ਮੁੰਬਈ ਦੇ ਰੇਲਵੇ ਪੁਲ ‘ਤੇ ਮੱਚੀ ਭਗਦੜ ਨੇ ਲਈਆਂ 22 ਜਾਨਾਂ

ਮੁੰਬਈ ਦੇ ਰੇਲਵੇ ਪੁਲ ‘ਤੇ ਮੱਚੀ ਭਗਦੜ ਨੇ ਲਈਆਂ 22 ਜਾਨਾਂ

ਕੈਪਸ਼ਨ- ਐਲਫਿੰਸਟਨ ਰੇਲਵੇ ਸਟੇਸ਼ਨ ਦੇ ਪੁਲ ‘ਤੇ ਭਗਦੜ ਦੌਰਾਨ ਫਸੇ ਮੁਸਾਫ਼ਰ। ਆਪਣੀ ਜਾਨ ਬਚਾਉਣ ਲਈ ਲੋਕ ਇਕ-ਦੂਜੇ ‘ਤੇ ਚੜ੍ਹ ਗਏ ਅਤੇ ਕਈਆਂ ਦਾ ਉਥੇ ਹੀ ਦਮ ਘੁਟ ਗਿਆ। 

ਮੁੰਬਈ/ਬਿਊਰੋ ਨਿਊਜ਼:
ਇਥੇ 2 ਰੇਲਵੇ ਸਟੇਸ਼ਨਾਂ ਨੂੰ ਜੋੜਨ ਲਈ ਬਣੇ ਇਕ ਤੰਗ ਓਵਰਬ੍ਰਿਜ ਉਤੇ ਜ਼ੋਰਦਾਰ ਬਾਰਸ਼ ਦੌਰਾਨ ਰਾਹਗੀਰਾਂ ਦੀ ਭਾਰੀ ਭੀੜ ਜਮ੍ਹਾਂ ਹੋਣ ਕਾਰਨ ਮਚੀ ਭਗਦੜ ਵਿੱਚ ਘੱਟੋ-ਘੱਟ 22 ਜਾਨਾਂ ਚਲੀਆਂ ਗਈਆਂ ਅਤੇ 30 ਤੋਂ ਵੱਧ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ 8 ਔਰਤਾਂ ਤੇ ਇਕ ਛੋਟਾ ਲੜਕਾ ਸ਼ਾਮਲ ਹੈ। ਬ੍ਰਿਹਾਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐਮਸੀ) ਦੇ ਆਫ਼ਤ ਪ੍ਰਬੰਧਨ ਸੈੱਲ ਮੁਤਾਬਕ ਜ਼ਖ਼ਮੀਆਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਹੈ।
ਪੈਦਲ ਰਾਹਗੀਰਾਂ ਲਈ ਬਣਿਆ ਇਹ ਦਹਾਕਿਆਂ ਪੁਰਾਣਾ ਓਵਰਬ੍ਰਿਜ ਐਲਫਿੰਸਟਨ ਰੋਡ ਤੇ ਪਾਰੇਲ ਉਪਨਗਰੀ ਰੇਲਵੇ ਸਟੇਸ਼ਨਾਂ ਨੂੰ ਜੋੜਦਾ ਹੈ। ਇਥੋਂ ਰੋਜ਼ਾਨਾ ਲੱਖਾਂ ਲੋਕ ਲੰਘ ਕੇ ਇਸ ਵੱਡੇ ਕਾਰਪੋਰੇਟ ਤੇ ਮੀਡੀਆ ਦਫ਼ਤਰਾਂ ਵਾਲੇ ਇਲਾਕੇ ਵਿੱਚ ਇੱਧਰ-ਉੱਧਰ ਜਾਂਦੇ ਹਨ। ਇਲਾਕੇ ਵਿੱਚ ਪੈ ਰਹੀ ਜ਼ੋਰਦਾਰ ਬਾਰਸ਼ ਕਾਰਨ ਪੁਲ ਉਤੇ ਵੱਡੀ ਗਿਣਤੀ ਲੋਕ ਸ਼ਰਨ ਲਈ ਇਕੱਤਰ ਸਨ। ਇਸ ਕਾਰਨ ਪੁਲ ਉਤੇ ਲੋਕ ਇੰਨੀ ਬੁਰੀ ਤਰ੍ਹਾਂ ਫਸ ਗਏ ਕਿ ਕਈਆਂ ਦੀ ਤਾਂ ਦਮ ਘੁਟਣ ਨਾਲ ਹੀ ਮੌਤ ਹੋ ਗਈ। ਹੇਠਾਂ ਪਲੇਟਫਾਰਮ ਉਤੇ ਖੜ੍ਹੇ ਲੋਕ ਉਨ੍ਹਾਂ ਨੂੰ ਮਰਦੇ ਦੇਖਣ ਲਈ ਮਜਬੂਰ ਸਨ। ਕਈਆਂ ਨੇ ਰੇਲਿੰਗ ਉਤੇ ਚੜ੍ਹ ਕੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ।
