ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ

ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ

ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ ਵੀ 25 ਮਈ ਤੋਂ ਸ਼ੁਰੂ ਹੋਵੇਗੀ ਅਤੇ ਇਸ ਦਿਨ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰੇ ਵਿੱਚ ਆਰੰਭਤਾ ਦੀ ਅਰਦਾਸ ਹੋਵੇਗੀ। ਯਾਤਰਾ ਨੂੰ ਸੁਖਾਲਾ ਬਣਾਉਣ ਲਈ ਪ੍ਰਬੰਧਾਂ ਵਿੱਚ ਫੌਜ ਦੀ ਮਦਦ ਲਈ ਜਾ ਰਹੀ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਹੇਠ ਆਉਂਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਸੰਗਤ ਦੀ ਰਿਹਾਇਸ਼, ਲੰਗਰ, ਮੈਡੀਕਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟਰੱਸਟ ਅਧੀਨ ਉਤਰਾਖੰਡ ਵਿੱਚ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦਘਾਟ ਅਤੇ ਗੋਬਿੰਦਧਾਮ ਸਮੇਤ ਹੇਮਕੁੰਟ ਸਾਹਿਬ ਦੇ ਗੁਰਦੁਆਰੇ ਹਨ। ਇਨ੍ਹਾਂ ਵਿਚੋਂ ਸ੍ਰੀ ਹੇਮਕੁੰਟ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਗੁਰਦੁਆਰਿਆਂ ਵਿੱਚ ਯਾਤਰੂਆਂ ਲਈ ਰਿਹਾਇਸ਼ ਅਤੇ ਹੋਰ ਸਹੂਲਤਾਂ ਹੋਣਗੀਆਂ। ਫੌਜ ਦੀ ਮਦਦ ਨਾਲ ਗੁਰਦੁਆਰੇ ਦੇ ਅੱਗੇ ਜਮੀ ਬਰਫ਼ ਹਟਾਈ ਗਈ ਹੈ ਅਤੇ ਆਲਾ-ਦੁਆਲਾ ਖਾਲੀ ਕੀਤਾ ਗਿਆ ਹੈ।
ਇਸ ਸਬੰਧੀ ਗੁਰਦੁਆਰਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਯਾਤਰੂਆਂ ਦੀ ਰਿਸ਼ੀਕੇਸ਼ ਵਿੱਚ ਰਜਿਸਟਰੇਸ਼ਨ ਹੋਵੇਗੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਇਕ ਕਾਰਡ ਵੀ ਮਿਲੇਗਾ। ਗੋਬਿੰਦਘਾਟ ਤੋਂ ਧਾਮ ਅਤੇ ਹੇਮਕੁੰਟ ਸਾਹਿਬ ਤਕ ਦਾ ਪੈਦਲ ਰਸਤਾ ਠੀਕ ਕੀਤਾ ਗਿਆ। ਗੋਬਿੰਦਘਾਟ ਤੋਂ ਪਿੰਡ ਪੁਲਣਾ ਤੱਕ ਚਾਰ ਕਿਲੋਮੀਟਰ ਦੇ ਰਸਤੇ ਵਾਸਤੇ ਟੈਕਸੀ ਸੇਵਾ ਵੀ ਉਪਲਬਧ ਹੈ ਪਰ ਇਸ ਤੋਂ ਅਗਾਂਹ ਪੈਦਲ ਰਸਤਾ ਹੈ। ਮੈਨੇਜਰ ਨੇ ਦੱਸਿਆ ਕਿ 25 ਮਈ ਨੂੰ ਯਾਤਰੂ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਗੇ, ਜਿੱਥੇ ਅਰੰਭਤਾ ਦੀ ਅਰਦਾਸ ਹੋਵੇਗੀ। ਉਨ੍ਹਾਂ ਸ਼ਰਧਾਲੂਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਦੋ ਪਹੀਆ ਵਾਹਨ ‘ਤੇ ਆਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਰਿਸ਼ੀਕੇਸ਼ ਵਿੱਚ ਵੀ ਯਾਤਰੂਆਂ ਨੂੰ ਮੌਸਮ ਅਤੇ ਯਾਤਰਾ ਦੇ ਅਗਲੇ ਪੜਾਅ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ 2013 ਵਿੱਚ ਉੱਤਰਾਖੰਡ ਵਿੱਚ ਆਏ ਭਾਰੀ ਹੜ੍ਹਾਂ ਅਤੇ ਕੁਦਰਤੀ ਆਫ਼ਤ ਕਾਰਨ ਹੇਮਕੁੰਟ ਸਾਹਿਬ ਯਾਤਰਾ ਪ੍ਰਭਾਵਤ ਹੋਈ ਸੀ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਸਾਇਟਾਂ ਦੇ ਪ੍ਰਚਾਰ ‘ਤੇ ਯਕੀਨ ਕਰਨ ਦੀ ਥਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਕਰਨ।