ਵਰ੍ਹਿਆਂ ਤੋਂ ਅਸਹਿ ਪੀੜ ਝੱਲ ਰਹੇ ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਇਨਸਾਫ਼ ਮਾਰਚ

ਵਰ੍ਹਿਆਂ ਤੋਂ ਅਸਹਿ ਪੀੜ ਝੱਲ ਰਹੇ ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਇਨਸਾਫ਼ ਮਾਰਚ

ਇਨਸਾਫ਼ ਮਾਰਚ ਦੌਰਾਨ ਨਾਅਰੇਬਾਜ਼ੀ ਕਰਦੇ ਦੰਗਾ ਪੀੜਤ ਪਰਿਵਾਰ।
ਲੁਧਿਆਣਾ/ਬਿਊਰੋ ਨਿਊਜ਼:
ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਸੈਂਕੜੇ ਵਰਕਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਰਤ ਨਗਰ ਚੌਂਕ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਇਨਸਾਫ਼ ਮਾਰਚ ਕੀਤਾ ਅਤੇ ਦਫ਼ਤਰ ਬਾਹਰ ਧਰਨਾ ਦੇ ਕੇ ਪ੍ਰਧਾਨ ਮੰਤਰੀ ਲਈ ਡੀ. ਸੀ. ਨੂੰ ਮੰਗ ਪੱਤਰ ਸੌਂਪਿਆ।
ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਮਹਿਲਾ ਵਿੰਗ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ ਹੇਠ ਕੀਤੇ ਗਏ ਮਾਰਚ ਦੌਰਾਨ ਵਰਕਰਾਂ ਨੇ ਕਾਂਗਰਸ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਦਕਿ ਮਹਿਲਾ ਵਰਕਰਾਂ ਨੇ ਦੋਹਾਂ ਪਾਰਟੀਆਂ ਦਾ ਪਿੱਟ-ਸਿਆਪਾ ਕੀਤਾ। ਇਸ ਸਮੇਂ ਪੀੜਤਾਂ ਨੇ ਇਨਸਾਫ਼ ਪ੍ਰਾਪਤੀ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਦੁੱਗਰੀ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ 33 ਸਾਲ ਬੀਤ ਜਾਣ ਦੇ ਬਾਵਜ਼ੂਦ ਵੀ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਸੱਤਾ ‘ਤੇ ਕਾਬਜ਼ ਰਹੀਆਂ ਵੱਖ ਵੱਖ ਕੇਂਦਰ ਸਰਕਾਰਾਂ ਵੱਲੋਂ 11 ਕਮਿਸ਼ਨ ਕਾਇਮ ਕੀਤੇ ਜਾ ਚੁੱਕੇ ਹਨ ਪਰ ਇਕ ਵੀ ਕਮਿਸ਼ਨ ਦੀ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਮੁਲਜ਼ਮ ਖੁਲ੍ਹੇਆਮ ਘੁੰਮ ਰਹੇ ਰਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਗਠਿਤ ਜਾਂਚ ਕਮੇਟੀ ਦੇ ਕੰਮਕਾਜ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨਾਂ ਕਿਹਾ ਕਿ ਕਤਲੇਆਮ ਤੋਂ ਬਾਦ ਉਜੜ ਕੇ ਪੰਜਾਬ ਆਏ 25000 ਦੇ ਕਰੀਬ ਪਰਿਵਾਰਾਂ ਨੂੰ ਮੁੜ ਵਸੇਬੇ ਲਈ 5-5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਉਨ੍ਹਾਂ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਦੇਣ ਅਤੇ ਰਹਿਣ ਲਈ ਮਕਾਨ ਦੇਣ ਦੀ ਮੰਗ ਵੀ ਕੀਤੀ।
ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਉਜੜ ਕੇ ਆਏ ਸੈਂਕੜੇ ਪਰਿਵਾਰਾਂ ਦੇ ਹਾਲੇ ਤੱਕ ਲਾਲ ਕਾਰਡ ਨਹੀਂ ਬਣੇ ਜਦਕਿ ਉਨ੍ਹਾਂ ਨੂੰ ਦਰਖ਼ਾਸਤਾਂ ਦਿੱਤਿਆਂ ਵੀ ਲੰਬਾ ਸਮਾਂ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪੀੜਤਾਂ ਦੇ ਵੀ ਲਾਲ ਕਾਰਡ ਬਣਾ ਕੇ ਫ਼ੌਰਨ ਐਲਾਨੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਸਮੇਂ ਗੁਰਦੇਵ ਸਿੰਘ ਚੇਅਰਮੈਨ, ਜਗੀਰ ਸਿੰਘ ਗੁਰਦਾਸਪੁਰ, ਹਰਨੇਕ ਸਿੰਘ ਮੋਹਾਲੀ, ਰਤਨ ਸਿੰਘ ਤਰਨਤਾਰਨ ਅਤੇ ਬੀਬੀ ਹਰਬੰਸ ਕੌਰ ਹਾਜ਼ਰ ਸਨ।