ਇੰਦੌਰ ‘ਚ ਸਮਾਰਟ ਸਿਟੀ ਬਣਾਉਣ ਦੇ ਨਾਂ ‘ਤੇ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਢਾਹਿਆ

ਇੰਦੌਰ ‘ਚ ਸਮਾਰਟ ਸਿਟੀ ਬਣਾਉਣ ਦੇ ਨਾਂ ‘ਤੇ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਢਾਹਿਆ

ਸੜਕ ‘ਤੇ ਬਣੇ ਹੋਰ ਧਾਰਮਿਕ ਸਥਾਨਾਂ ਨੂੰ ਬਿਲਕੁਲ ਨਹੀਂ ਛੇੜਿਆ
ਇੰਦੌਰ/ਬਿਊਰੋ ਨਿਊਜ਼ :
ਇੰਦੌਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀ ਕਾਰਵਾਈ ਤਹਿਤ ਇਕ ਸੜਕ ਨੂੰ ਚੌੜੀ ਕਰਨ ਲਈ ਰਾਜ ਮੁਹੱਲਾ ਦੀ ਮੇਨ ਰੋਡ ‘ਤੇ ਬਣੇ ਗੁਰਦੁਆਰਾ ਕਰਤਾਰ ਕੀਤਰਨ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤੀ ਜਦਕਿ ਇਸ ਇਲਾਕੇ ਵਿਚ ਤੇ ਸ਼ਹਿਰ ਵਿਚ ਹੋਰਨਾਂ ਸੜਕਾਂ ‘ਤੇ ਬਣੇ ਧਾਰਮਿਕ ਸਥਾਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਸ਼ਨਿੱਚਰਵਾਰ ਦੁਪਹਿਰ ਵੇਲੇ ਹੋਈ ਇਸ ਕਾਰਵਾਈ ਸਮੇਂ ਪਹਿਲੀ ਮੰਜ਼ਿਲ ‘ਤੇ ਸਥਿਤ ਗੁਰਦੁਆਰਾ ਸਾਹਿਬ ਵਿਚੋਂ ਸਿੱਖ ਪੁਰਸ਼ਾਂ ਅਤੇ ਬੀਬੀਆਂ ਨੂੰ ਧੱਕੇ ਨਾਲ ਬਾਹਰ ਕੱਢਣ ਲਈ ਫੋਰਸ ਦਾ ਸਹਾਰਾ ਲਿਆ ਗਿਆ ਤੇ ਦੋਸ਼ ਹੈ ਕਿ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਹ ਵੀ ਦਾਅਵਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਮਾਮਲੇ ਵਿਚ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ।
ਸਿੱਖ ਸੰਗਤਾਂ ਦਾ ਰੋਸ ਇਹ ਹੈ ਕਿ ਸਾਰੇ ਇੰਦੌਰ ਵਿਚ ਸੜਕਾਂ ਚੌੜੀਆਂ ਕਰਨ ਦੀ ਯੋਜਨਾ ਹੋਣ ਅਤੇ ਕਈਆਂ ਧਾਰਮਿਕ ਅਸਥਾਨਾਂ ਦੇ ਇਸ ਕਾਰਨ ਹਟਾਏ ਜਾਣ ਦੀ ਲੋੜ ਤੇ ਪ੍ਰੋਗਰਾਮ ਹੋਣ ਦੇ ਬਾਵਜੂਦ ਸਿਰਫ਼ ਤੇ ਸਿਰਫ਼ ਸਿੱਖ ਗੁਰੂ ਘਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਜਦਕਿ ਇਸੇ ਇਲਾਕੇ ਵਿਚ ਅਤੇ ਹੋਰਨਾਂ ਇਲਾਕਿਆਂ ਵਿਚ ਜਿੱਥੇ ਤੋੜ ਫੋੜ ਕੀਤੀ ਜਾਣੀ ਹੈ ਜਾਂ ਕੀਤੀ ਜਾ ਰਹੀ ਹੈ, ਕਿਤੇ ਵੀ ਕਿਸੇ ਧਰਮ ਅਸਥਾਨ ਨੂੰ ਨਹੀਂ ਛੇੜਿਆ ਗਿਆ।
