ਸਿਨੇਮਾ ਘਰਾਂ ‘ਚ ‘ਦੀ ਬਲੈਕ ਪ੍ਰਿੰਸ’ ਦਾ ਜਲਵਾ

ਸਿਨੇਮਾ ਘਰਾਂ ‘ਚ ‘ਦੀ ਬਲੈਕ ਪ੍ਰਿੰਸ’ ਦਾ ਜਲਵਾ

ਮਹਾਰਾਜਾ ਦਲੀਪ ਸਿੰਘ ਦੀ ਅਣਕਹੀ-ਅਣਸੁਣੀ ਦਾਸਤਾਨ ਨੇ ਚੰਡੀਗੜ੍ਹੀਆਂ ਨੂੰ ਟੁੰਬਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫ਼ਿਲਮ ‘ਦੀ ਬਲੈਕ ਪ੍ਰਿੰਸ’ ਨੇ ਸਿੱਖ ਇਤਿਹਾਸ ਨੂੰ ਵੱਡੇ ਪਰਦੇ ‘ਤੇ ਸਜੀਵ ਕਰ ਦਿੱਤਾ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹਾਲੀਵੁੱਡ ਫ਼ਿਲਮ ਨੇ ਚੰਡੀਗੜ੍ਹ ਦੇ ਦਰਸ਼ਕਾਂ ਨੂੰ ਵੀ ਟੁੰਬ ਲਿਆ। ਕੇ.ਆਰ ਫ਼ਿਲਮ ਐਂਡ ਸਟੂਡੀਓਜ਼, ਲਾਸ ਏਂਜਲਸ ਦੇ ਪੰਜਾਬੀ ਮੂਲ ਦੇ ਫ਼ਿਲਮਸਾਜ਼ ਕਵੀ ਰਾਜ਼ ਵਲੋਂ ਨਿਰਦੇਸ਼ਤ ਅਤੇ ਲਿਖਤ ‘ਦਿ ਬਲੈਕ ਪ੍ਰਿੰਸ’ ਪੰਜਾਬ ਰਿਆਸਤ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਹੈ। ਮਹਾਰਾਜਾ ਦਲੀਪ ਸਿੰਘ ਦੀ ਅਣਕਹੀ-ਅਣਸੁਣੀ ਦਾਸਤਾਨ ਨੂੰ ਕਵੀ ਰਾਜ਼ ਨੇ ਪਰਦੇ ‘ਤੇ ਬਾਖ਼ੂਬੀ ਰੂਪਮਾਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ 5 ਵਰ੍ਹਿਆਂ ਦੀ ਉਮਰ ਵਿਚ ਹੀ ਆਪਣੀ ਮਾਂ ਮਹਾਰਾਣੀ ਜਿੰਦਾਂ, ਆਪਣੀ ਰਿਆਸਤ ਤੋਂ ਦੂਰ ਲਿਜਾ ਕੇ ਬਰਤਾਨੀਆ ਲਿਜਾਇਆ ਜਾਂਦਾ ਹੈ। ਉਥੇ ਉਹ ਮਹਾਰਾਣੀ ਵਿਕਟੋਰੀਆ ਦੀ ਛਤਰ-ਛਾਇਆ ਹੇਠ ਪਲਦੇ ਹਨ ਤੇ ਉਨ੍ਹਾਂ ਨੂੰ ਇਸਾਈ ਧਰਮ ਕਬੂਲ ਕਰਵਾਇਆ ਜਾਂਦਾ ਹੈ। ਫੇਰ 13 ਵਰ੍ਹਿਆਂ ਬਾਅਦ ਉਹ ਆਪਣੀ ਮਾਂ (ਜਿਸ ਦਾ ਕਿਰਦਾਰ ਉੱਘੀ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ) ਨੂੰ ਮਿਲਦੇ ਹਨ ਤੇ ਮੁੜ ਆਪਣੇ ਵਤਨ ਦੀਆਂ ਜੜ੍ਹਾਂ ਨਾਲ ਜੁੜਨ ਦੀ ਤਾਂਘ ਉਨ੍ਹਾਂ ਅੰਦਰ ਪੈਦਾ ਹੁੰਦੀ ਹੈ। ਉਹ ਫੇਰ ਸਿੱਖ ਧਰਮ ਕਬੂਲਦੇ ਹਨ ਤੇ ਆਪਣੀ ਰਿਆਸਤ ਹਾਸਲ ਕਰਨ ਲਈ ਵਤਨ ਵਾਪਸੀ ਕਰਦੇ ਹਨ। ਪਰ ਉਨ੍ਹਾਂ ਦੀਆਂ ਨਾ ਮੁੱਕਣ ਵਾਲੀਆਂ ਮੁਸ਼ਕਲਾਂ ਸਦਕਾ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਵੀ ਬੜਾ ਦੁਖਦਾਈ ਹੁੰਦਾ ਹੈ। ਉਨ੍ਹਾਂ ਦੀ ਜਦੋਂ ਮੌਤ ਹੋਈ ਤਾਂ ਉਹ ਪੈਰਿਸ ਵਿਚ ਇਕੱਲੇ ਹੀ ਸਨ ਤੇ ਉਦੋਂ ਉਨ੍ਹਾਂ ਦੀ ਉਮਰ 55 ਵਰ੍ਹਿਆਂ ਦੀ ਸੀ।
ਕੌਮਾਂਤਰੀ ਪੱਧਰ ‘ਤੇ ਇਸ ਫ਼ਿਲਮ ਨੂੰ ਕਾਫ਼ੀ ਸਰਾਹਿਆ ਗਿਆ ਹੈ। ਬਹੁਤਿਆਂ ਦੇ ਮਨਾਂ ਵਿਚੋਂ ਵਿਸਰ ਚੁੱਕੇ ਇਤਿਹਾਸ ਦੇ ਹਿੱਸੇ, ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਨੂੰ ਇਸ ਪੱਖ ਤੋਂ ਜਾਣੂ ਕਰਵਾਉਣ ਤੇ ਉਨ੍ਹਾਂ ਦੇ ਮਨਾਂ ਨੂੰ ਛੂਹਣ ਵਿਚ ਇਹ ਫ਼ਿਲਮ ਸਫਲ ਰਹੀ ਹੈ। ਫ਼ਿਲਮ ਦੀ ਟੀਮ ਵਲੋਂ ਇਤਿਹਾਸ ਨੂੰ ਤੱਥਾਂ ਸਹਿਤ ਪੇਸ਼ ਕਰਨ ਵਿਚ ਸਖ਼ਤ ਮਿਹਨਤ ਕੀਤੀ ਹੈ। ਉੱਘੇ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਅਤੇ ਸ਼ਬਾਨਾ ਆਜ਼ਮੀ ਨੇ ਮਹਾਰਾਣੀ ਜਿੰਦਾਂ ਦਾ ਕਿਰਦਾਰ ਦਾ ਕਿਰਦਰ ਬਾਖੂਬੀ ਨਿਭਾਇਆ ਹੈ। ਫ਼ਿਲਮ ਆਲੋਚਕਾਂ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਚੰਡੀਗੜ੍ਹ ਵਿਚ ਦਰਸ਼ਕਾਂ ਅਤੇ ਖ਼ਾਸ਼ ਸ਼ਖ਼ਸੀਅਤਾਂ ਵਲੋਂ ਫ਼ਿਲਮ ਤੇ ਖ਼ਾਸ ਕਰ ਸ਼ਬਾਨਾ ਆਜ਼ਮੀ ਵਲੋਂ ਨਿਭਾਏ ਗਏ ਕਿਰਦਾਰ ਦੀ ਏਨੀ ਪ੍ਰਸੰਸਾ ਹੋਈ ਕਿ ਸ਼ਬਾਨਾ ਆਜ਼ਮੀ ਉਨ੍ਹਾਂ ਦੇ ਵਿਚਾਰ ਸੁਣ ਕੇ ਭਾਵੁਕ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ।
ਫ਼ਿਲਮ ਦੇ ਪ੍ਰੀਮੀਅਰ ਮੌਕੇ ਫ਼ਿਲਮਸਾਜ਼ ਕਵੀ ਰਾਜ਼, ਸ਼ਬਾਨਾ ਆਜ਼ਮੀ ਤੇ ਸਤਿੰਦਰ ਸਰਤਾਜ ਹਾਜ਼ਰ ਸਨ। ਇਸ ਮੌਕੇ ਦਰਸ਼ਕਾਂ ਵਿਚ ਅਹਿਮ ਸ਼ਖ਼ਸੀਅਤਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ, ਸਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ, ਹਾਕੀ ਓਲੰਪੀਅਨ ਬਲਬੀਰ ਸਿੰਘ, ਪੰਜਾਬ ਯੂਨੀਵਰਸਿਟੀ ਦੇ ਵੀ.ਸੀ.  ਅਰੂਣ ਗਰੋਵਰ, ਉੱਘੀ ਲੇਖਿਕਾ ਦਲੀਪ ਕੌਰ ਟਿਵਾਣਾ, ਰੰਗਮੰਚ ਦੀ ਉੱਘੀ ਹਸਤੀ ਨੀਲਮ ਮਾਨ ਸਿੰਘ, ਵੈਟਰਨ ਅਥਲੀਟ ਮਾਤਾ ਮਾਨ ਕੌਰ, ਸਿਆਸਤਦਾਨ ਬੀਰ ਦਵਿੰਦਰ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਭਾਈ ਅਸ਼ੋਕ ਸਿੰਘ ਬਾਗੜੀਆ, ਪੱਤਰਕਾਰਾਂ ਵਿਚੋਂ ਸੁਖਦੇਵ ਭਾਈ, ਜਗਤਾਰ ਸਿੰਘ ਤੇ ਕਰਮਜੀਤ ਸਿੰਘ ਅਤੇ ਉਘੇ ਕਹਾਣੀਕਾਰ ਗੁਲਜ਼ਾਰ ਸੰਧੂ ਮੌਜੂਦ ਸਨ।
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ, ”ਇਹ ਬਹੁਤ ਅੱਛੀ ਤੇ ਸੱਚੀ ਫ਼ਿਲਮ ਹੈ। ਮੈਨੂੰ ਬਹੁਤ ਚੰਗੀ ਲੱਗੀ। ਇਹਦੇ ‘ਚ ਕੋਈ ਝੂਠ ਸ਼ਾਮਲ ਨਹੀਂ। ਬਹੁਤ ਬੇਬਾਕ ਹੋ ਕੇ ਪੂਰੀ ਟੀਮ ਨੇ ਇਹ ਫ਼ਿਲਮ ਬਣਾਈ ਹੈ।”
‘ਵਰਲਡ ਸਿੱਖ ਨਿਊਜ਼ ਐਡੀਟਰ ਜਗਮੋਹਨ ਸਿੰਘ ਟੋਨੀ ਅਨੁਸਾਰ-”ਇਹ ਸਿੱਖਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀ ਜਗਿਆਸਾ ਨੂੰ ਉਜਾਗਰ ਕਰਦੀ ਹੈ। 1849 ਵਿਚ ਕਿਵੇਂ ਸਿੱਖ ਰਾਜ ਸਾਥੋਂ ਖੋਹ ਲਿਆ ਗਿਆ ਤੇ ਉਸ ਨੂੰ ਵਾਪਸ ਹਾਸਲ ਕਿਵੇਂ ਕਰਨਾ ਹੈ, ਉਸ ਸਪਿਰਟ ਨੂੰ ਇਸ ਫ਼ਿਲਮ ਰਾਹੀਂ ਪੇਸ਼ ਕੀਤਾ ਗਿਆ ਹੈ। ਦੁਨੀਆ ਭਰ ਵਿਚ ਇਹ ਫ਼ਿਲਮ 3 ਭਾਸ਼ਾਵਾਂ ਵਿਚ ਰਿਲੀਜ਼ ਹੋਈ ਹੈ, ਤੇ ਮੈਂ ਸਮਝਦਾ ਹਾਂ ਕਿ ਸਿੱਖਾਂ ਲਈ ਇਹ ਵਧੀਆ ਮੌਕਾ ਹੋਵੇਗਾ ਆਪਣੇ ਬੱਚਿਆਂ ਨੂੰ ਦੱਸਣ ਲਈ ਕਿ ਸਾਡਾ ਵਿਰਸਾ ਕਿਹੋ ਜਿਹਾ ਸੀ।”
