ਪਾਕਿ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਦਦ ਰੱਦ

ਪਾਕਿ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਦਦ ਰੱਦ

ਕਰਨਲ ਕੋਨ ਫੌਕਨਰ
ਵਾਸ਼ਿੰਗਟਨ/ਬਿਊਰੋ ਨਿਊਜ਼ :
ਵਿਦੇਸ਼ ਮੰਤਰੀ ਮਾਈਕ ਪੌਂਪੀਓ ਦੇ ਪਾਕਿਸਤਾਨ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਰੱਦ ਕਰ ਦਿੱਤੀ ਹੈ। ਪੌਂਪੀਓ ਨੇ ਪਾਕਿਸਤਾਨ ਦੇ ਦੌਰੇ ਮੌਕੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨੀ ਹੈ। ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨ ਫੋਕਨਰ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਏਸ਼ੀਆ ਰਣਨੀਤੀ ਤਹਿਤ ਪਾਕਿਸਤਾਨ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ 30 ਕਰੋੜ ਡਾਲਰ ਦੀ ਰਾਸ਼ੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸਲਾਮਾਬਾਦ ਅਤਿਵਾਦੀ ਜਥੇਬੰਦੀਆਂ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਹੈ।
ਕਰਨਲ ਫੌਕਨਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਲਾਹ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਅਮਰੀਕਾ ਵਾਰ ਵਾਰ ਪਾਕਿਸਤਾਨ ਦੀ ਮਦਦ ਕਰਦਾ ਰਿਹਾ ਹੈ ਲੇਕਿਨ ਬਦਲੇ ਵਿੱਚ ਉਸ ਨੂੰ ਝੂਠ ਅਤੇ ਧੋਖਾ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਹੱਕਾਨੀ ਨੈੱਟਵਰਕ ਅਤੇ ਅਫ਼ਗਾਨ ਤਾਲਿਬਾਨ ਸੰਗਠਨਾਂ ਵਿਰੁੱਧ ਠੋਸ ਕਾਰਵਾਈ ਨਾ ਕਰਨ ‘ਤੇ ਵੀ ਨਿਰਾਸ਼ਾ ਜਤਾਈ। ਮਦਦ ਰੋਕਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਅਤਿਵਾਦੀ ਸੰਗਠਨਾਂ ਨੂੰ ਲੈ ਕੇ ਪਾਕਿਸਤਾਨ ਆਪਣਾ ਰਵੱਈਆ ਬਦਲਦਾ ਹੈ ਤਾਂ ਉਸ ਨੂੰ ਫਿਰ ਤੋਂ ਮਦਦ ਮਿਲ ਸਕਦੀ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ ਜਨਵਰੀ ਵਿਚ ਵਾਸ਼ਿੰਗਟਨ ਵੱਲੋਂ ਇਸਲਾਮਾਬਾਦ ਨੂੰ ਦਿੱਤੀ ਜਾਣ ਵਾਲੀ ਤਕਰੀਬਨ ਸਾਰੀ ਹੀ ਸੁਰੱਖਿਆ ਸਹਾਇਤਾ ‘ਤੇ ਕੱਟ ਲਗਾ ਦਿੱਤਾ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਵੱਲੋਂ ਅਤਿਵਾਦੀਆਂ ਦੇ ਆਪਣੀ ਧਰਤੀ ‘ਤੇ ਚੱਲਦੇ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਰਹਿਣ ‘ਤੇ ਇਸਲਾਮਾਬਾਦ ਦੀ ਨਿੰਦਾ ਕੀਤੀ।
ਵਾਸ਼ਿੰਗਟਨ ਨੂੰ ਲੰਮੇ ਸਮੇਂ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਪਾਕਿਸਤਾਨ ਦੀ ਧਰਤੀ ਅਤਿਵਾਦੀ ਜਥੇਬੰਦੀਆਂ ਜਿਵੇਂ ਅਫ਼ਗਾਨ ਤਾਲਿਬਾਨ, ਹੱਕਾਨੀ ਨੈੱਟਵਰਕ ਅਤੇ ਅਲ ਕਾਇਦਾ ਲਈ ਸੁਰੱਖਿਅਤ ਠਾਹਰ ਹੈ ਜੋ ਇਨ੍ਹਾਂ ਨੂੰ ਸਰਹੱਦ ਪਾਰ ਅਫ਼ਗਾਨਿਸਤਾਨ ਵਿੱਚ ਹਮਲਾ ਕਰਨ ਦੀ ਇਜਾਜ਼ਤ ਦਿੰਦਾ ਹੈ। ਸਾਲ 2002 ਤੋਂ ਹੁਣ ਤੱਕ ਪਾਕਿਸਤਾਨ ਨੇ ਅਮਰੀਕਾ ਤੋਂ 33 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਾਪਤ ਕੀਤੀ ਹੈ।
ਅਮਰੀਕਾ ਅਤੇ ਇਮਰਾਨ ਸਰਕਾਰ ਵਿਚ ਵਿਵਾਦ ਦੀ ਸ਼ੁਰੂਆਤ ਇਕ ਫੋਨ ਕਾਲ ਤੋਂ ਹੋਈ ਦੱਸੀ ਜਾਂਦੀ ਹੈ। ਦਰਅਸਲ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ 23 ਅਗਸਤ ਨੂੰ ਇਮਰਾਨ ਖ਼ਾਨ ਨੂੰ ਫੋਨ ਕੀਤਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲਬਾਤ ਵਿਚ ਅਤਿਵਾਦ ਦੇ ਮੁੱਦੇ ‘ਤੇ ਚਰਚਾ ਹੋਈ ਸੀ, ਜਦਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਫੋਨ ‘ਤੇ ਇਸ ਮੁੱਦੇ ‘ਤੇ ਕੋਈ ਗੱਲ ਨਹੀਂ ਹੋਈ।
ਅਮਰੀਕਾ ਦੇ ਇਸ ਕਦਮ ਨਾਲ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਆਰਥਿਕ ਮੋਰਚਿਆਂ ‘ਤੇ ਮੁਸ਼ਕਲਾਂ ਵਧ ਸਕਦੀਆਂ ਹਨ। ਦਰਾਮਦ ਜ਼ਿਆਦਾ ਅਤੇ ਬਰਾਮਦ ਘੱਟ ਹੋਣ ਦੇ ਚਲਦਿਆਂ ਪਾਕਿਸਤਾਨ ਦਾ ਵਿਦੇਸ਼ ਮੁੱਦਰਾ ਭੰਡਾਰ ਲਗਾਤਾਰ ਘੱਟ ਰਿਹਾ ਹੈ। ਮਈ, 2017 ਵਿੱਚ ਪਾਕਿ ਦਾ ਵਿਦੇਸ਼ੀ ਮੁੱਦਰਾ ਭੰਡਾਰ 16.4 ਅਰਬ ਡਾਲਰ ਸੀ ਜੋ ਹੁਣ ਘੱਟ ਕੇ 10 ਅਰਬ ਡਾਲਰ ਤੋਂ ਹੇਠਾਂ ਚਲਾ ਗਿਆ ਹੈ। ਇਸ ਕਦਮ ਨਾਲ ਅਮਰੀਕਾ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ ਵਿਗਾੜ ਪੈਣ ਦਾ ਖਦਸ਼ਾ ਹੈ।