ਸੀਨੀਅਰ ਪੱੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਹ ਲਾਉਣ ਲਈ ਕਰਨਾਟਕ ਸਰਕਾਰ ਵੱਲੋਂ ‘ਸਿਟ’ ਕਾਇਮ

ਸੀਨੀਅਰ ਪੱੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਹ ਲਾਉਣ ਲਈ ਕਰਨਾਟਕ ਸਰਕਾਰ ਵੱਲੋਂ ‘ਸਿਟ’ ਕਾਇਮ

ਬੰਗਲੁਰੂ ਵਿੱਚ ਗੌਰੀ ਲੰਕੇਸ਼ (ਇਨਸੈੱਟ) ਦੀ ਲਾਸ਼ ਕੋਲ ਵਿਰਲਾਪ ਕਰਦੀ ਮਾਂ ਇੰਦਰਾ, ਭਰਾ ਇੰਦਰਜੀਤ ਲੰਕੇਸ਼ ਅਤੇ ਭੈਣ ਕਵਿਤਾ ਲੰਕੇਸ਼।
ਬੰਗਲੌਰ/ਬਿਊਰੋ ਨਿਊਜ਼:
ਹਿੰਦੂਤਵੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਕਾਰਕੁਨ ਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਜਾਂਚ ਲਈ ਕਰਨਾਟਕ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਅਗਵਾਈ ਸੂਬਾਈ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਆਈਜੀਪੀ ਬੀ.ਕੇ. ਸਿੰਘ ਕਰਨਗੇ।
ਇਸ ਦੌਰਾਨ ਸੀਨੀਅਰ ਗੌਰੀ ਲੰਕੇਸ਼ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਟੀਆਰ ਮਿੱਲ ਸ਼ਮਸ਼ਾਨਘਾਟ ਵਿੱਚ ਗੌਰੀ ਦੀਆਂ ਅੰਤਮ ਰਸਮਾਂ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਸੂਬੇ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਨੇ ਕਿਹਾ ਕਿ ਡੀਸੀਪੀ (ਪੱਛਮੀ) ਐਮ.ਐਨ. ਅਨੂਚੇਤ ਇਸ 21 ਮੈਂਬਰੀ ਸਿੱਟ ਦੇ ਪੜਤਾਲੀਆ ਅਫ਼ਸਰ ਹੋਣਗੇ। ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਿੱਧਾਰਮੱਈਆ ਨੇ ਇਸ ਕਤਲ ਦੀ ਜਾਂਚ ਲਈ ਸਿਟ ਬਣਾਉਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਆਖਿਆ ਕਿ ਪਰਿਵਾਰ ਦੀ ਮੰਗ ਮੁਤਾਬਕ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਵੀ ਸਰਕਾਰ ਤਿਆਰ ਹੈ। ਇੱਥੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਪੁਲੀਸ ਨੂੰ ਦੱਸ ਦਿੱਤਾ ਹੈ ਕਿ ਇਸ ਕੇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਵੇ। ਿ?ਕਰਯੋਗ ਹੈ ਕਿ ਸੱਜੇ ਪੱਖੀਆਂ ਵਿਰੁੱਧ ਆਵਾਜ਼ ਉਠਾਉਣ ਲਈ ਜਾਣੀ ਜਾਂਦੀ 55 ਸਾਲਾ ਗੌਰੀ ਲੰਕੇਸ਼ ਨੂੰ ਕੱਲ• ਉਨ•ਾਂ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਨੇੜਿਓਂ ਗੋਲੀ ਮਾਰ ਦਿੱਤੀ ਸੀ। ਲੇਖਕ, ਪ੍ਰਕਾਸ਼ਕ ਤੇ ਸੰਪਾਦਕ ਗੌਰੀ ਜਦੋਂ ਘਰ ਪਰਤਣ ਮਗਰੋਂ ਕਾਰ ਵਿੱਚੋਂ ਉਤਰ ਕੇ ਗੇਟ ਖੋਲ• ਰਹੀ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ•ਾਂ ਉਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਦੋ ਗੋਲੀਆਂ ਗੌਰੀ ਦੀ ਛਾਤੀ ਅਤੇ ਇਕ ਮੱਥੇ ਉਤੇ ਲੱਗੀ।
‘ਟਾਈਮਜ਼ ਆਫ਼ ਇੰਡੀਆ’ ਦੇ ਬੰਗਲੌਰ ਐਡੀਸ਼ਨ, ‘ਸੰਡੇ’ ਰਸਾਲੇ ਅਤੇ ਇਕ ਤੇਲਗੂ ਟੈਲੀਵਿਜ਼ਨ ਚੈਨਲ ਨਾਲ ਕੰਮ ਕਰਨ ਮਗਰੋਂ ਗੌਰੀ ਨੇ ਆਪਣੇ ਪਿਤਾ ਪੀ ਲੰਕੇਸ਼ ਤੋਂ ‘ਲੰਕੇਸ਼ ਪੱਤ੍ਰਿਕੇ’ ਦਾ ਜ਼ਿੰਮਾ ਸੰਭਾਲਿਆ ਸੀ। ਪਰਿਵਾਰਕ ਵਿਵਾਦ ਮਗਰੋਂ ਉਸ ਨੇ 2005 ਵਿੱਚ ਆਪਣਾ ਪਰਚਾ ‘ਗੌਰੀ ਲੰਕੇਸ਼ ਪੱਤ੍ਰਿਕੇ’ ਕੱਢਿਆ ਸੀ।
ਇਸ ਦੌਰਾਨ ਸਿਆਸੀ ਪਾਰਟੀਆਂ ਨੇ ਗੌਰੀ ਲੰਕੇਸ਼ ਦੇ ਕਤਲ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਇਸ ਨੂੰ ਵਧਦੀ ਅਸਹਿਣਸ਼ੀਲਤਾ ਦਾ ਦੁਹਰਾਅ ਦੱਸਿਆ, ਜਦੋਂ ਕਿ ਭਾਜਪਾ ਨੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਤੇਜ਼ ਜਾਂਚ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਤਰਕਸ਼ੀਲਾਂ, ਚਿੰਤਕਾਂ, ਪੱਤਰਕਾਰਾਂ ਤੇ ਹੋਰ ਮੀਡੀਆ ਕਰਮਚਾਰੀਆਂ ਨਾਲ ਖੜ•ੀ ਹੈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਵੀ ਭਾਜਪਾ ਤੇ ਆਰਐਸਐਸ ਦੀ ਵਿਚਾਰਧਾਰਾ ਖ਼ਿਲਾਫ਼ ਬੋਲਦਾ ਹੈ, ਉਸ ‘ਤੇ ਦਬਾਅ ਪਾਇਆ ਜਾਂਦਾ ਹੈ। ਨਾ ਮੰਨਣ ਉਤੇ ਕਤਲ ਕਰ ਦਿੱਤਾ ਜਾਂਦਾ ਹੈ।
ਇਸ ਦੌਰਾਨ ਚੰਡੀਗੜ• ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਗੌਰੀ ਲੰਕੇਸ਼ ਦੇ ਕਤਲ ਦੀ ਸਖ਼ਤ ਨਿਖੇਧੀ ਕੀਤੀ।
ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਬੰਗਲੌਰ ਵਿੱਚ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਬਾਰੇ ਕਰਨਾਟਕ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕਰਨਾਟਕ ਸਰਕਾਰ ਨੂੰ ਇਸ ਘਟਨਾ ਦੇ ਵੇਰਵੇ ਮੁਹੱਈਆ ਕਰਨ ਅਤੇ ਮੁਲਜ਼ਮਾਂ ਨੂੰ ਫੜਨ ਲਈ ਕਦਮ ਚੁੱਕਣ ਵਾਸਤੇ ਕਿਹਾ ਗਿਆ ਹੈ।