ਜੱਗ ਦੀਆਂ ਮਿੱਥਾਂ ਤੋੜਦਾ ਜਗ ਮੀਤ

ਜੱਗ ਦੀਆਂ ਮਿੱਥਾਂ ਤੋੜਦਾ ਜਗ ਮੀਤ

ਕਨੇਡਾ ਦੇ ਸਿੱਖ ਨੌਜਵਾਨ ਆਗੂ ਦੀ ਰਾਜਸੀ ਖੇਤਰ ‘ਚ ਸਿਖ਼ਰਾਂ ਛੋਹਣ ਵਲ ਪੁਲਾਂਘ
ਹਰਕਮਲ ਸਿੰਘ ਬਾਠ, ਮੈਲਬਰਨ

ਜਗਮੀਤ ਸਿੰਘ , ਸ਼ਾਇਦ ਹੀ ਕੋਈ ਅਜਿਹਾ ਸਿੱਖ ਜਾਂ ਪੰਜਾਬੀ ਹੋਵੇ ਜੋ ਇਸ ਨਾਮ ਨਾਲ ਜਾਣੂ ਨਾ ਹੋਵੇ। ਪਿਛਲੇ ਦਿਨੀ ਕੁਲ ਦੁਨੀਆਂ ਵਿੱਚ ਵਸਦੇ ਸਿੱਖਾਂ ਵਿੱਚ ਜੋ ਨਾਮ ਜੋ ਸੱਭ ਤੋਂ ਵਧ ਖੁਸ਼ੀ ਨਾਲ ਲਿਆ ਜਾ ਰਿਹਾ ਸੀ ਉਹ ਸ਼ਾਇਦ ਜਗਮੀਤ ਸਿੰਘ ਦਾ ਹੀ ਸੀ , ਖੁਸ਼ੀ ਸੁਭਾਵਿਕ ਸੀ ਕਿਉਕਿ ਲੰੰਮੇ ਸਮੇਂ ਤੋਂ ਸਿਆਸੀ ਤਾਕਤ ਤੋਂ ਮਹਿਰੂਮ ਕਿਸੇ ਕੌਮ ਦਾ ਜੇਕਰ ਕੋਈ ਨੌਜਵਾਨ ਕਿਸੇ ਸਿਆਸੀ ਪਾਰਟੀ ਉਹ ਵੀ ਕੈਨੇਡਾ ਵਰਗੇ ਵਿਕਸਿਤ ਮੁਲਕ ਦੀ ਸਿਆਸੀ ਪਾਰਟੀ ਦਾ ਲੀਡਰ ਬਣਦਾ ਹੈ ਤਾਂ ਖੁਸ਼ੀ ਦੀ ਤਰੰਗ ਆਪ ਮੁਹਾਰੇ ਦੌੜਦੀ ਹੈ। ਸਿਆਸੀ ਤਾਕਤ ਤੋਂ ਹੀਣੀ ਸਿੱਖ ਕੌਮ ਦੇ ਤਕਰੀਬਨ ਹਰ ਸਿਆਸੀ ਵਿਅਕਤੀ ਵਿਸ਼ੇਸ਼ ਚਾਹੇ ਉਹ ਹਿੰਦੋਸਤਾਨੀ ਖਿੱਤੇ ਜਾਂ ਫੇਰ ਪਛਮੀ ਮੁਲਕ ਦੀ ਸਿਆਸਤ ਵਿੱਚ ਵਿਚਰ ਰਿਹਾ ਹੋਵੇ ਵਲੋੰ ਉਸਦੀ ਇਸ ਪ੍ਰਾਪਤੀ ਦੀ ਦਿਲੋਂ ਸ਼ਲਾਘਾ ਕੀਤੀ ਗਈ। ਕਈਆਂ ਨੇ ਮੀਡੀਆ ਦੇ ਸਾਹਮਣੇ ਆ ਕੇ ਕੀਤੀ, ਕਈਆਂ ਨੇ ਆਪਣੇ ਘਰ ਦੀ ਕਮਰਿਆਂ ਵਿੱਚ ਹੀ ਕੀਤੀ, ਪਰ ਕੀਤੀ ਸਭ ਨੇ। ਇਸ ਵੱਡਾ ਕਾਰਨ ਇਹ ਸੀ ਕਿ ਸਿੱਖ ਭਾਵੇਂ ਦੁਨਿਆਵੀ ਤੌਰ ਤੇ ਕਿਤੇ ਵੀ ਵਿਚਰ ਰਿਹਾ ਹੈ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਸਥਾ ਵਿੱਚ ਵਿਚਰ ਰਿਹਾ ਹੈ ਉਹ ਕਿਤੇ ਨਾ ਕਿਤੇ ਇਹ ਜਰੂਰ ਮਹਿਸੂਸ ਕਰਦਾ ਹੈ ਕਿ ਉਸਦੀ ਕੌਮ ਸਿਆਸੀ ਤਾਕਤ ਤੋਂ ਮਹਿਰੂਮ ਹੈ। ਕਈ ਵਾਰੀ ਓਪਰੇ ਤੌਰ ਤੇ ਦੇਖਣ ਨੂੰ ਸਾਨੂੰ ਲਗਦਾ ਹੈ ਕਿ ਸਿੱਖਾਂ ਦੀ ਸਿਆਸੀ ਪ੍ਰਭੂਸੱਤਾ ਦੇ ਹਮਾਇਤੀ ਉਹੀ ਲੋਕ ਹਨ ਜੋ ਹਰ ਰੋਜ ਨੰਗੇ ਧੜ ਉੱਚੀ ਬੋਲ ਕੇ ਲੜ ਰਹੇ ਹਨ ਪਰ ਹਕੀਕੀ ਤੌਰ ਤੇ ਅਜਿਹਾ ਨਹੀਂ ਹੈ। ਹਰ ਗੈਰਤਮੰਦ ਸਿੱਖ ਸਿਆਸੀ ਪ੍ਰਭੂਸੱਤਾ ਲੋਚਦਾ ਹੈ ਫਰਕ ਸਿਰਫ ਏਨਾ ਹੈ ਕਿ ਲੜਨ ਮਰਨ ਦੀ ਇੱਛਾ ਸ਼ਕਤੀ ਮਜਬੂਤ ਨਾ ਹੋਣ ਕਾਰਨ ਉਹਨਾਂ ਵਕਤੀ ਤੌਰ ਤੇ ਸਮਝੌਤੇ ਕੀਤੇ ਹੋਏ ਹਨ।
ਜਗਮੀਤ ਸਿੰਘ ਦੀ ਇਸ ਸਿਆਸੀ ਜਿੱਤ ਦੇ ਵਖ ਵਖ ਪਰਪੇਖਾਂ ਤੇ ਗੱਲ ਕਰਨ ਤੋਂ ਪਹਿਲਾਂ ਇਕ ਨਜਰ ਉਸ ਸਿਆਸੀ ਪਾਰਟੀ ਵੱਲ ਮਾਰ ਲਈਏ ਜਿਸ ਪਾਰਟੀ ਨੇ ਉਹਨਾਂ ਨੂੰ ਆਪਣਾ ਆਗੂ ਚੁਣਿਆ ਹੈ । ਨਿਊ ਡੈਮੋਕਰੇਟਿਕ ਪਾਰਟੀ ਕੈਨੇਡਾ ਦੀਆਂ ਪ੍ਰਮੁੱਖ ਤਿੰਨ ਪਾਰਟੀਆਂ ਵਿੱਚੋਂ ਗਿਣੀ ਜਾਂਦੀ ਹੈ, ਇਸਦੀ ਸਥਾਪਨਾ ਸੰਨ 1961 ਵਿੱਚ ਹੋਈ ਸੀ। ਮੌਜੂਦਾ ਸਮੇਂ ਇਸ ਪਾਰਟੀ ਦੀਆਂ ਕੈਨੇਡਾ ਦੇ ਦੋ ਰਾਜਾਂ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਸਰਕਾਰਾਂ ਹਨ । ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਇਸ ਪਾਰਟੀ ਨੇ ਕੈਨੇਡਾ ਦੇ ਵਖ ਵਖ ਸੂਬਿਆਂ ਵਿੱਚ ਸਰਕਾਰਾਂ ਬਣਾਈਆਂ ਹਨ । ਸਾਲ 2011 ਦੀਆਂ ਫੈਡਰਲ ਚੋਣਾਂ ਵਿੱਚ ਇਹ ਪਾਰਟੀ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਸੀ ਪਰ ਸਾਲ 2015 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਇਸ ਪਾਰਟੀ ਦੇ ਹਿੱਸੇ 338 ਮੈਂਬਰੀ ਹਾਊਸ ਵਿੱਚ 44 ਸੀਟਾਂ ਆਈਆਂ ਸਨ।  ਸੋ ਸਾਲ 2019 ਦੀਆਂ ਚੋਣਾਂ ਵਿੱਚ ਲੀਡੀਰਸ਼ਿਪ ਵਿੱਚ ਹੋਈ ਇਹ ਤਬਦੀਲੀ ਵੋਟਾਂ ਵਿੱਚ ਕੋਈ ਤਬਦੀਲੀ ਕਰ ਸਕਦੀ ਹੈ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਗੋਦ ਵਿੱਚ ਪਿਆ ਹੈ ਪਰ ਜਗਮੀਤ ਸਿੰਘ ਦੀ ਲੀਡਰ ਵੱਜੋਂ ਹੋਈ ਚੋਣ ਨਾਲ ਐਨ ਡੀ ਪੀ ਇਹ ਸ਼ੰਦੇਸ਼ ਦੇਣ ਵਿੱਚ ਜਰੂਰ ਕਾਮਯਾਬ ਹੋਈ ਹੈ ਕਿ ਇਸ ਪਾਰਟੀ ਵਿੱਚ ਹਰ ਇਕ ਧਰਮ ਨਸਲ ਜਾਂ ਰੰਗ ਦੇ ਇਨਸਾਨਾਂ ਲਈ ਬਰਾਬਰ ਦੇ ਮੌਕੇ ਹਨ ਅਤੇ ਸ਼ਾਇਦ ਇਹੀ ਅੱਜ ਦੇ ਅਸਲੀ ਲੋਕਤੰਤਰ ਦਾ ਅਧਾਰ ਹੋਣਾ ਚਾਹੀਦਾ ਹੈ ।
ਜਗਮੀਤ ਸਿੰਘ ਦੀ ਇਸ ਲੀਡਰਸ਼ਿਪ ਦੇ ਸਿੱਖ ਭਾਈਚਾਰੇ ਵਿੱਚ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਕੈਨੇਡਾ ਪੱਧਰ ਤੇਂ ਤਾਂ ਇਸਨੂੰ ਵੋਟ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਪਰ ਜੇਕਰ ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਉਪਰ ਇਸਦੇ ਪ੍ਰਭਾਵ ਵੋਟ ਰਾਜਫ਼ਿਨੀਤੀ ਤੋਂ ਕਿਤੇ ਅੱਗੇ ਪਏ ਹਨ ਅਤੇ ਭਵਿੱਖ ਵਿਚ ਪੈਣਗੇ ਵੀ ਨਾ ਸਿਰਫ ਰਾਜਨਿਤਕ ਖੇਤਰ ਬਲਕਿ ਸਮਾਜਿਕ ਖੇਤਰ ਵਿੱਚ ਵੀ । ਜਗਮੀਤ ਨੇ ਆਪਣੀ ਇਸ ਮੁਹਿੰਮ ਨਾਲ ਕਈ ਸਥਾਪਤ ਭਰਮਾਂ ਨੂੰ ਤੋੜਿਆ ਹੈ । ਸਭ ਤੋਂ ਵੱਡਾ ਭਰਮ ਜੋ ਜਗਮੀਤ ਦੇ ਲੀਡਰ ਬਣਨ ਨਾਲ ਟੁੱਟਿਆ ਹੈ ਉਹ ਪੂਰਨ ਗੁਰਸਿੱਖ ਰੂਪ ਵਿੱਚ ਵਿਚਰ ਕੇ ਪੱਛਮੀ ਸਮਾਜ ਵਿੱਚ ਕਿਸੇ ਵੱਡੇ ਅਹੁਦੇ ਤੇ ਨਾ ਪਹੁੰਚ ਸਕਣ ਦਾ ਹੈ । ਖਾਸ ਤੌਰ ਤੇ ਸਿਆਸਤ ਵਿੱਚ । ਦੂਸਰਾ ਵੱਡਾ ਭਰਮ ਇਹ ਟੁੱਟਿਆ ਹੈ ਕਿ ਸਿੱਖ ਹੱਕਾਂ ਖਾਸ ਤੌਰ ਤੇ ਨੰਬਰ 84 ਦੇ ਕਤਲੇਆਮ ਦੀ ਗੱਲ ਕਰਕੇ ਸਿਆਸਤ ਵਿੱਚ ਅੱਗੇ ਨਹੀਂ ਵੱਧਿਆ ਜਾ ਸਕਦਾ ਇਸਨੂੰ ਨਾ ਸਿਰਫ ਜਗਮੀਤ ਨੇ ਤੋੜਿਆ ਸਗੋਂ ਇਹ ਸਿੱਧ ਕੀਤਾ ਕਿ ਜੇਕਰ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋਗੇ ਤਾਂ ਨਾ ਸਿਰਫ ਤੁਹਾਡਾ ਭਾਈਚਾਰਾ ਬਲਕਿ ਦੂਸਰੇ ਇਨਸਾਫ ਪੰਸਦ ਲੋਕ ਵੀ ਤੁਹਾਡੀ ਹਮਾਇਤ ਅਤੇ ਸਤਿਕਾਰ ਕਰਨਗੇ। ਸਮਾਜਿਕ ਤੌਰ ਤੇ ਜੇਕਰ ਗੱਲ ਕਰੀਏ ਤਾਂ ਅਕਸਰ ਸਿੱਖੀ ਨੂੰ ਬੇਲੋੜੀ ਸਾਦਗੀ ਜਾਂ ਸਾਧਾਰਨ ਕੱਪੜੇ ਪਾਉਣ ਜਾਂ ਦਿੱਖ ਰੱਖਣ ਨਾਲ ਜੋੜਿਆ ਜਾਂਦਾ ਹੈ । ਪਰ ਜਗਮੀਤ ਨੇ ਅੰਮ੍ਰਿਤਧਾਰੀ ਹੁੰਦੇ ਹੋਏ ਬਹੁਤ ਹੀ ਖੂਬਸੂਰਤ ਡਿਜਾਇਨ ਕੀਤੇ ਕਪੜਿਆਂ ਰਾਹੀਂ ਸਮਾਜ ਦੇ ਅੱਗੇ ਸਿੱਖਾਂ ਦੀ ਨਵੀਂ ਦਿੱਖ ਨੂੰ ਪੇਸ਼ ਕੀਤਾ ਹੈ ਜਿਸ ਨਾਲ ਬਿਨਾਂ ਸ਼ੱਕ ਸਿੱਖ ਨੌਜਵਾਨੀ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਇਆ ਹੈ ।
ਇਹ ਹੋਰ ਭਰਮ ਜੋ ਜਗਮੀਤ ਦੀ ਜਿੱਤ ਨਾਲ ਟੁੱਟਿਆ ਹੈ ਉਹ ਇਹ ਹੈ ਕਿ ਸਿੱਖ ਅਕਸਰ ਇੱਕ ਦੂਸਰੇ ਦੀਆਂ ਲੱਤਾਂ ਖਿਚਦੇ ਹਨ ਅਤੇ ਸੰਗਠਤ ਹੋ ਕਿ ਕੋਈ ਸਿਆਸੀ ਜਾਂ ਸਮਾਜਿਕ ਪ੍ਰਾਪਤੀ ਨਹੀਂ ਕਰ ਸਕਦੇ। ਸੰਨ 1947 ਤੋਂ ਬਾਅਦ ਦੇ ਸਿੱਖਾਂ ਨਾਲ ਹੋਏ ਸਿਆਸੀ ਧੋਖਿਆਂ ਨੂੰ ਵੀ ਬਜਾਏ ਇਸਦੇ ਕਿ ਦੂਸਰੀਆਂ ਧਿਰਾਂ ਦੀ ਚਲਾਕੀ ਕਿਹਾ ਜਾਂਦਾ ਉਹਨਾਂ ਦਾ ਕਾਰਨ ਵੀ ਸਿੱਖਾਂ ਨੇ ਆਪਣੇ ਆਪ ਨੂੰ ਮੰਨਿਆ ਅਤੇ ਆਪਣੇ ਆਗੂਆਂ ਵੀ ਹੀ ਦੋਸ਼ ਕੱਢਦੇ ਰਹੇ ਹਨ। ਉਹਨਾਂ ਵਿੱਚ ਇਹ ਭਰਮ ਵੀ ਪੈਦਾ ਹੋ ਗਿਆ ਕਿ ਉਹ ਆਪਣੇ ਸਿਆਸੀ ਵਿਰੋਧੀ ਨੂੰ ਮਾਤ ਦੇ ਹੀ ਨਹੀਂ ਸਕਦੇ । ਬਿਨਾਂ ਸੱਕ ਗਲਤੀਆਂ ਆਵਦੀਆਂ ਵੀ ਹੁੰਦੀਆਂ ਪਰ ਕਈ ਵਾਰ ਵਿਰੋਧੀ ਵੀ ਜਿਆਦਾ ਚਲਾਕ ਤੇ ਤੇਜ ਤਰਾਰ ਹੁੰਦਾ ਹੈ ਜਿਵੇਂ ਇਸ ਵਾਰੀ ਵੀਂ ਅਸੀਂ ਵੇਖਿਆ ਕਿ ਜਗਮੀਤ ਸਿੰਘ ਦੀ ਸਿਆਸੀ ਚੜ੍ਹਤ ਨੂੰ ਠੱਲਣ ਲਈ ਕਈ ਹੀਲੇ ਵਸੀਲੇ ਵਰਤੇ ਗਏ ਪਰ ਅਕਾਲ ਪੁਰਖ ਦੀ ਮੇਹਰ ਅਤੇ ਸਿੱਖਾਂ ਦੀ ਸੰਗਠਤ ਸ਼ਕਤੀ ਅਤੇ ਆਗੂ ਦੀ ਸੂਝ ਬੂਝ ਅੱਗੇ ਉਹ ਨਿਫਲ ਸਾਬਤ ਹੋਏ। ਇਸ ਤਰਾਂ ਸਿੱਖਾਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਇਆ ਤੇ ਇਹ ਭਰਮ ਵੀ ਟੁੱਟਿਆ ਕਿ ਉਹ ਆਪਣੇ ਸਿਆਸੀ ਦੁਸ਼ਮਣ ਅੱਗੇ ਬੇਬਸ ਹਨ
ਸੰਨ 1849 ਦੇ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖਾਂ ਵਿੱਚ ਇਹ ਗੱਲ ਪ੍ਰਚਾਰੀ ਗਈ ਕਿ ਸਿਆਸਤ ਇਹ ਬਹੁਤ ਹੀ ਮਾੜੀ ਚੀਜ ਹੈ ਅਤੇ ਇਸਤੋਂ ਸਿੱਖਾਂ ਨੂੰ ਦੂਰ ਰਹਿ ਕੇਵਲ ਤੇ ਕੇਵਲ ਅਧਿਆਤਮਕ ਪੱਖ ਤੇ ਜੋਰ ਦੇਣਾ ਚਾਹੀਦਾ ਹੈ । 1947 ਤੋਂ ਬਾਅਦ ਪੰਜਾਬ ਵਿੱਚ ਪਣਪੀ ਸੰਤ ਬਾਬਿਆਂ ਦੀ ਪਨੀਰੀ ਨੇ ਇਸ ਸੋਚ ਨੂੰ ਆਮ ਸਿੱਖ ਲੋਕਾਈ ਵਿੱਚ ਹੋਰ ਪ੍ਰਪੱਕ ਕੀਤਾ ਤੇ ਸਿਆਸਤ ਦੇ ਨਾਮ ਤੇ ਸਿੱਖਾਂ ਨੂੰ ਸਿਰਫ ਗੁਰੂਦੁਆਰਾਂ ਸਾਹਿਬਾਨਾਂ ਦੇ ਪ੍ਰਬੰਧ ਤੱਕ ਹੀ ਮਹਿਰੂਮ ਕਰ ਦਿੱਤਾ ਗਿਆ। ਖਾਸ ਤੌਰ ਤੇ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਆਮ ਲੋਕਾਈ ਵਿੱਚ ਇਸ ਛਵੀ ਬਣਾਈ ਗਈ ਕਿ ਉਹ ਸਿਰਫ ਗੁਰੂਦੁਆਰਿਆਂ ਦੇ ਪ੍ਰਬੰਧ ਲਈ ਹੀ ਠੀਕ ਹਨ ਅਤੇ ਸਮਾਜਿਕ ਤੌਰ ਤੇ ਵੀ ਉਹ ਗੈਰ ਅੰਮ੍ਰਿਤਧਾਰੀਆਂ ਜਾਂ ਗੈਰ ਸਿੱਖਾਂ ਨਾਲ ਕੋਈ ਬਹੁਤਾ ਮੇਲਜੋਲ ਨਹੀਂ ਰਖਦੇ। ਇਸ ਤੋਂ ਵੀ ਅੱਗੇ ਜਾਂਦੇ ਹੋਏ ਬ੍ਰਾਹਮਣਵਾਦੀ ਵਿਚਾਰਧਾਰ ਅਨੁਸਾਰ ਉਹਨਾਂ ਉਤੇ ਸਮਾਜਿਕ ਪਾਰਟੀਆਂ ਵਿੱਚ ਜਾਣ ਜਾਂ ਖਾਣ-ਪੀਣ ਸੁਚਮ-ਜੂਠ ਬਾਰੇ ਬੇਲੋੜੇ ਜੂੜੇ ਉਹਨਾਂ ਦੇ ਪੈਰਾਂ ਵਿੱਚ ਪਾ ਦਿੱਤੇ ਗਏ। ਜਗਮੀਤ ਦੀ ਜਿੱਤ ਨੇ ਇਹ ਭਰਮ ਵਿੱਚ ਤੋੜਿਆ ਹੈ ਤੇ ਸਿੱਧ ਕੀਤਾ ਕਿ ਆਪਣੇ ਧਾਰਮਿਕ ਅਕੀਦੇ ਦੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸਿੱਖ ਬਿਨਾ ਕਿਸੇ ਰੋਕ ਟੋਕ ਤੋ ਕਿਤੇ ਵੀ ਕਿਸੇ ਨਾਲ ਵੀ ਵਿਚਰ ਸਕਦਾ ਹੈ ।
ਇਸ ਸਮੁੱਚੇ ਵਰਤਾਰੇ ਨਾਲ ਉਹ ਸਿੱਖ ਨੌਜਵਾਨੀ ਜਰੂਰ ਸੁਰਖੁਰੂ ਮਹਿਸੂਸ ਕਰ ਰਹੀ ਹੈ ਜੋ ਧਰਮ ਦੇ ਮਾਰਗ ਦੇ ਚਲਣਾ ਚਾਹੁੰਦੀ ਹੈ ਪਰ ਗੋਰਖਨਾਥ ਦੇ ਜੋਗੀਆਂ ਵਾਗਰ ਨਹੀਂ ਗੁਰੁ ਨਾਨਕ ਦੇ ਸਿੱਖਾਂ ਵਾਗ । ਇਹਨਾਂ ਸਾਰੇ ਭਰਮਾਂ ਦੇ ਟੁਟਣ ਦਾ ਅਸਰ ਭਾਵੇਂ ਇਕਦਮ ਨਜ਼ਰ ਨਾ ਆਵੇ ਪਰ ਬਿਨਾਂ ਸ਼ੱਕ ਆਉਣ ਵਾਲੇ ਸਾਲਾਂ ਵਿੱਚ ਸਿੱਖ ਕੌੰਮ ਲਈ ਇਹ ਜਰੂਰ ਕਾਰਗਾਰ ਸਿੱਧ ਹੋਣਗੇ ਤੇਂ ਮੀਰੀ ਪੀਰੀ ਦੇ ਤਰਜਮਾਨ ਆਪਣੇ ਸੱਰਬਤ ਦੇ ਭਲੇ ਦੇ ਸੰਕਲਪ ਰਾਹੀ ਦਿਨੋ ਦਿਨ ਨਫਰਤ ਦੇ ਕਸ਼ੀਦਗੀ ਨਾਲ ਭਰਦੀ ਜਾ ਰਹੀ ਇਸ ਦੁਨੀਆਂ ਲਈ ਰਾਹ ਦਸੇਰੇ ਬਣਨਗੇ ਜਰੂਰ ਬਣਨਗੇ ਪਰ ਹਾਂ ਚੋਬਦਾਰ ਬਣ ਕੇ ਨਹੀਂ ਜਥੇਦਾਰ ਬਣ ਕੇ।