ਬਹੁਤ ਖ਼ੂਬ ਹੈ ਫ਼ਿਲਮ ਬਲੈਕ ਪ੍ਰਿੰਸ-ਜ਼ਰੂਰ ਦੇਖੋ

ਬਹੁਤ ਖ਼ੂਬ ਹੈ ਫ਼ਿਲਮ ਬਲੈਕ ਪ੍ਰਿੰਸ-ਜ਼ਰੂਰ ਦੇਖੋ

ਪੰਜਾਬੀਆਂ ਮੂਹੋਂ ਭਾਰੀ ਪ੍ਰਸ਼ੰਸਾ ਸੁਣ ਕੇ ਭਾਵੁਕ ਹੋ ਗਈ ਸ਼ਬਾਨਾ ਆਜ਼ਮੀ
ਬਲਜੀਤ ਬੱਲੀ  
ਹੁਣੇ ਹੀ ਸਿੱਖ ਰਾਜ ਬਾਰੇ ਤੇ ਪੰਜਾਬ ਅਤੇ ਮੁਲਕ ਦੇ ਇਤਿਹਾਸਕ ਵਿਰਸੇ ਬਾਰੇ ਬਣੀ ਹੌਲੀਵੁਡ ਫ਼ਿਲਮ ਦਾ ਪ੍ਰੀਮੀਅਰ ਦੇਖ ਕੇ ਆਏ ਹਾਂ । ਫਿਲਮ ਬਹੁਤ ਹੀ ਖੂਬ ਹੈ । ਕਵੀ ਰਾਜ਼ ਨੇ ਇਤਿਹਾਸ ਦੇ ਪੰਨੇ ਕਮਲ ਨਾਲ ਮੁੜ ਸੁਰਜੀਤ ਕੀਤੇ ਨੇ .
ਸਾਡੇ ਅਜ਼ੀਜ਼ ਸਰਤਾਜ ਨੇ ਪਲੇਠੀ ਫ਼ਿਲਮੀ ਅਦਾਕਾਰੀ ਨਾਲ ਪੂਰਾ ਇਨਸਾਫ਼ ਕੀਤਾ ਹੈ। ਸ਼ਬਾਨਾ  ਨੇ ਮਹਾਰਾਣੀ ਜਿੰਦਾਂ ਨੂੰ ਮੁੜ ਜ਼ਿੰਦਾ ਕਰ ਦਿੱਤੈ ।ਐਕਟਿੰਗ ਦੇ ਮਾਮਲੇ ਵਿਚ ਤਾਂ ਸ਼ਬਾਨਾ ਦਾ ਕੋਈ ਮੁਕਾਬਲਾ ਹੀ ਨਹੀਂ ਪਰ ਜਿੰਨੀ ਖ਼ੂਬਸੂਰਤ ਪੰਜਾਬੀ ਉਸ ਨੇ ਇਸ ਫ਼ਿਲਮ ਵਿਚ ਬੋਲੀ ਹੈ, ਉਸ ਅੱਗੇ ਸਿਰ ਝੁਕਦਾ ਹੈ। ਤੇ ਦਿਲਚਸਪ ਗੱਲ ਇਹ ਵੀ ਹੈ ਪੰਜਾਬੀ ਬੋਲੀ ਵੀ ਮਲਵਈ ਲਹਿਜ਼ੇ ਵਿਚ ਹੈ ।
ਸ਼ੁੱਕਰਵਾਰ ਸ਼ਾਮੀ ਜਦੋਂ ਚੰਡੀਗੜ੍ਹ ਵਿਚ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਉਥੇ ਹਾਜ਼ਰ ਪੰਜਾਬੀਆਂ ਨੇ, ਸ਼ਬਾਨਾ ਦੀ ਢੁੱਕਵੀਂ ਭੂਮਿਕਾ ਲਈ ਅਤੇ ਖਾਸ ਕਰਕੇ ਉਨ੍ਹਾਂ ਦੇ ਪੰਜਾਬੀ ਦੇ ਡਾਇਲੌਗ ਦੀ ਵਾਰ-ਵਾਰ ਸ਼ਾਲਘਾ ਹੋਈ ਤਾਂ ਸ਼ਬਾਨਾ ਆਜ਼ਮੀ ਭਾਵੁਕ ਹੋ ਗਈ  ਅਤੇ ਉਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ।

