ਭੂਚਾਲ ਨਾਲ ਇਰਾਕ ਤੇ ਇਰਾਨ ਵਿੱਚ 400 ਤੋਂ ਵੱਧ ਮੌਤਾਂ

ਭੂਚਾਲ ਨਾਲ ਇਰਾਕ ਤੇ ਇਰਾਨ ਵਿੱਚ 400 ਤੋਂ ਵੱਧ ਮੌਤਾਂ

ਤਹਿਰਾਨ/ਬਿਊਰੋ ਨਿਊਜ਼:
ਇਰਾਕ-ਇਰਾਨ ਸਰਹੱਦ ਨੇੜੇ ਆਏ 7.3 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਦੋਵਾਂ ਮੁਲਕਾਂ ਵਿੱਚ 400 ਤੋਂ ਵੱਧ ਮੌਤਾਂ ਹੋਈਆਂ। ਇਸ ਕਾਰਨ ਲੋਕਾਂ ਨੂੰ ਰਾਤ ਆਪਣੇ ਘਰਾਂ ਤੋਂ ਬਾਹਰ ਕੱਟਣੀ ਪਈ। ਭੂਚਾਲ ਦੇ ਝਟਕੇ ਭੂਮੱਧ ਸਾਗਰ ਤੱਟ ਤੱਕ ਮਹਿਸੂਸ ਕੀਤੇ ਗਏ। ਐਤਵਾਰ ਰਾਤੀਂ ਆਏ ਇਸ ਭੂਚਾਲ ਦਾ ਸਭ ਤੋਂ ਮਾਰੂ ਅਸਰ ਇਰਾਨ ਦੇ ਪੱਛਮੀ ਸੂਬੇ ਕਰਮਾਨਸ਼ਾਹ ਉਤੇ ਪਿਆ। ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਕਾਰਨ ਦੇਸ਼ ਵਿੱਚ 407 ਜਾਨਾਂ ਗਈਆਂ ਅਤੇ 6700 ਜ਼ਖ਼ਮੀ ਹੋਏ। ਕਰਮਾਨਸ਼ਾਹ ਪੇਂਡੂ ਤੇ ਪਹਾੜੀ ਖਿੱਤਾ ਹੈ, ਜਿੱਥੋਂ ਦੇ ਬਸ਼ਿੰਦਿਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਰਾਕ ਦੇ ਗ੍ਰਹਿ ਮੰਤਰਾਲੇ ਅਨੁਸਾਰ ਭੂਚਾਲ ਕਾਰਨ ਦੇਸ਼ ਦੇ ਉੱਤਰੀ ਕੁਰਦਿਸ਼ ਖਿੱਤੇ ਵਿੱਚ ਘੱਟੋ ਘੱਟ ਸੱਤ ਜਣੇ ਮਾਰੇ ਗਏ ਅਤੇ 535 ਜ਼ਖ਼ਮੀ ਹੋ ਗਏ।
ਅਮਰੀਕੀ ਜੀਓਲੌਜੀਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਪੂਰਬੀ ਇਰਾਕੀ ਸ਼ਹਿਰ ਹਲਬਜਾ ਦੇ ਬਾਹਰ 31 ਕਿਲੋਮੀਟਰ ਦੂਰ ਸੀ। ਇਰਾਨ ਦੇ ਸਮੇਂ ਅਨੁਸਾਰ ਭੂਚਾਲ ਦੇ ਝਟਕੇ ਰਾਤੀਂ 9:48 ਵਜੇ ਉਦੋਂ ਲੱਗੇ, ਜਦੋਂ ਲੋਕ ਸੌਣ ਦੀ ਤਿਆਰੀ ਕਰ ਰਹੇ ਸਨ।
ਇਰਾਨ ਦੇ ਸੋਸ਼ਲ ਮੀਡੀਆ ਅਤੇ ਖ਼ਬਰ ਏਜੰਸੀਆਂ ਨੇ ਘਰਾਂ ਤੋਂ ਭੱਜ ਰਹੇ ਲੋਕਾਂ ਦੀਆਂ ਤਸਵੀਰਾਂ ਤੇ ਵੀਡੀਓ ਦਿਖਾਈਆਂ। ਵੱਡੇ ਭੂਚਾਲ ਤੋਂ ਬਾਅਦ 100 ਤੋਂ ਵੱਧ ਹੋਰ ਝਟਕੇ ਲੱਗੇ। ਭੂਚਾਲ ਕਾਰਨ ਸਭ ਤੋਂ ਵੱਧ ਤਬਾਹੀ ਕਰਮਾਨਸ਼ਾਹ ਸੂਬੇ ਦੇ ਸ਼ਹਿਰ ਸਰਪੋਲ-ਏ-ਜ਼ਹਾਬ ਵਿੱਚ ਹੋਈ, ਜੋ ਇਰਾਨ ਤੇ ਇਰਾਕ ਨੂੰ ਵੰਡਣ ਵਾਲੀਆਂ ਜ਼ਗਰੋਸ ਪਹਾੜੀਆਂ ਉਤੇ ਸਥਿਤ ਹੈ। ਇਸ ਸ਼ਹਿਰ ਦੀ 49 ਸਾਲਾ ਔਰਤ ਕੋਕਾਬ ਫਰਦ ਨੇ ਦੱਸਿਆ ਕਿ ਝਟਕੇ ਲੱਗਣ ਤੋਂ ਬਾਅਦ ਉਹ ਖ਼ਾਲੀ ਹੱਥ ਆਪਣੇ ਅਪਾਰਟਮੈਂਟ ਵਿੱਚੋਂ ਭੱਜੀ। ਬਾਹਰ ਨਿਕਲਣ ਤੋਂ ਫੌਰੀ ਬਾਅਦ ਇਮਾਰਤ ਢਹਿ ਗਈ।
ਰੇਜ਼ਾ ਮਹਿਮੂਦੀ (51) ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਭੂਚਾਲ ਦੇ ਪਹਿਲੇ ਝਟਕੇ ਮਗਰੋਂ ਹੀ ਵਾਹੋ-ਦਾਹੀ ਬਾਹਰ ਨੂੰ ਭੱਜੇ। ਉਸ ਨੇ ਮੁੜ ਕੇ ਕੁੱਝ ਸਾਮਾਨ ਕੱਢਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਝਟਕੇ ਨਾਲ ਸਭ ਕੁੱਝ ਢਹਿ ਗਿਆ। ਸ਼ਹਿਰ ਵਿੱਚ ਬਿਜਲੀ ਤੇ ਪਾਣੀ ਨਹੀਂ ਹੈ ਅਤੇ ਟੈਲੀਫੋਨ ਸੇਵਾਵਾਂ ਵੀ ਕੰਮ ਨਹੀਂ ਕਰ ਰਹੀਆਂ।