ਕਮੇਟੀ ਅਨੁਸਾਰ ਇੰਦੌਰ ਦੀ ਭਾਜਪਾ ਨਾਲ ਸਬੰਧਤ ਮੇਅਰ ਮਾਲਿਨੀ ਗੌੜ ਵਲੋਂ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਸਭ ਧਰਮ ਅਸਥਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨਾਲ ਕੋਈ ਗੱਲ ਨਜਿੱਠਣ ਮਗਰੋਂ ਹੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਵੇਗੀ ਪਰ ਅਚਨਚੇਤ ਕਾਰਵਾਈ ਕਰ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਅਜੇ ਵੀ ਹੋਰਨਾਂ ਧਾਰਮਿਕ ਅਸਥਾਨਾਂ ਵਿਰੁੱਧ ਕੋਈ ਕਾਰਵਾਈ ਇਹ ਕਹਿ ਕੇ ਨਹੀਂ ਕੀਤੀ ਜਾ ਰਹੀ ਕਿ ਉਨ੍ਹਾਂ ਨਾਲ ਗੱਲਬਾਤ ਨਜਿੱਠ ਕੇ ਹੀ ਕੋਈ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਵੱਖਰੇ ਤੌਰ ‘ਤੇ ਨਿਸ਼ਾਨਾ ਬਣਾਏ ਜਾਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ।
ਪ੍ਰਬੰਧਕੀ ਕਮੇਟੀ ਦੇ ਨੁਮਾਇੰਦਿਆਂ ਨੇ ਦਸਿਆ ਕਿ 2003 ਤੋਂ ਇਹ ਗੁਰਦੁਆਰਾ ਹੋਂਦ ਵਿਚ ਹੈ। ਪਹਿਲੀ ਮੰਜ਼ਿਲ ‘ਤੇ ਸਥਿਤ ਗੁਰਦੁਆਰਾ ਸਾਹਿਬ ਦੀ ਇਹ ਮੰਜ਼ਿਲ ਇਕ ਸ਼ਰਧਾਲੂ ਨੇ ਕਰਤਾਰ ਕੀਰਤਨ ਗੁਰਮਤਿ ਸੰਗੀਤ ਸਮਿਤੀ ਨਾਂ ਦੇ ਟਰੱਸਟ ਨੂੰ ਗੁਰਦੁਆਰੇ ਲਈ ਦਿੱਤੀ ਸੀ ਤੇ ਇਸ ਦਾ ਪ੍ਰਬੰਧ ਅੰਮ੍ਰਿਤਧਾਰੀ ਸਿੰਘਾਂ ਵਲੋਂ ਕੀਤਾ ਜਾਂਦਾ ਹੈ। ਗੁਰਦੁਆਰੇ ਦੇ ਪ੍ਰਬੰਧ ਲਈ ਬਣੀ ਕਮੇਟੀ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਤੇ ਜਨਰਲ ਸਕੱਤਰ ਸ. ਸਨਮੀਤ ਸਿੰਘ ਹਨ। ਗੁਰਦੁਆਰਾ ਕਮੇਟੀ ਦਾ ਦੋਸ਼ ਹੈ ਕਿ ਇੰਦੌਰ ਵਿਚ ਸਿੰਘ ਸਭਾਵਾਂ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ, ਜੋ ਖ਼ੁਦ ਭਾਜਪਾ ਨਾਲ ਸਬੰਧਤ ਹਨ, ਨੇ ਵੀ ਇਸ ਮਾਮਲੇ ਵਿਚ ਗੁਰਦੁਆਰੇ ਵਿਰੁੱਧ ਐਕਸ਼ਨ ਨੂੰ ਰੋਕਣ ਵਿਚ ਕੋਈ ਮਦਦ ਨਹੀਂ ਕੀਤੀ। ਪ੍ਰਬੰਧਕਾਂ ਅਨੁਸਾਰ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਥਿਤੀ ਤੋਂ ਪਹਿਲਾਂ ਹੀ ਜਾਣੂ ਕਰਵਾਇਆ ਸੀ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧੀ ਇਕ ਪੱਤਰ ਮੇਅਰ ਨੂੰ ਲਿਖਿਆ ਸੀ ਪਰ ਇਸ ਦੇ ਬਾਵਜੂਦ ਐਕਸ਼ਨ ਕਰ ਦਿੱਤਾ ਗਿਆ।