ਜਹਾਜ਼ ਅਗਵਾ ਕਾਂਡ ਮਾਮਲੇ ‘ਚੋਂ ਦਲ ਖ਼ਾਲਸਾ ਦੇ ਕਾਰਕੁਨਾਂ ਨੂੰ ਮਿਲੀ ਪੱਕੀ ਜ਼ਮਾਨਤ

ਜਹਾਜ਼ ਅਗਵਾ ਕਾਂਡ ਮਾਮਲੇ ‘ਚੋਂ ਦਲ ਖ਼ਾਲਸਾ ਦੇ ਕਾਰਕੁਨਾਂ ਨੂੰ ਮਿਲੀ ਪੱਕੀ ਜ਼ਮਾਨਤ

ਕੈਪਸ਼ਨ-ਦਲ ਖਾਲਸਾ ਦੇ ਕਾਰਕੁਨ ਸਤਨਾਮ ਸਿੰਘ ਪਾਉਂਟਾ ਸਾਹਿਬ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼ :
ਤਕਰੀਬਨ 36 ਸਾਲ ਪੁਰਾਣੇ ਜਹਾਜ਼ ਅਗਵਾ ਮਾਮਲੇ ਦੀ ਮੁੜ ਸੁਣਵਾਈ ਕਰਦਿਆਂ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਇਸ ਮਾਮਲੇ ਵਿੱਚ ਪੇਸ਼ ਹੋਏ ਦਲ ਖ਼ਾਲਸਾ ਦੇ ਦੋ ਸਿੱਖ ਆਗੂਆਂ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਤੇਜਿੰਦਰਪਾਲ ਸਿੰਘ ਦੀ ਪੱਕੀ ਜ਼ਮਾਨਤ  ਦੀ ਅਰਜ਼ੀ ਪ੍ਰਵਾਨ ਕਰ ਲਈ ਹੈ। ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ ਨਿਰਧਾਰਿਤ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਦੋਵਾਂ ਸਿੱਖ ਆਗੂਆਂ ਵੱਲੋਂ ਸੀਨੀਅਰ ਵਕੀਲ ਮੋਹਿਤ ਮਾਥੁਰ ਅਤੇ ਮਨੀਸ਼ਾ ਭੰਡਾਰੀ ਅਦਾਲਤ ਵਿੱਚ ਪੇਸ਼ ਹੋਏ, ਜਿਨ੍ਹਾਂ ਅਦਾਲਤ ਅੱਗੇ ਸਾਰੇ ਪੱਖ ਰੱਖੇ। ਉਨ੍ਹਾਂ ਕਿਹਾ ਕਿ ਦੋਵੇਂ ਪਹਿਲਾਂ ਹੀ ਇਸ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ ਹਨ। ਇਸੇ ਮਾਮਲੇ ਵਿੱਚ ਦਿੱਲੀ ਅਦਾਲਤ ਵੱਲੋਂ ਸਤਨਾਮ ਸਿੰਘ ਨੂੰ ਬਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਸ ਪੱਖ ਨੂੰ ਵਿਚਾਰਨ ਮਗਰੋਂ ਦੋਵਾਂ ਸਿੱਖ ਆਗੂਆਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਪਹਿਲਾਂ ਅਦਾਲਤ ਵੱਲੋਂ ਦੋਵਾਂ ਨੂੰ ਸਿਰਫ਼ ਦੋ ਦਿਨ ਦੀ ਆਰਜ਼ੀ ਜ਼ਮਾਨਤ ਦਿੱਤੀ ਗਈ ਸੀ।
ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ 36 ਸਾਲ ਪੁਰਾਣੇ ਹਵਾਈ ਜਹਾਜ਼ ਅਗਵਾ ਕੇਸ ਵਿੱਚ ਨਵੀਆਂ ਧਾਰਾਵਾਂ ਅਧੀਨ ਦਿੱਲੀ ਪੁਲੀਸ ਵੱਲੋਂ ਦੋ ਸਿੱਖਾਂ ‘ਤੇ ਮੁੜ ਮੁਕੱਦਮਾ ਚਲਾਉਣ ਨੂੰ ਇੱਕ ਦੋਸ਼ ਵਿੱਚ ਦੋ ਵਾਰ ਸਜ਼ਾ ਨਾ ਦੇ ਸਕਣ ਦੇ ਸਿਧਾਂਤ ਅਤੇ ਜਨੇਵਾ ਕਨਵੈਨਸ਼ਨ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਤੁਰੰਤ ਦਖ਼ਲ ਦੇਣ ਅਤੇ ਨਿਆਂ ਦੇਣ ਦੀ ਅਪੀਲ ਕੀਤੀ ਹੈ।
ਕੈਪਟਨ ਵਲੋਂ ਭਰੋਸਾ- ਦੋਵੇਂ ਸਿੱਖਾਂ ਨੂੰ ਕਾਨੂੰਨੀ ਮੱਦਦ ਦੇਵਾਂਗੇ :
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵੇਂ ਸਿੱਖਾਂ ਨੂੰ ਕਾਨੂੰਨੀ ਮੱਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਗਵਾ ਦੀ ਘਟਨਾ ਨਿੰਦਣਯੋਗ ਹੈ ਪਰ ਉਸੇ ਅਪਰਾਧ ਲਈ ਪਾਕਿਸਤਾਨ ਵਿੱਚ ਉਮਰ ਕੈਦ ਭੁਗਤ ਚੁੱਕੇ ਦੋਵਾਂ ਸਿੱਖਾਂ ਖ਼ਿਲਾਫ਼ ਮੁੜ ਕਾਨੂੰਨੀ ਕਾਰਵਾਈ ਦੀ ਕੋਸ਼ਿਸ਼ ਨਿਆਂ ਨਾਲ ਗੰਭੀਰ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦੋਹਰੀ ਸਜ਼ਾ ਦੇਣ ਦੇ ਬਰਾਬਰ ਹੋਵੇਗਾ। ਉਨ੍ਹਾਂ ਲੋੜ ਪੈਣ ‘ਤੇ ਦੋਵਾਂ ਸਿੱਖਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਗ੍ਰਹਿ ਵਿਭਾਗ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਹਦਾਇਤ ਕਰ ਦਿੱਤੀ ਹੈ।