ਘਾਟਾਂ -ਵਾਧੇ ਹਰ ਫ਼ਿਲਮ ਵਿਚ ਗਿਣੇ ਜਾ ਸਕਦੇ ਨੇ ਪਰ ਸਮੁੱਚੇ ਤੌਰ ਤੇ ਬਲਾਕ ਪ੍ਰਿੰਸ ਬਹੁਤ ਗੁੰਦਵੀਂ ਅਤੇ ਸੁਚੱਜੀ ਫ਼ਿਲਮ ਹੈ। ਵੈਸੇ ਤਾਂ ਹਰ ਇਕ ਲਈ ਦੇਖਣ ਯੋਗ ਹੈ ਪਰ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਭੁੱਲੇ ਸਫ਼ਿਆਂ ਦੀ ਯਾਦ ਕਰਾਉਣ ਲਈ ਦਿਖਾਉਣੀ ਹੋਰ ਵੀ ਜ਼ਰੂਰੀ ਹੈ।

ਅਸੀਂ ਸਾਰੇ ਦਲੀਪ ਸਿੰਘ ਹਾਂ… ਤੇ ਸਾਡੇ ਵਿੱਚ ਹੀ ਕਿੰਨੇ ਹੀ ਵਿਕਟਰ ਨੇ…..
ਹਰਪਾਲ ਸਿੰਘ
(ਇਹ ਕੋਈ ਰੀਵਿਊ ਨਹੀਂ ਹੈ…ਮੈਨੂੰ ਫਿਲਮ ਦੇਖ ਕੇ ਜੋ ਮਹਿਸੂਸ ਹੋਇਆ.. ਓਹੀ ਲਿਖਣ ਲਗਾ ਹਾਂ…ਅੱਜ ਦੀ ਇਹ ਫ਼ਿਲਮ ਮੈਂ ਆਪਣੇ ਫੇਸਬੁੱਕੀ ਮਿੱਤਰ ਜਸਵਿੰਦਰ ਸਿੰਘ ਜਸ ਨਾਲ ਦੇਖੀ….)

ਵਿਕਟਰ…ਦਲੀਪ ਸਿੰਘ ਦਾ ਪੁੱਤਰ ਹੈ…ਜੋ ਇਕ ਦ੍ਰਿਸ ਵਿਚ ਆਪਣੇ ਬਾਪ ਨੂੰ ਬੋਲਦਾ ਹੈ ਕਿ ਇੰਗਲੈਂਡ ਦੀ ਰਾਣੀ ਕੋਲੋ ਮਾਫ਼ੀ ਮੰਗ ਲਵੋ ਚਿੱਠੀ ਲਿਖ ਕੇ….ਓਹ ਤੁਹਾਨੂੰ ਪੈਨਸ਼ਨ ਲਗਵਾ ਦਵੇਗੀ….ਸਾਡੇ ਸਾਰੇ ਕਰਜ਼ੇ ਮੁੱਕ ਜਾਣਗੇ ਤੇ ਅਸੀਂ ਜ਼ਿੰਦਗੀ ਨੂੰ ਅਰਾਮ ਨਾਲ ਬਿਤਾਵਾਂਗੇ….
ਇਸ ਦ੍ਰਿਸ ਵਿਚ ਦਲੀਪ ਸਿੰਘ ਅਸੀਂ ਹਾਂ……ਜੋ ਖਾਲਸਾ ਰਾਜ ਨਾ ਮਿਲਣ ਦਾ ਦੁੱਖ ਨਾਲ ਲੈ ਕੇ ਜਿਉਂਦੇ ਨੇ….ਜਾਂ ਸਾਡੇ ਬਜ਼ੁਰਗ ਨੇ ਜੋ  ਆਪਣੇ ਰਾਜ ਦੇ ਗਵਾਚ ਜਾਣ ਦਾ ਦੁੱਖ ਨਾਲ ਹੀ ਲੈ ਕੇ ਇਸ ਜਹਾਨੋਂ ਤੁਰ ਗਏ ਨੇ…
ਤੇ ਵਿਕਟਰ…ਸਾਡੀ ਨਵੀਂ ਪੀੜੀ ਵਿਕਟਰ ਹੀ ਹੈ…..ਜਿਨਾਂ ਨੂੰ ਬਸ ਸੋਹਣਾ ਜੀਵਨ ਚਾਹੀਦਾ ਹੈ…ਐਸ਼ੋ ਅਰਾਮ ਲਈ ਪੈਸੇ ਮਿਲ ਜਾਂਦੇ ਰਹਿਣ ਬਸ…ਕੋਈ ਰਾਜ ਭਾਗ ਹੈ ਸੀ ਤੇ ਹੁਣ ਕਿਉਂ ਨਹੀਂ ਹੈ…ਇਸ ਸਭ ਨਾਲ ਏਨਾ ਨੂੰ ਕੁਛ ਨਹੀਂ ਲੈਣਾ…..
