‘ਗਊ ਰਾਖਿਆਂ’ ਨੇ 7 ਮਹੀਨਿਆਂ ‘ਚ ਕੀਤੇ 27 ਹਮਲੇ

‘ਗਊ ਰਾਖਿਆਂ’ ਨੇ 7 ਮਹੀਨਿਆਂ ‘ਚ ਕੀਤੇ 27 ਹਮਲੇ

ਨਵੀਂ ਦਿੱਲੀ/ਬਿਊਰੋ ਨਿਊਜ਼ :
ਮੌਜੂਦਾ ਸਾਲ ਦੇ ਸੱਤ ਮਹੀਨਿਆਂ ਦੌਰਾਨ ਗਊ ਰੱਖਿਆ ਦੇ ਨਾਂ ‘ਤੇ ਵਾਪਰੀਆਂ ਹਿੰਸਕ ਘਟਨਾਵਾਂ ਤਹਿਤ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਦੋ ਔਰਤਾਂ ‘ਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ਵਿਚ ਹੋਇਆ ਹਮਲਾ ਅਜਿਹਾ 26ਵਾਂ ਹਮਲਾ ਸੀ। ਪਹਿਲੀ ਅਪ੍ਰੈਲ ਨੂੰ ਭੀੜ ਵੱਲੋਂ ਪਹਿਲੂ ਖਾਨ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਉਸ ਦੀ ਮੌਤ ਨਾਲ ਇਨ੍ਹਾਂ ਹਮਲਿਆਂ ਦੀ ਗਿਣਤੀ 27 ਹੋ ਗਈ। ਭਾਰਤ ਵਿੱਚ ਅਜਿਹੀ ਹਿੰਸਾ ਦਾ ਰਿਕਾਰਡ ਰੱਖਣ ਵਾਲੇ ਡਾਟਾਬੇਸ ‘ਇੰਡੀਆ ਸਪੈਂਡ’ ਮੁਤਾਬਕ ਪਿਛਲੇ ਅੱਠ ਸਾਲਾਂ ਵਿਚ ਇਹ ਗਿਣਤੀ ਸਭ ਤੋਂ ਵੱਧ ਹੈ। ਡਾਟਾਬੇਸ ਮੁਤਾਬਕ ਪਿਛਲੇ ਅੱਠ ਸਾਲਾਂ ਦੌਰਾਨ ਗਊ ਰੱਖਿਆ ਦੇ ਨਾਂ ‘ਤੇ ਹੋਈ ਹਿੰਸਾ ਦੇ 70 ਕੇਸ ਸਾਹਮਣੇ ਆਏ ਹਨ।
ਅੰਗਰੇਜ਼ੀ ਮੀਡੀਆ ਦੀਆਂ ਰਿਪੋਰਟਾਂ ਦੇ ਮੁਲਾਂਕਣ ਤੋਂ ਬਾਅਦ ਤਿਆਰ ਡਾਟਾਬੇਸ ਮੁਤਾਬਕ 97 ਫ਼ੀਸਦੀ (70 ਵਿਚੋਂ 68) ਮਾਮਲੇ ਮਈ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਸਾਹਮਣੇ ਆਏ ਹਨ। ਅਜਿਹੇ ਮਾਮਲਿਆਂ ਵਿਚੋਂ ਅੱਧੇ ਤੋਂ ਵੱਧ ਜਾਂ 54 ਫ਼ੀਸਦੀ ਭਾਜਪਾ ਵੱਲੋਂ ਸ਼ਾਸਿਤ ਰਾਜਾਂ ਤੋਂ ਹਨ। ਅੰਕੜਿਆਂ ਮੁਤਾਬਕ ਸਾਲ 2010 ਤੋਂ 2017 ਤਕ 51 ਫ਼ੀਸਦੀ ਮਾਮਲਿਆਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਵਿਚ 86 ਫ਼ੀਸਦੀ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਵਿੱਚ 136 ਵਿਅਕਤੀ ਜ਼ਖ਼ਮੀ ਹੋ ਗਏ ਸਨ ਅਤੇ ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਅਫ਼ਵਾਹ ਦੇ ਆਧਾਰ ‘ਤੇ ਹੀ ਕੀਤੇ ਗਏ ਸਨ। ਸਰਕਾਰ ਵੱਲੋਂ 25 ਜੁਲਾਈ ਨੂੰ ਲੋਕ ਸਭਾ ਵਿੱਚ ਦਿੱਤੇ ਗਏ ਬਿਆਨ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ ਗਊ ਰੱਖਿਆ ਦੇ ਨਾਂ ‘ਤੇ ਵਾਪਰੇ ਹਿੰਸਕ ਮਾਮਲਿਆਂ ਵਿਚ ਹੋਏ ਵਾਧੇ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰੇ ਗਏ ਵਿਅਕਤੀਆਂ ਸਬੰਧੀ ਕੋਈ ਡਾਟਾ ਇਕੱਠਾ ਨਹੀਂ ਕੀਤਾ ਗਿਆ। ਨੈਸ਼ਨਲ ਜਾਂ ਸਟੇਟ ਕ੍ਰਾਈਮ ਡਾਟਾ, ਸਧਾਰਨ ਹਿੰਸਾ ਅਤੇ ਗਊ ਰੱਖਿਆ ਦੇ ਨਾਂ ‘ਤੇ ਹੁੰਦੇ ਹਮਲਿਆਂ ਤੇ ਭੀੜ ਵੱਲੋਂ ਕੁੱਟ ਕੁੱਟ ਕੇ ਮਾਰੇ ਗਏ ਵਿਅਕਤੀਆਂ ਦੇ ਮਾਮਲਿਆਂ ਵਿਚ ਕੋਈ ਫ਼ਰਕ ਨਹੀਂ ਕਰਦਾ। ਇਸ ਕਰਕੇ ‘ਇੰਡੀਆ ਸਪੈਂਡ ਦਾ ਡਾਟਾਬੇਸ’ ਅਜਿਹੀ ਹਿੰਸਾ ‘ਤੇ ਹੋਣ ਵਾਲੀਆਂ ਬਹਿਸਾਂ ਲਈ ਅਜਿਹਾ ਪਹਿਲਾ ਅੰਕੜਾ ਆਧਾਰਤ ਡਾਟਾਬੇਸ ਹੈ।