ਵੀ.ਸੀ. ਅਰੂਣ ਗਰੋਵਰ ਨੇ ਕਿਹਾ, ‘ਫ਼ਿਲਮ ਦੇਖ ਮੈਨੂੰ ਬੇਹੱਦ ਖ਼ੁਸ਼ੀ ਹੋਈ ਕਿ ਬਹੁਤ ਹੀ ਖੂਬਸੂਰਤੀ ਨਾਲ ਸਾਡੇ ਵਿਰਸੇ ਨੂੰ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ। ਮੈਂ ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ਼ ਜੀ ਨੂੰ ਯੂਨੀਵਰਸਿਟੀ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਉਹ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਇਸ ਫ਼ਿਲਮ ਦੇ ਪਿਛੋਕੜ, ਫ਼ਿਲਮ ਮੇਕਿੰਗ ਤੇ ਆਪਣੇ ਤਜਰਬੇ ਸਾਂਝੇ ਕਰਨ। ਮੈਂ ਸਮਝਦਾ ਹਾਂ ਕਿ ਬੱਚਿਆਂ ਨੂੰ ਇਸ ਰਾਹੀਂ ਬਹੁਤ ਕੁਝ ਸਿੱਖਣ ਲਈ ਮਿਲੇਗਾ।”
ਸੀਨੀਅਰ ਬਲਬੀਰ ਸਿੰਘ ਨੇ ਕਿਹਾ, ”ਇਸ ਫ਼ਿਲਮ ਨੇ ਸਾਨੂੰ ਆਪਣਾ ਇਤਿਹਾਸ ਯਾਦ ਕਰਵਾ ਦਿੱਤਾ, ਉਹ ਇਤਿਹਾਸ ਜੋ ਅੰਗਰੇਜ਼ਾਂ ਵੇਲੇ ਤੋਂ ਤੁਰਿਆ ਸੀ। ਮੈਂ ਇਹਦੇ ਲਈ ਕਵੀ ਰਾਜ਼ ਤੇ ਜਸਜੀਤ ਸਿੰਘ ਹੋਰਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਸਿੱਖ ਰਾਜ ਬਾਰੇ ਅਣਗੌਲੇ ਹਿੱਸੇ ਨੂੰ ਸਾਡੇ ਸਾਹਮਣੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ।”
ਬੀਬੀ ਹਰਜਿੰਦਰ ਕੌਰ ਨੇ ਸ਼ਬਾਨਾ ਆਜ਼ਮੀ ਦੇ ਕੰਮ ਦੀ ਸਰਾਹਨਾ ਕਰਦਿਆਂ ਕਿਹਾ, ”ਹਿਸਟਰੀ ਵਿਚ ਇਕ ਕੋਟ ਹੈ-ਪੰਜਾਬ ਵਿਚ ਇਕੋ ਮਰਦ ਸੀ, ਉਹ ਸੀ ਮਹਾਰਾਣੀ ਜਿੰਦਾਂ। ਤੁਸੀਂ ਭਾਸ਼ਾ ਦਾ ਬੈਰੀਅਰ ਤੋੜਦਿਆਂ ਮਹਾਰਾਣੀ ਜਿੰਦਾਂ ਦਾ ਕਿਰਦਾਰ ਨਿਭਾਉਂਦਿਆਂ ਜੋ ਭਾਵਨਾਵਾਂ ਇਸ ਕਿਰਦਾਰ ਵਿਚ ਭਰੀਆਂ ਹਨ, ਤੁਸੀਂ ਮਹਾਰਾਣੀ ਜਿੰਦਾਂ ਦੀ ਰੂਹ ਪੂਰੀ ਤਰ੍ਹਾਂ ਆਪਣੇ ਕਿਰਦਾਰ ਵਿਚ ਭਰ ਦਿੱਤੀ, ਮੈਂ ਇਹਦੇ ਲਈ ਤੁਹਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਸਰਤਾਜ ਸਾਡਾ ਬੱਚਾ ਹੈ ਤੇ ਇਤਿਹਾਸ ਦੇ ਇਸ ਪੰਨੇ ‘ਤੇ ਉਸ ਨੂੰ ਰੂਬਰੂ ਦੇਖ ਕੇ ਬਹੁਤ ਖ਼ੁਸ਼ੀ ਹੋਈ। ਅਸੀਂ ਇਤਿਹਾਸ ਦੇ ਇਸ ਪੰਨੇ ਨਾਲ ਰੂਹ ਤੋਂ ਜੁੜੇ ਹੋਏ ਹਾਂ ਤੇ ਅਸੀਂ ਇਬਾਦਤ ਵਾਂਗ ਇਸ ਫ਼ਿਲਮ ਨੂੰ ਮਾਣਿਆ ਹੈ ਤੇ ਇਸ ਗੱਲ ਨੂੰ ਅੱਗੇ ਤੋਰਾਂਗੇ।”
ਆਮ ਦਰਸ਼ਕਾਂ ਵਿਚੋਂ ਫ਼ਿਲਮ ਦਾ ਪਹਿਲਾ ਸ਼ੋਅ ਦੇਖਣ ਆਈ ਪਰਾਚੀ ਨੰਦਾ ਨੇ ਫ਼ਿਲਮ ਦੇਖਣ ਤੋਂ ਬਾਅਦ ਕਿਹਾ, ”ਇਹ ਦੁਖਾਂਤਕ ਕਹਾਣੀ ਸਿੱਖਾਂ ਦੇ ਵਿਸਰ ਚੁੱਕੇ ਸਭਿਆਚਾਰ ਅਤੇ ਪਰੰਪਰਾਵਾਂ ਬਾਰੇ ਬੜੇ ਮਾਣ ਨਾਲ ਰੌਸ਼ਨੀ ਪਾਉਂਦੀ ਹੈ। ਸਹੀ ਅਰਥਾਂ ਵਿਚ ਇਹ ਤੁਹਾਡੇ ਦਿਲ ਨੂੰ ਛੂਹ ਜਾਂਦੀ ਹੈ। ਜ਼ਾਹਰਾ ਤੌਰ ‘ਤੇ ਇਹ ਅੱਜ ਕੱਲ੍ਹ ਦੀਆਂ ਫ਼ਿਲਮਾਂ ਤੋਂ ਹਟ ਕੇ ਹੈ ਤੇ ਇਹ ਫ਼ਿਲਮ ਦੇਖਦਿਆਂ ਤੁਸੀਂ ਖ਼ੁਦ ਨੂੰ ਉਸ ਦੌਰ ਵਿਚ ਮਹਿਸੂਸ ਕਰਦੇ ਹੋ।”
ਵਿਜੈ ਧੀਰ ਨੇ ਕਿਹਾ, ”ਮੈਨੂੰ ਇਹ ਫ਼ਿਲਮ ਬਹੁਤ ਚੰਗੀ ਲੱਗੀ ਕਿਉਂਕਿ ਇਸ ਇਤਿਹਾਸਕ ਪੱਖ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ। ਫ਼ਿਲਮ ਦਾ ਉਹ ਦ੍ਰਿਸ਼ ਮੈਨੂੰ ਬਹੁਤ ਭਾਵੁਕ ਲੱਗਿਆ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੀ ਤਲਵਾਰ ਚੁੱਕ ਕੇ ਮੱਥੇ ਨਾਲ ਲਾਉਂਦੇ ਹਨ। ਸਾਡੀ ਪੀੜ੍ਹੀ ਨੂੰ ਇਤਿਹਾਸ ਦੇ ਇਸ ਪੱਖ ਬਾਰੇ ਜਾਣਕਾਰੀ ਦੇਣ ਲਈ ਮੈਂ ਫ਼ਿਲਮ ਬਣਾਉਣ ਵਾਲਿਆਂ ਦਾ ਸ਼ੁਕਰਿਆ ਕਰਦਾ ਹਾਂ।”