ਦਲੀਪ ਸਿੰਘ ਹਮੇਸ਼ਾਂ ਉਸ ਰਾਜ ਨੂੰ ਵਾਪਸ ਲੈਣ ਲਈ ਤੜਫਦਾ ਰਿਹਾ ਜੋ ਉਸ ਕੋਲੋਂ ਧੋਖੇ ਨਾਲ ਅੰਗਰੇਜ਼ਾਂ ਨੇ ਖੋਹ ਲਿਆ ….
ਦਲੀਪ ਸਿੰਘ ਨੂੰ ਅੰਗਰੇਜ਼ ਈਸਾਈ ਬਣਾਉਣ ਲਈ ਪੂਰਾ ਜ਼ੋਰ ਲਗਾਉਂਦੇ ਰਹੇ….ਉਸਨੂੰ ਮੋਟੀ ਤਨਖਾਹ ਤੇ ਵਧੀਆ ਜੀਵਨ ਦੇਣ ਦੀ ਗਾਰੰਟੀ ਦਿਤੀ ਗਈ….ਉਸਨੂੰ ਬਚਪਨ ਤੋਂ ਬਾਲਗ ਹੋਣ ਤੱਕ ਇੱਸਾ ਇੱਸਾ ਰਟਾਇਆ ਗਿਆ…ਬਾਈਬਲ ਪੜ੍ਹਨ ਨੂੰ ਦਈਂ ਰੱਖੀ ਗਈ…..ਓਹ ਆਪਣੀ ਜ਼ਿੰਦਗੀ ਵਿਚ ਕਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾ ਲਈ ਨਾ ਆ ਸਕਿਆ….. ਪਰ ਆਪਣੀ ਮਾਂ ਨਾਲ ਹੋਈ ਇਕ ਮੁਲਾਕਾਤ ਨੇ ਹੀ ਉਸਨੂੰ ਝੰਜੋੜ ਦਿੱਤਾ… ਉਸਦੀ ਰੂਹ ਨੂੰ ਤੜਫਾ ਕੇ ਰਖਤਾ…ਤੇ ਓਹ ਬਿਨਾਂ ਕਿਸੇ ਬੁਰੇ ਭਵਿੱਖ ਦੀ ਫਿਕਰ ਦੇ ਸਿੱਖ ਸਜ ਗਿਆ….ਉਸਨੇ ਈਸਾਈ ਬਣ ਕੇ ਅਮੀਰੀ ਭਰੀ ਜ਼ਿੰਦਗੀ ਦੀ ਬਜਾਏ…ਸਿੱਖ ਬਣ ਕੇ ਤਸੀਹੇ ਵਰਗੀ ਜ਼ਿੰਦਗੀ ਚੁਣੀ….ਜਦੋ ਕਿ ਅਸੀਂ ਵਿਚੋਂ ਬੜੇ ਜਾਣੇ ਸਿਰਫ ਇਸ ਕਰਕੇ ਈਸਾਈ ਹੋ ਜਾਂਦੇ ਨੇ…ਕਿਸੀ ਡੇਰੇ ਨਾਲ ਜੁੜ ਜਾਂਦੇ ਨੇ ਕਿਉਂਕਿ ਇਹ ਲੋਕ ਏਨਾ ਦੀ ਮਾਲੀ ਹਾਲਤ ਸੁਧਾਰਨ ਦਾ ਜਿੰਮਾ ਚੁੱਕਦੇ ਨੇ….ਤੇ ਆਪਣੇ ਹੀ ਸਾਡੇ ਸਿੱਖ …ਧਰਮ ਨੂੰ ਉਲਾਂਭਾ ਦਈਂ ਜਾਣਗੇ ਕਿ ਏਹਨਾਂ ਨੇ ਕਿਸੀ ਦੀ ਸਾਰ ਕਿਉ ਨਾ ਲਈ…
ਸਾਡੇ ਹੱਥੋਂ ਕੋਈ 5 ਰੁਪਏ ਖੋਹ ਕੇ ਲੈ ਜਾਵੇ…ਤਾਂ ਨਹੀ ਭੁੱਲਿਆ ਜਾਂਦਾ…ਫੇਰ ਇਹ ਤਾਂ ਪੂਰੀ ਇਕ ਖਾਲਸੇ ਦੀ ਰਿਆਸਤ ਸੀ……ਕਿਵੇ ਦਲੀਪ ਸਿੰਘ  ਤੇ ਅਸੀਂ ਇਹ ਯਾਦ ਕਰਕੇ ਚੈਨ ਨਾਲ ਰਹਿ ਸਕਦੇ ਹਾਂ…??
