਿਵਯ ਯੋਗ ਫਾਰਮੈਸੀ ਦੇ ਕਾਲੇ ਕਾਰਨਾਮਿਆਂ ਦੇ ਖ਼ਿਲਾਫ਼ ਫੈਸਲਾ ਸੁਣਾਇਆ ਤੇ ਇਸ ਦੀ ਜਾਣਕਾਰੀ ਭਾਰਤੀ ਚੈਨਲਾਂ ਤੇ ਅਖਬਾਰਾਂ ਨੇ ਰੋਕ ਲਈ। ਇਹ ਸਭ ਬਾਬਾ ਰਾਮਦੇਵ ਵੱਲੋਂ ਮੀਡੀਆ ਨੂੰ ਦਿੱਤੇ ਇਸ਼ਤਿਹਾਰਾਂ ਦੀ ਕਰਾਮਾਤ ਸੀ। ਯਾਦ ਰਹੇ ਕਿ 13 ਸਾਲ ਪਹਿਲਾਂ ਰਾਮਦੇਵ ਦੀ ਦਿਵਯ ਫਾਰਮੈਸੀ ਦੀਆਂ ਦਵਾਈਆਂ ਵਿਚ ਮਨੁੱਖ ਦੀਆਂ ਹੱਡੀਆਂ ਮਿਲਾਉਣ ਦਾ ਮਾਮਲਾ ਸੰਸਦ ਵਿਚ ਵੀ ਉੱਠਿਆ ਸੀ ਤੇ ਮੀਡੀਆ ਵਿਚ ਵੀ ਇਸ ਦੀ ਕਾਫੀ ਚਰਚਾ ਹੋਈ ਸੀ। 2005 ਦੌਰਾਨ ਦਿਵਯ ਯੋਗ ਫਾਰਮੈਸੀ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਦਵਾਈਆਂ ਵਿਚ ਮਨੁੱਖੀ ਅੰਗ ਮਿਲਾਉਣ ਦਾ ਸ਼ੱਕ ਉਦੋਂ ਹੋਇਆ ਜਦੋਂ ਇੱਕ ਉਂਗਲੀ ਦੀ ਹੱਡੀ ਵਿਚ ਅੰਗੂਠੀ ਪਾਈ ਗਈ। ਇਸ ਤੋਂ ਜ਼ਾਹਿਰ ਸੀ ਕਿ ਉਹ ਹੱਡੀ ਕਿਸੇ ਮਨੁੱਖ ਦੀ ਸੀ।
ਇਸ ‘ਤੇ ਮਜ਼ਦੂਰ ਭੜਕ ਗਏ ਤੇ ਹੱਡੀ ਦਾ ਚੂਰਾ ਮਿਲਾਏ ਜਾਣ ਦੀ ਗੱਲ ਬਾਹਰ ਆ ਗਈ। ਦਿਵਯ ਯੋਗ ਫਾਰਮੈਸੀ ਦੇ ਮਜ਼ਦੂਰਾਂ ਨੇ ਆਪਣੇ ਸ਼ੋਸ਼ਣ ਦੇ ਨਾਲ ਦਵਾਈਆਂ ਵਿਚ ਜਾਨਵਰਾਂ ਦੀਆਂ ਹੱਡੀਆਂ ਦੇ ਚੂਰੇ ਦੇ ਨਾਲ ਮਨੁੱਖੀ ਅੰਗਾਂ ਨੂੰ ਮਿਲਾਉਣ ਦਾ ਦੋਸ਼ ਲਗਾਇਆ ਸੀ। ਉਸ ਵਕਤ ਮਜ਼ਦੂਰਾਂ ਦੀ ਲੜਾਈ ਵਿਚ ਵਰਿੰਦਾ ਕਰਾਤ ਨੇ ਸਮੱਰਥਨ ਤੇ ਸਾਥ ਦਿੱਤਾ ਸੀ। ਅੰਦੋਲਨ ਵੀ ਹੋਇਆ, ਕਿਉਂਕਿ 93 ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਬਾਅਦ ਵਿਚ 21 ਮਈ 2005 ਨੂੰ ਹਰਿਦੁਆਰ ਦੇ ਮਜ਼ਦੂਰ ਕਮਿਸ਼ਨ ਨੇ ਕੰਪਨੀ ਪ੍ਰਬੰਧਕ ਤੇ ਮਜ਼ਦੂਰਾਂ ਵਿਚ ਸਮਝੌਤਾ ਕਰਵਾ ਦਿੱਤਾ। ਸਮਝੌਤੇ ਦੇ ਤਹਿਤ ਜਦੋਂ ਦੂਜੇ ਦਿਨ ਮਜ਼ਦੂਰ ਸਵੇਰੇ ਕੰਮ ‘ਤੇ ਗਏ, ਤਾਂ ਉਨ੍ਹਾਂ ਨੂੰ ਗੇਟ ਤੋਂ ਵਾਪਸ ਭਜਾ ਦਿੱਤਾ ਗਿਆ। ਮਜ਼ਦੂਰ ਨੇ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਤੱਕ ਮਜ਼ਦੂਰਾਂ ਨੇ ਇਹ ਲੜਾਈ ਸੀਟੂ ਦੀ ਅਗਵਾਈ ਵਿਚ ਲੜੀ ਤੇ ਹਾਈ ਕੋਰਟ ਨੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਦਿਵਯ ਯੋਗ ਫਾਰਮੈਸੀ ਨੂੰ ਹੁਕਮ ਦਿੱਤਾ ਹੈ ਕਿ ਉਹ 93 ਮਜ਼ਦੂਰਾਂ ਨੂੰ ਵਾਪਸ ਕੰਮ ‘ਤੇ ਰੱਖੇ ਤੇ 2005 ਤੋਂ 13 ਸਾਲ ਦੀ ਤਨਖ਼ਾਹ ਵੀ ਦੇਵੇ ਜੋ 14.50 ਕਰੋੜ ਹੁੰਦਾ ਹੈ। ਮਜ਼ਦੂਰਾਂ ਦੀ ਇਹ ਇੱਕ ਵੱਡੀ ਜਿੱਤ ਹੈ। ਮਜ਼ਦੂਰਾਂ ਦੀ ਜਿੱਤ ਦੀ ਇਹ ਵੱਡੀ ਖ਼ਬਰ ਭਾਰਤੀ ਮੀਡੀਏ ਨੇ ਗਾਇਬ ਹੀ ਕਰ ਦਿੱਤੀ।

ਕੌਣ ਹੈ ਬਾਬਾ ਰਾਮਦੇਵ
ਭਾਰਤ ਸਰਕਾਰ ਉੱਪਰ ਕਾਲੇ ਧਨ ਤੇ ਭ੍ਰਿਸ਼ਟਾਚਾਰ ਤੇ ਵੱਡੇ ਕਦਮ ਉਠਾਉਣ ਦਾ ਦਬਾਅ ਬਣਾ ਕੇ ਭੁੱਖ ਹੜਤਾਲ ਦਾ ਡਰਾਮਾ ਰਚਣ ਵਾਲੇ ਸਵਾਮੀ ਰਾਮਦੇਵ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਬਹਾਨੇ ਮੀਡੀਆ ਦੀਆਂ ਸੁਰਖੀਆਂ ਬਣਦੇ ਰਹੇ ਹਨ। ਆਪਣੀ ਗੱਲ ਕਹਿਣ ਦੇ ਲਈ ਉਨ੍ਹਾਂ ਕੋਲ ਕਈ ਮਾਧਿਅਮ ਹਨ, ਯੋਗ ਕੈਂਪ, ਉਨ੍ਹਾਂ ਦੇ ਡੀਵੀਡੀ ਕੈਸਿਟ, ਕਿਤਾਬਾਂ, ਇੰਟਰਨੈੱਟ ਤੇ ਵੀਡੀਓ ਅਤੇ ਸ਼ਾਇਦ ਇਸ ਤੋਂ ਵੀ ਵੱਡਾ ਪ੍ਰਭਾਵਸ਼ਾਲੀ ਮਾਧਿਅਮ ਟੀਵੀ ਚੈਨਲ। ਸਵੇਰੇ ਤੜਕੇ ਤੁਸੀਂ ਕੋਈ ਵੀ ਚੈਨਲ ਦੇਖੋ ਭਗਵੇਂ ਕੱਪੜੇ ਪਾ ਕੇ ਯੋਗ ਸਿੱਖਿਆ ਦਿੰਦੇ ਹੋਏ ਸਵਾਮੀ ਰਾਮਦੇਵ ਦਾ ਸਿੱਧਾ ਜਾਂ ਰਿਕਾਰਡਿੰਗ ਪ੍ਰਸਾਰਣ ਤੁਹਾਨੂੰ ਕਿਸੇ ਵੀ ਚੈਨਲ ‘ਤੇ ਮਿਲ ਜਾਵੇਗਾ। ਬਾਬਾ ਰਾਮਦੇਵ ਦਾ ਦਾਅਵਾ ਹੈ ਕਿ ਦੁਨੀਆਂ ਭਰ ਵਿਚ ਇੱਕ ਅਰਬ ਤੋਂ ਜ਼ਿਆਦਾ ਲੋਕ ਉਨ੍ਹਾਂ ਦੇ ਯੋਗ ਪ੍ਰੋਗਰਾਮਾਂ ਨੂੰ ਦੇਖਦੇ ਹਨ। ਜ਼ਾਹਿਰ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਹਿੰਦੀ, ਅੰਗਰੇਜ਼ੀ, ਤਾਮਿਲ ਤੇ ਤੇਲਗੂ ਭਾਸ਼ਾ ਵਿਚ 22 ਭਾਰਤੀ ਟੀਵੀ ਚੈਨਲਾਂ ਦੇ ਰਾਹੀਂ ਦੁਨੀਆਂ ਭਰ ਦੇ ਘਰ-ਘਰ ਵਿਚ ਪਹੁੰਚ ਗਏ ਹਨ। ਪਿਛਲੇ ਇਕ ਦਹਾਕੇ ਵਿਚ ਭਾਰਤ ਤੇ ਵਿਸ਼ਵ ਵਿਚ ਯੋਗ ਨੂੰ ਪ੍ਰਚਾਰ ਕਰਨ ਦਾ ਸਿਹਰਾ ਸਵਾਮੀ ਰਾਮਦੇਵ ਨੂੰ ਹੀ ਜਾਂਦਾ ਹੈ।

ਯੋਗ ਸਿੱਖਿਆ ਦਾ ਵਪਾਰ
ਰਾਮਦੇਵ ਨੂੰ ਇੱਕ ਸਾਧ ਨਾਲੋਂ ਸਫ਼ਲ ਕਾਰਪੋਰੇਟ ਵਪਾਰੀ ਹੀ ਮੰਨਿਆ ਜਾਂਦਾ ਹੈ। ਯੋਗ ਸਿੱਖਿਆ ਦੇ ਪ੍ਰਚਾਰ ਪਸਾਰ ਦੇ ਲਈ ਬਣਾਇਆ ਗਿਆ ਉਸ ਦਾ ਪਤੰਜਲੀ ਯੋਗ ਪੀਠ ਦੁਨੀਆਂ ਵਿਚ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਰਾਮਦੇਵ ਦਾ ਦਾਅਵਾ ਹੈ ਕਿ ਯੋਗ ਤੇ ਉਸ ਦੀਆਂ ਦਵਾਈਆਂ ਨਾਲ ਜ਼ਿਆਦਾਤਰ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਉਸ ਨੇ ਹਰਿਦੁਆਰ ਵਿਚ ਦਿਵਯ ਫਾਰਮੈਸੀ ਨਾਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਦਵਾਈਆਂ ਦੀ ਫੈਕਟਰੀ ਵੀ ਲਗਾਈ ਹੋਈ ਹੈ। ਇੱਥੇ ਦਵਾਈਆਂ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਬਣਾਈਆਂ ਗਈਆਂ ਖਾਣ ਪੀਣ ਦੀਆਂ ਚੀਜ਼ਾਂ ਆਟਾ, ਬੇਸਨ, ਜੈਮ, ਪਿਸਤਾ, ਦਲੀਆ, ਜੂਸ, ਤੇਲ, ਬਿਸਕੁਟ ਤੇ ਸ਼ਰਬਤ ਆਦਿ ਵੇਚਣ ਦਾ ਦਾਅਵਾ ਕੀਤਾ ਜਾਂਦਾ ਹੈ। ਹਰਿਦੁਆਰ ਵਿਚ ਆਪਣਾ ਆਸ਼ਰਮ ਬਣਾਉਣ ਵਾਲੇ ਰਾਮਦੇਵ ਦਾ ਜਨਮ 26 ਦਸੰਬਰ 1965 ਦੌਰਾਨ ਇੱਕ ਪਿੰਡ ਸਈਅਦ ਅਲੀਪੁਰ, ਮਹਿੰਦਰ ਗੜ੍ਹ, ਹਰਿਆਣਾ ਵਿਚ ਹੋਇਆ। ਬਚਪਨ ਵਿਚ ਉਸ ਦਾ ਨਾਂ ਰਾਮਕਿਸ਼ਨ ਰਾਮ ਨਿਵਾਸ ਯਾਦਵ ਸੀ। ਸਕੂਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਸੰਸਕ੍ਰਿਤ ਤੇ ਯੋਗ ਸਿੱਖਿਆ ਵਿਚ ਅਗਲੇਰੀ ਪੜ੍ਹਾਈ ਕੀਤੀ। ਦੱਸਿਆ ਜਾਂਦਾ ਹੈ ਕਿ ਸ਼ੁਰੂਆਤ ਵਿਚ ਉਨ੍ਹਾਂ ਨੇ ਕਈ ਗੁਰੁਕੁਲਾਂ ਵਿਚ ਯੋਗ ਸਿਖਾਇਆ। ਹੁਣ ਸਕਾਟਲੈਂਡ ਦਾ ਇੱਕ ਦੀਪ ਉਨ੍ਹਾਂ ਦੇ ਟਰੱਸਟ ਦੇ ਨਾਂ ‘ਤੇ ਹੈ। ਉਹ ਬ੍ਰਿਟੇਨ, ਅਮਰੀਕਾ, ਜਪਾਨ, ਚੀਨ, ਵੀਅਤਨਾਮ ਤੇ ਸੀਰੀਆ ਵਰਗੇ ਦੇਸਾਂ ਦਾ ਦੌਰਾ ਵੀ ਕਰ ਚੁੱਕੇ ਹਨ।

ਕਈ ਵਿਵਾਦਾਂ ਵਿਚ ਘਿਰੇ ਰਾਮਦੇਵ
ਬਾਬਾ ਰਾਮਦੇਵ ਕਈ ਵਿਵਾਦਾਂ ਵਿਚ ਘਿਰੇ ਹੋਏ ਹਨ ਪਰ ਉਨ੍ਹਾਂ ਦੇ ਗੁਰੂ ਦੀ ਗੁੰਮਸ਼ੁਦਗੀ 16 ਜੁਲਾਈ 2007 ਦਾ ਮਾਮਲਾ ਸਭ ਤੋਂ ਹੈਰਾਨੀਜਨਕ ਹੈ। ਤਕਰੀਬਨ ਕਾਫੀ ਸਾਲ ਪਹਿਲਾਂ ਰਾਮਦੇਵ ਦੇ ਗੁਰੂ ਸ਼ੰਕਰਦੇਵ ਆਪਣੇ ਆਸ਼ਰਮ ਤੋਂ ਗਾਇਬ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਗੁੰਮਸ਼ੁਦਗੀ ਦੇ ਬਾਅਦ ਬਾਬਾ ਰਾਮਦੇਵ ਨੇ ਉਨ੍ਹਾਂ ਦੇ ਟਰੱਸਟ ਦਿਵਯ ਯੋਗ ਮੰਦਰ ਦਾ ਪ੍ਰਬੰਧ ਸੰਭਾਲ ਲਿਆ ਸੀ। ਮੀਡੀਆ ਵਿਚ ਕਈ ਲੋਕਾਂ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਸ ਪਿੱਛੇ ਬਾਬਾ ਰਾਮਦੇਵ ਦੀ ਸਾਜ਼ਿਸ਼ ਹੈ। ਬਾਬਾ ਰਾਮਦੇਵ ਨੇ ਹਮੇਸ਼ਾਂ ਆਪਣੇ ਵਿਰੋਧੀਆਂ ਦੇ ਬਿਆਨਾਂ ਦਾ ਖੰਡਨ ਕੀਤਾ ਹੈ। ਮਾਮਲਾ 2012 ਤੋਂ ਸੀਬੀਆਈ ਦੇ ਹਵਾਲੇ ਹੈ, ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਏਨੀ ਗੱਲ ਜ਼ਰੂਰ ਹੈ ਕਿ ਸੀ. ਬੀ. ਆਈ. ਨੇ ਧਾਰਾ 365 ਦੇ ਤਹਿਤ ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ।

ਵਿਦੇਸ਼ੀ ਕੰਪਨੀਆਂ ਨਾਲ ਸਮਝੌਤਾ
ਭਾਰਤ ਵਿਚ ਵਿਦੇਸ਼ੀ ਕੰਪਨੀਆਂ ਦੇ ਪ੍ਰਵੇਸ਼ ਦਾ ਵਿਰੋਧ ਕਰਨ ਵਾਲੇ ਬਾਬਾ ਰਾਮਦੇਵ ਨੇ ਆਪਣੀ ਕੰਪਨੀ ਦਾ ਨਾਂ ਵਧਾਉਣ ਦੇ ਲਈ ਹੁਣ ਉਨ੍ਹਾਂ ਦੇ ਨਾਲ ਹੱਥ ਮਿਲਾਉਣ ਦਾ ਫ਼ੈਸਲਾ ਕਰ ਲਿਆ ਹੈ। ਦਿੱਲੀ ਦੀ ਇੱਕ ਪ੍ਰੈੱਸ ਕਾਨਫਰੰਸ ਵਿਚ ਪਤੰਜਲੀ ਨੇ ਐਮਾਜੋਨ, ਪੇਟੀਐੱਮ, ਬਿਗ ਬਾਸਕਟ ਤੇ ਗਰੋਫਰਸ ਵਰਗੀਆਂ ਈ ਵਪਾਰਕ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਹਨ। ਇਸ ਮੌਕੇ ਰਾਮਦੇਵ ਤੇ ਉਸ ਦੇ ਸਹਿਯੋਗੀ ਤੇ ਪਤੰਜਲੀ ਆਯੂਰਵੈਦਿਕ ਦੇ ਪ੍ਰਬੰਧਕ ਤੇ ਡਾਇਰੈਕਟਰ ਨੇ ਨਾ ਕੇਵਲ ਪ੍ਰੋਗਰਾਮ ਦੇ ਪ੍ਰਬੰਧ ‘ਤੇ ਨਿਗਰਾਨੀ ਰੱਖੀ, ਬਲਕਿ ਆਪਣੀ ਰਣਨੀਤੀ ਵਿਚ ਤਬਦੀਲੀ ਦਾ ਵੀ ਸੰਕੇਤ ਦਿੱਤਾ। ਇੱਕ ਸਮਾਂ ਸੀ ਜਦ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦਾ ਹਿੱਸਾ ਰਹੇ ਬਾਬਾ ਰਾਮਦੇਵ ਸਵੇਰੇ-ਸਵੇਰੇ ਟੀਵੀ ‘ਤੇ ਯੋਗ ਸਿਖਾਉਣ ਤੋਂ ਲੈ ਕੇ ਰੈਲੀਆਂ ਤੇ ਭਾਸ਼ਣਾਂ ਖ਼ਿਲਾਫ਼ ਝੰਡਾ ਬੁਲੰਦ ਕਰਦੇ ਸਨ। ਬਾਬਾ ਰਾਮਦੇਵ ਕਹਿੰਦੇ ਰਹੇ ਕਿ ਬਹੁਰਾਸ਼ਟਰੀ ਕੰਪਨੀਆਂ ਦੇਸ ਵਿਚ ਦੋਵਾਂ ਹੱਥਾਂ ਨਾਲ ਰਕਮ ਲੁੱਟ ਰਹੀਆਂ ਹਨ, ਪਰ ਹੁਣ ਆਪਣੀ ਕੰਪਨੀ ਪਤੰਜਲੀ ਦੁਆਰਾ ਹੀ ਉਹ ਉਨ੍ਹਾਂ ਵਿਦੇਸ਼ੀ ਕੰਪਨੀਆਂ ਦੀ ਆਮਦਨ ਵਧਾਉਣਾ ਚਾਹੁੰਦੇ ਹਨ। ਆਯੂਰਵੈਦਿਕ ਉਤਪਾਦਾਂ ਦੀ ਵਿਕਰੀ ਵਿਚ ਆਨਲਾਈਨ ਮਾਧਿਅਮ ਕਾਰੋਬਾਰ ਦੀ ਹਿੱਸੇਦਾਰੀ ਅਜੇ ਕੇਵਲ ਇਸ ਸਮੇਂ ਸਿਰਫ਼ ਪੰਜ ਪ੍ਰਤੀਸ਼ਤ ਹੈ ਪਰ ਹੁਣ ਪਤੰਜਲੀ ਨਾਲ ਹੱਥ ਮਿਲਾਉਣ ਤੋਂ ਬਾਅਦ 2021 ਤੱਕ ਇਸ ਤੋਂ ਵੱਧ ਕੇ 40 ਪ੍ਰਤੀਸ਼ਤ ਤੱਕ ਹੋਣ ਦੀ ਆਸ ਹੈ। ਕਹਿਣ ਤੋਂ ਭਾਵ ਆਨਲਾਈਨ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਦੇ ਕੋਲ ਕੰਮ ਦੀ ਕਮੀ ਨਹੀਂ ਹੋਵੇਗੀ ਤੇ ਉਹ ਕਰੋੜਾਂ ਦਾ ਲਾਭ ਕਮਾਉਣਗੀਆਂ।