ਪਹਿਲੇ ਦਿਨ ਪਹਿਲਾ ਸ਼ੋਅ ਦੇਖਣ ਆਏ ਵਿਦਿਆਰਥੀ ਅਰੂਜ ਜੈਨ ਨੇ ਕਿਹਾ, ”ਮੈਂ ਸਰਤਾਜ ਦੀ ਅਦਾਕਾਰੀ ਦੇਖ ਕੇ ਬਹੁਤ ਪ੍ਰਭਾਵਤ ਹੋਇਆ। ਉਸ ਨੇ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਨੂੰ ਜੀਵਤ ਕਰ ਦਿੱਤਾ ਹੈ। ਇਹ ਉਨ੍ਹਾਂ ਫ਼ਿਲਮਾਂ ਵਿਚ ਸ਼ੁਮਾਰ ਹੈ, ਜੋ ਆਪਣੀ ਵਿਲੱਖਣਤਾ ਦੇ ਨਾਲ ਨਾਲ ਇਤਿਹਾਸਕ ਪੱਖਾਂ ਨੂੰ ਵੀ ਖ਼ੂਬਸੂਰਤੀ ਨਾਲ ਉਜਾਗਰ ਕਰਦੀ ਹੈ। ਇਸ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਇਸ ਦੀ ਟੀਮ ਨੇ ਖੋਜ ਭਰਪੂਰ ਕਾਰਜ ਬੜੀ ਜ਼ਿੰਮੇਵਾਰੀ ਨਾਲ ਕੀਤਾ ਹੈ। ਮੈਂ ਸਮਝਦਾ ਹਾਂ ਕਿ ਹਰੇਕ ਪੰਜਾਬੀ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ ਤੇ ਯਕੀਨ ਹੈ ਕਿ ਇਹ ਫ਼ਿਲਮ ਉਨ੍ਹਾਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਦੇ ਹੋਰ ਨੇੜੇ ਲੈ ਆਵੇਗੀ। ਇਹ ਫ਼ਿਲਮ ਸਾਡੇ ਪਿਛੋਕੜ ਨੂੰ ਪ੍ਰਤੱਖ ਪੇਸ਼ ਕਰਦੀ ਹੈ।”
ਸ਼ਰੂਤੀ ਗਰਗ ਦਾ ਕਹਿਣਾ ਹੈ, ”ਫ਼ਿਲਮ ਵਿਚ ਇਤਿਹਾਸ ਤੇ ਕਾਲਪਨਿਕ ਸਿਰਜਣਾ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੀ ਟੀਮ ਨੇ ਆਜ਼ਾਦੀ ਅੰਦੋਲਨ ਦੇ ਅਣਗੌਲੇ ਨਾਇਕ ਮਹਾਰਾਜਾ ਦਲੀਪ ਸਿੰਘ ਨੂੰ ਪਰਦੇ ‘ਤੇ ਪੇਸ਼ ਕਰਕੇ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿਚ ਅਹਿਮ ਯੋਗਦਾਨ ਪਾਇਆ ਹੈ।”

‘ਦੀ ਬਲੈਕ ਪ੍ਰਿੰਸ’ ਨੂੰ ਦੇਸ਼-ਵਿਦੇਸ਼ ਦੇ ਆਲੋਚਕਾਂ ਦਾ ਭਰਵਾਂ ਹੁੰਗਾਰਾ
ਦਰਸ਼ਕਾਂ ਵਲੋਂ 100% ਰੇਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ :
ਕਿਸੇ ਵੀ ਫ਼ਿਲਮਸਾਜ਼, ਨਿਰਮਾਤਾ, ਨਿਰਦੇਸ਼ਕ ਲਈ ਆਪਣੇ ਇਤਿਹਾਸ ਨੂੰ ਫ਼ਿਲਮੀ ਪਰਦੇ ‘ਤੇ ਜਿਉਂਦਾ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਮਹੀਨਿਆਂ-ਵਰ੍ਹਿਆਂ ਦਾ ਖੋਜ ਕਾਰਜ ਚਲਦਾ ਹੈ, ਸੱਚ ਕਿਤੇ ਕਹਾਣੀ ਦੇ ਤਾਣੇ-ਬਾਣੇ ਵਿਚ ਹੀ ਉਲਝ ਕੇ ਨਾ ਰਹਿ ਜਾਵੇ, ਇਸ ਲਈ ਬੜੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਪੂਰੀ ਟੀਮ ਦੇ ਤਾਲ-ਮੇਲ ਤੇ ਸਖ਼ਤ ਮਿਹਨਤ ਮਗਰੋਂ ਹੀ ‘ਦੀ ਬਲੈਕ ਪ੍ਰਿੰਸ’ ਵਰਗੀ ਫ਼ਿਲਮ ਦਰਸ਼ਕਾਂ ਸਾਹਮਣੇ ਪੇਸ਼ ਹੁੰਦੀ ਹੈ। ਮਹਾਰਾਜਾ ਦਲੀਪ ਸਿੰਘ ਦੇ ਸੱਚ ਨੂੰ ਪੰਜਾਬੀਆਂ ਅਤੇ ਪੂਰੀ ਦੁਨੀਆ ਅੱਗੇ ਪੇਸ਼ ਕਰਨ ਲੱਗਿਆਂ ਫ਼ਿਲਮਸਾਜ਼ ਤੇ ਨਿਰਦੇਸ਼ਕ ਕਵੀ ਰਾਜ਼ ਤੇ ਨਿਰਮਾਤਾ ਜਸਜੀਤ ਸਿੰਘ ਨੇ ਵੀ ਪੂਰੀ ਮਿਹਨਤ, ਲਗਨ ਤੇ ਜ਼ਿੰਮੇਵਾਰੀ ਨਾਲ ਇਹ ਚੁਣੌਤੀ ਕਬੂਲੀ ਸੀ ਤੇ ਉਹ ਇਸ ਨੂੰ ਬਿਹਤਰੀਨ ਤਰੀਕੇ ਨਾਲ ਪੇਸ਼ ਕਰਨ ਵਿਚ ਕਾਮਯਾਬ ਵੀ ਹੋਏ ਹਨ।
ਕੌਮਾਂਤਰੀ ਪੱਧਰ ‘ਤੇ ਨਾਮਨਾ ਖੱਟਣ ਤੋਂ ਬਾਅਦ ਇਹ ਭਾਰਤ, ਪੰਜਾਬ ਤੇ ਚੰਡੀਗੜ੍ਹ ਦੇ ਸਿਨੇਮਾਂ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਈ ਫ਼ਿਲਮ ਨੂੰ ਜਿੱਥੇ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਫ਼ਿਲਮ ਦੇ ਆਲੋਚਕਾਂ ਨੇ ਵੀ ਚੰਗੇ ਅੰਕ ਦਿੱਤੇ ਹਨ। ਅਮਰੀਕਾ (ਨਿਊ ਯਾਰਕ ਟਾਈਮਜ਼, ਲਾਸ ਏਂਜਲਸ ਟਾਈਮਜ਼, ਐਨ.ਬੀ.ਸੀ. ਟੀਵੀ), ਕੈਨੇਡਾ (ਸੀ.