ਕੋਈ ਵੀ ਜੰਗ ਜੋ ਸਿੱਖ ਹਾਰੇ….ਓ ਬੰਦੂਕਾਂ ਜਾਂ ਗੋਲੀਆਂ ਨਾਲ ਨਹੀਂ ਹਾਰੇ…
ਗੱਦਾਰ ਲੋਕਾਂ ਨੇ ਹੀ ਕਦੀ ਸਾਨੂੰ ਜਿੱਤ ਨਹੀਂ ਨਸੀਬ ਹੋਣ ਦਿੱਤੀ…….
ਇਸ ਫ਼ਿਲਮ ਨੂੰ ਦੇਖ ਕੇ ਗੱਦਾਰ ਹੋ ਗਏ ਲੋਕਾਂ ਲਈ ਮਨ ਏਨਾ ਗੁੱਸੇ ਨਾਲ ਭਰ ਗਿਆ ਹੈ ਕਿ ਰੋਣਾ ਵੀ ਆਇਆ…ਕਿ ਕਿਵੇਂ ਕੋਈ ਚੰਦ ਲਾਲਚਾਂ ਕਰਕੇ ਕਿਸੇ ਨੂੰ ਉਸਦੇ ਹੱਕ ਤੋਂ ਵਾਂਝੇ ਰੱਖਣ ਲਈ ਹਰ ਨੀਵਾਂ ਕੰਮ ਕਰਨ ਨੂੰ ਰਾਜੀ ਹੋ ਜਾਂਦਾ ਹੈ…
ਮੈਨੂੰ ਲਗਦਾ ਕਿ ਅਜਾਇਬ ਘਰਾਂ ਵਿੱਚੋਂ ਸਭ ਸ਼ਹੀਦਾਂ ਤੇ ਯੋਧਿਆਂ ਦੀਆਂ ਫੋਟੋਆਂ ਉਤਾਰ ਦੇਣੀਆਂ ਚਾਈਦੀਆਂ ਨੇ…ਕਿਉਂਕਿ ਇਹ ਲੋਕ ਤਾਂ ਸਾਡੇ ਦਿਲ ਵਿੱਚ ਪਹਿਲਾਂ ਹੀ ਵਸਦੇ ਨੇ…ਏਨਾ ਦੀਆਂ ਫੋਟੋਆਂ ਸਾਡੇ ਮਨਾਂ ਵਿਚ ਹਮੇਸ਼ਾਂ ਨੇ…
ਤੇ ਇਸਦੀ ਥਾਂਏਂ ਗੱਦਾਰ ਲੋਕਾਂ ਦੀਆਂ ਤਸਵੀਰਾਂ ਲਗਾ ਦੇਣੀਆਂ ਚਾਹੀਦੀਆਂ ਨੇ…ਤਾਂ ਜੋ ਆਉਣ ਵਾਲੀਆਂ ਪੀੜੀਆਂ ਏਨਾ ਦੇ ਚੇਹਰੇ ਦੇਖ ਸਕਣ ਕੇ ਏਹੀ ਲੋਕ ਸੀ ਜਿਨ੍ਹਾਂ ਕਰਕੇ ਅਸੀਂ ਆਪਣਾ ਰਾਜ ਭਾਗ ਗੁਆਇਆ ਤੇ ਮੁੜ ਹਾਸਲ ਵੀ ਨਾ ਕਰ ਸਕੇ….
ਜੋ ਲੋਕ ਸਿੱਖਾਂ ਦੀ ਖਾਲਿਸਤਾਨ ਦੀ ਮੰਗ ਨੂੰ ਮਜਾਕ ਵਾਂਗ ਉਡਾਉਂਦੇ ਨੇ ਜਾਂ ਵੱਖਵਾਦੀ ਆਖ ਕੇ ਰੱਦ ਕਰਦੇ ਨੇ ਏਹਨਾਂ ਨੂੰ…ਉਹਨਾਂ ਨੂੰ ਦਲੀਪ ਸਿੰਘ ਦੀ ਤੜਫ ਦੇਖ ਕੇ ਮਹਿਸੂਸ ਕਰਨਾ ਚਾਹੀਦਾ ਕਿ ਇਕ ਸਿੱਖ ਕਿਉਂ ਆਪਣੇ ਰਾਜ ਭਾਗ ਲਈ ਅਜੇ ਵੀ ਤੜਫਦਾ ਹੈ…
ਇਹ ਫ਼ਿਲਮ ਤੁਸੀਂ ਪੰਜਾਬੀ ਵਿਚ ਦੇਖੋ ਜਾਂ ਇੰਗਲਿਸ਼ ਵਿੱਚ… ਕੋਈ ਫਰਕ ਨਹੀਂ ਪੈਂਦਾ…ਪਰ ਦੇਖੋ ਜਰੂਰ…..
ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਫ਼ਿਲਮ ਜਰੂਰ ਦੇਖਣੀ ਚਾਹੀਦੀ ਹੈ…..
ਦਲੀਪ ਸਿੰਘ ਕੋਲ ਕੀ ਕਮੀ ਸੀ….??
ਸਭ ਕੁਛ ਤਾਂ ਸੀ ਉਸ ਕੋਲ….ਪੈਸੇ ਸੀ….ਹੁਸਨ ਵੀ ਹਾਸਲ ਸੀ…..ਘੁੰਮਣ ਫਿਰਨ ਦੀ ਆਜ਼ਾਦੀ ਵੀ….ਪਰ ਆਪਣੀ ਪਹਿਚਾਣ ਨਹੀਂ ਸੀ….ਆਪਣਾ ਇਕ ਆਜ਼ਾਦ ਰਾਹ ਨਹੀਂ ਸੀ ਚਲਣ ਨੂੰ….ਆਪਣਾ ਗੁਆਚਿਆ ਰਾਜ ਭਾਗ ਨਹੀਂ ਸੀ ਹੁਣ ਕੋਲ….
ਇਹ ਸ਼ਖ਼ਸ਼ ਕਦੀ ਪੰਜਾਬ ਨਾ ਆ ਸਕਿਆ… ਪਰ ਫੇਰ ਵੀ ਉਸਨੇ ਇਸ ਧਰਤੀ ਨਾਲ ਰੂਹ ਦਾ ਰਿਸ਼ਤਾ ਨਿਭਾਇਆ….
ਪੈਸੇ ਨੂੰ ਠੁਕਰਾ ਕੇ ਆਪਣੀ ਪਹਿਚਾਣ ਲੱਭਣ ਦਾ ਔਖਾ ਰਾਹ ਚੁਣਿਆ….ਸਿੱਖੀ ਸਰੂਪ ਅਪਣਾਇਆ…
ਪਰ ਸਾਡੇ ਬੱਚਿਆਂ ਨੇ ਪੈਸੇ ਤੇ ਸਟਾਈਲ ਕਰਕੇ ਹੀ ਆਪਣਾ ਰਾਹ ਛਡਿਆ…ਆਪਣੀ ਦਿਖ ਹੀ ਕਾਇਮ ਨਾ ਰੱਖੀ….
ਇਹ ਫ਼ਿਲਮ ਹੌਲੀ ਚਲਦੀ ਹੈ…ਪਰ ਸਭ ਮਹੱਤਵਪੂਰਨ ਪਹਿਲੂ ਅਤੇ ਸੱਚੇ ਤੱਥ ਦੱਸ ਜਾਂਦੀ ਹੈ….
‘ਦ ਬਲੈਕ ਪ੍ਰਿੰਸ’ ਉਸ ਰਾਜੇ ਦੀ ਕਹਾਣੀ ਹੈ ਜੋ ਕਦੀ ਵੀ ਆਪਣੀ ਧਰਤੀ ਆਪਣੇ ਲੋਕਾਂ ਵਿਚ ਨਾ ਆ ਸਕਿਆ…..
ਸਿੱਖ ਰਾਜ ਦੇ ਗੁਆਚ ਜਾਣ ਦੀ ਇਕ ਕਹਾਣੀ…ਜੋ ਅਜੇ ਮੁਕੀ ਨਹੀਂ…..ਇਸਦਾ ਅੰਤ ਅਜੇ ਸਮੇਂ ਨੇ ਲਿਖਿਆ ਨਹੀਂ ਹੈ….
ਜਦੋ ਤਕ ਇਕ ਵੀ ਸਿੱਖ ਆਪਣੇ ਸਿੱਖ ਰਾਜ ਲਈ  ਤੜਫ ਰੱਖ ਕੇ ਜਿਉਂਦਾ ਹੈ…ਇਹ ਕਹਾਣੀ ਚੱਲਦੀ ਰਹੇਗੀ….
ਅਜਿਹੀਆਂ ਚੰਗੀਆਂ ਫ਼ਿਲਮਾਂ ਅਕਸਰ ਪਹਿਲੇ ਹਫ਼ਤੇ ਬਾਅ ਸਿਨਮਿਆਂ ਚੋਂ ਉਤਰ ਜਾਂਦੀ ਹੈ….ਫਿਰ ਕਿਉ ਨਹੀਂ ਸਾਰੇ ਸਿੱਖ ਸਕੂਲ ਆਪਣੇ ਬੱਚਿਆਂ ਨੂੰ ਇਹ ਫ਼ਿਲਮ ਦਿਖਾ ਕੇ ਲੈ ਆਉਣ ਦਾ ਪ੍ਰੋਗਰਾਮ ਬਣਾਉਂਦੇ ..?….ਮੈਨੂੰ ਲਗਦਾ ਹੈ ਸੰਗਤ ਚਾਹੇ ਤਾਂ ਇਹ ਫ਼ਿਲਮ ਹਰ ਸਿੱਖ ਦੇਖ ਸਕਦਾ ਹੈ…
ਬਹੁਤੇ ਛੋਟੇ ਬੱਚਿਆਂ ਨੂੰ ਨਾਲ ਨਾ ਲੈ ਕੇ ਜਾਣਾ… ਕਿਉਂਕਿ ਓਹ ਇਸਨੂੰ ਨਾ ਸਮਝ ਸਕਣਗੇ ਨਾ ਹੀ ਇਨਜੁਆਇ ਕਰ ਸਕਣਗੇ ਉਲਟਾ ਆਸ ਪਾਸ ਵਾਲਿਆਂ ਲਈ ਵੀ ਪ੍ਰੇਸ਼ਾਨੀ ਪੈਦਾ ਕਰਨਗੇ…ਆਪਣੇ ਗੈਰ ਸੰਜੀਦਾ ਦੋਸਤਾਂ ਨੂੰ ਵੀ ਘਰੇ ਹੀ ਰਹਿਣ ਦੇਣਾ…ਕਿਉਂਕਿ ਓਹ ਬੜੇ ਐਸੇ ਦ੍ਰਿਸ਼ਾਂ ਵਿੱਚ ਵੀ ਹੱਸ ਪੈਣਗੇ ਜੋ ਤੁਸੀਂ ਭਾਵੁਕ ਹੋ ਕੇ ਦੇਖ ਰਹੇ ਹੋਵੋਗੇ….
ਇਹ ਫ਼ਿਲਮ ਤੁਹਾਡੀ ਉਸ ਤੜਫ ਨੂੰ ਬਿਆਨ ਕਰਦੀ ਹੈ ਜਿਸਨੂੰ ਬਹੁਤੇ ਲੋਕ ਸਮਝਣ ਨੂੰ ਤਿਆਰ ਹੀ ਨਹੀਂ…