ਟੀਵੀ., ਸੀਬੀਸੀ ਰੇਡੀਓ, ਟੋਰਾਂਟੋ ਸਟਾਰ, ਵੈਨਕੁਵਰ ਸਨ), ਲੰਡਨ (ਦੀ ਗਾਰਡੀਅਨ, ਸੀਐਨਐਨ), ਆਸਟਰੇਲੀਆ (ਦੀ ਆਸਟਰੇਲੀਅਨ, ਦੀ ਸਿਡਨੀ ਹੇਰਾਲਡ, ਦੀ ਐਡੀਲੇਡ ਰਿਵਿਊ), ਭਾਰਤ ਤੇ ਪਾਕਿਸਤਾਨ ਦੇ ਮੀਡੀਏ ਨੇ ਫ਼ਿਲਮ ਦੀ ਚੰਗੀ ਕਵਰੇਜ ਕੀਤੀ ਹੈ। ‘ਦੀ ਬਲੈਕ ਪ੍ਰਿੰਸ’ ਦੀ ਟੀਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਫ਼ਿਲਮ ਨੂੰ ਕੌਮਾਂਤਰੀ ਪੱਧਰ ‘ਤੇ ਰੇਟਿੰਗ ਦੇਣ ਵਿਚ ਵਿਚਾਰਿਆ ਗਿਆ। ਕੈਨੇਡਾ ਦੇ ਬਿਹਤਰੀਨ ਟੀਵੀ ਸਟੇਸ਼ਨਾਂ ਵਿਚ ਇਕ ਸੀ.ਟੀਵੀ. ਦੇ ਜਿਮ ਗਾਰਡਨ ਨੇ 10 ਵਿਚੋਂ 7 ਅੰਕ ਦਿੱਤੇ ਹਨ। ਸੀਬੀਸੀ ਰੇਡੀਓ ਦੇ ਕੈਥਰੀਨ ਮੌਂਕ ਨੇ 3 ਸਟਾਰ ਦਿੱਤੇ ਹਨ। ਦੀ ਆਸਟਰੇਲੀਅਨ ਨੇ ਵੀ ਇਸ ਫ਼ਿਲਮ ਨੂੰ 3 ਸਟਾਰ ਦਿੱਤੇ ਹਨ। ਭਾਰਤ ਦੇ ਟਾਈਮਜ਼ ਆਫ਼ ਇੰਡੀਆ ਨੇ ਵੀ 3 ਸਟਾਰ ਦਿੱਤੇ ਹਨ। ਦਰਸ਼ਕਾਂ ਦੇ ਭਰਪੂਰ ਹੁੰਗਾਰੇ ਦੀ ਗੱਲ ਕਰਦਿਆਂ ਆਈ.ਐਮ.ਡੀ.ਬੀ. ਨੇ 10 ਵਿਚੋਂ 8.2 ਰੇਟਿੰਗ ਦਿੱਤੀ ਹੈ। 95% ਗੂਗਲ ਯੂਜ਼ਰਜ਼ ਨੇ ਫ਼ਿਲਮ ਨੂੰ ਪਸੰਦ ਕੀਤਾ ਹੈ। ਰੌਟਨ ਟੋਮੋਟੋਜ਼-ਟੋਮਾਟੋਮੀਟਰ ਨੇ ਦਰਸ਼ਕਾਂ ਦਾ 100 ਫੀਸਦੀ ਹੁੰਗਾਰਾ ਦਰਸਾਇਆ ਹੈ। ਬੁੱਕ ਮਾਈ ਸ਼ੋਅ ਦੀ ਇਕ ਦੀ ਰੇਟਿੰਗ 7.1 ਰਹੀ। ਸੋ, ਕੁੱਲ ਮਿਲਾ ਕੇ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਹਾਂ, ਕੁਝ ਨਾ-ਪੱਖੀ ਰੁਝਾਨਾਂ ਵਾਲੇ ਆਲੋਚਕਾਂ ਨੇ ਇਸ ਦੀ ਰੇਟਿੰਗ ਘੱਟ ਦੱਸੀ ਹੈ, ਪਰ ਇਹ ਆਲੋਚਕ ਕੌਮਾਂਤਰੀ ਪੱਧਰ ਦੇ ਫ਼ਿਲਮ ਆਲੋਚਕਾਂ ਵਿਚ ਮਾਨਤਾ ਨਹੀਂ ਰੱਖਦੇ। ਇਤਿਹਾਸ ਦੇ ਅਣਗੌਲੇ ਹਿੱਸੇ ਨੂੰ ਜੇਕਰ ਤੁਸੀਂ ਜਾਣਨਾ ਹੈ, ਤਾਂ ਤੁਹਾਨੂੰ ਇਹ ਫ਼ਿਲਮ ਸਿਨੇਮਾਂ ਘਰਾਂ ਵਿਚ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਆਪਣੀ ਰਾਏ ਖ਼ੁਦ ਬਣਾਉਣੀ ਚਾਹੀਦੀ ਹੈ।