ਦੂਜੇ ਪਾਸੇ ਸਿੰਗਾਪੁਰ ਗਏ ਹੋਏ ਸ੍ਰੀ ਫੜਨਵੀਸ ਨੇ ਵੀ ਆਪਣੀ ਟਵੀਟ ਵਿੱਚ ਕਿਹਾ ਕਿ ਇਸ ਸਬੰਧੀ ਉਚ ਪੱਧਰੀ ਜਾਂਚ ਕਰਵਾ ਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਰੇਲਵੇ ਸੁਰੱਖਿਆ ਫੋਰਸ ਦੇ ਇੰਸਪੈਕਟਰ ਜਨਰਲ ਅਤੁਲ ਸ੍ਰੀਵਾਸਤਵ ਨੇ ਦੱਸਿਆ, ”ਐਲਫਿੰਸਟਨ ਸਟੇਸ਼ਨ ਦੇ ਓਵਰਬ੍ਰਿਜ ‘ਤੇ ਭਾਰੀ ਭੀੜ ਸੀ ਤੇ ਬਾਰਸ਼ ਕਾਰਨ ਤਿਲਕਣ ਵੀ ਬਣੀ ਹੋਈ ਸੀ। ਇਸ ਦੌਰਾਨ ਘਬਰਾਹਟ ਫੈਲ ਗਈ, ਜੋ ਭਗਦੜ ਦੀ ਵਜ੍ਹਾ ਬਣੀ।” ਰੇਲਵੇ ਦੇ ਤਰਜਮਾਨ ਅਨਿਲ ਸਕਸੈਨਾ ਨੇ ਕਿਹਾ, ”ਅਚਾਨਕ ਬਾਰਸ਼ ਆਉਣ ਨਾਲ ਲੋਕ ਸਟੇਸ਼ਨ ਉਤੇ ਰੁਕੇ ਹੋਏ ਸਨ। ਜਦੋਂ ਬਾਰਸ਼ ਰੁਕੀ ਤਾਂ ਲੋਕਾਂ ਵੱਲੋਂ ਕਾਹਲੀ ਕਰਨ ਨਾਲ ਘੜਮੱਸ ਮੱਚ ਗਿਆ।” ਪੁਲੀਸ ਮੁਤਾਬਕ ਪੁਲ ਦੇ ਨੇੜੇ ਉਚੀ ਆਵਾਜ਼ ਨਾਲ ਹੋਏ ਸ਼ਾਰਟ-ਸਰਕਟ ਕਾਰਨ ਵੀ ਭਗਦੜ ਮੱਚੀ, ਕਿਉਂਕਿ ਲੋਕਾਂ ਨੇ ਡਰ ਕੇ ਭੱਜਣਾ ਸ਼ੁਰੂ ਕਰ ਦਿੱਤਾ।
ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਤ੍ਰਾਸਦੀ ਵਾਪਰਨ ਦਾ ਚਿਰਾਂ ਤੋਂ ਖ਼ਦਸ਼ਾ ਬਣਿਆ ਹੋਇਆ ਸੀ, ਪਰ ਇਸ ਸਬੰਧੀ ਕੋਈ ਸੁਣਵਾਈ ਨਹੀਂ ਹੋਈ। ਵਰ੍ਹਿਆਂ ਤੋਂ ਇਸ ਪੁਲ ਤੋਂ ਲੰਘਣ ਵਾਲੇ ਕਿਸ਼ੋਰ ਠੱਕਰ ਨੇ ਕਿਹਾ, ”ਭਾਰੀ ਮੀਂਹ ਪੈ ਰਿਹਾ ਸੀ ਤੇ ਲੋਕ ਪੁਲ ‘ਤੇ ਇਕ ਤੋਂ ਦੂਜੇ ਪਾਸੇ ਜਾਣ ਲਈ ਕਾਹਲੇ ਸਨ।” ਅਸੀਂ ਇਥੋਂ ਦੇ ਮਾੜੇ ਹਾਲਾਤ ਸੁਧਾਰਨ ਲਈ ਰੇਲਵੇ ਅਧਿਕਾਰੀਆਂ ਨੂੰ ਕਰੀਬ ਛੇ ਮਹੀਨੇ ਪਹਿਲਾਂ ਲਿਖਤੀ ਬੇਨਤੀ ਕੀਤੀ ਸੀ।” ਹਾਦਸੇ ਤੋਂ ਬਾਅਦ ਪੁਲ ਉਤੇ ਇਕੱਠੀਆਂ ਹੋਈਆਂ ਜੁੱਤੀਆਂ-ਚੱਪਲਾਂ ਚੁੱਪ-ਚੁਪੀਤੇ ਘਟਨਾ ਦੀ ਭਿਅਨਕਤਾ ਬਿਆਨ ਰਹੀਆਂ ਸਨ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ ਰਵਿੰਦਰ ਭਾਕਰ ਨੇ ਕਿਹਾ ਕਿ ਤਕਨੀਕੀ ਤੌਰ ‘ਤੇ ਇਹ ‘ਰੇਲਵੇ ਨਾਲ ਸਬੰਧਤ’ ਹਾਦਸਾ ਨਹੀਂ ਹੈ, ਪਰ ਫਿਰ ਵੀ ਪੀੜਤਾਂ ਨੂੰ ਰੇਲਵੇ ਨਿਯਮਾਂ ਮੁਤਾਬਕ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਫ਼ੌਰੀ ਬਾਅਦ ਰਾਹਤ ਤੇ ਮੈਡੀਕਲ ਸਾਜ਼ੋ-ਸਾਮਾਨ ਵਾਲੀ ਇਕ ਰੇਲ ਗੱਡੀ ਘਟਨਾ ਸਥਾਨ ‘ਤੇ ਭੇਜੀ ਗਈ।
ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਹਾਕਮ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਇਸ ਨੂੰ ‘ਹੱਤਿਆਕਾਂਡ’ ਕਰਾਰ ਦਿੱਤਾ ਹੈ। ਗ਼ੈਰ ਭਾਜਪਾ ਪਾਰਟੀਆਂ ਨੇ ਵੀ ਕੇਂਦਰ ਤੇ ਰਾਜ ਸਰਕਾਰਾਂ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲੇਟ ਟਰੇਨ ਦੀ ਥਾਂ ਮੁਸਾਫ਼ਰਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਐਮਪੀ ਸੰਜੇ ਰਾਉਤ ਨੇ ਕਿਹਾ, ”ਅਸੀਂ ਅਨੇਕਾਂ ਵਾਰ ਖ਼ਸਤਾਹਾਲ ਓਵਰਬ੍ਰਿਜਾਂ ਦੀ ਹਾਲਤ ਸੁਧਾਨ ਦੀ ਮੰਗ ਕਰ ਚੁੱਕੇ ਹਾਂ। ਸਰਕਾਰ ਕੋਲ ਮੌਜੂਦਾ ਰੇਲ ਪ੍ਰਬੰਧ ਦੀਆਂ ਖ਼ਾਮੀਆਂ ਦੂਰ ਕਰਨ ਦਾ ਤਾਂ ਵਕਤ ਨਹੀਂ ਹੈ, ਪਰ ਕਾਹਲੀ ਬੁਲੇਟ ਟਰੇਨਾਂ ਦੀ ਕੀਤੀ ਜਾ ਰਹੀ ਹੈ।” ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚਵਾਨ ਨੇ ਹਾਦਸੇ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਰੇਲ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰੀ ਤੌਰ ‘ਤੇ ਦਸ-ਦਸ ਲੱਖ ਰੁਪਏ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਰੇਲਵੇ ਵੱਲੋਂ ਪੰਜ-ਪੰਜ ਲੱਖ ਰੁਪਏ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਜ ਸਰਕਾਰ ਵੱਲੋਂ ਇੰਨੀ ਹੀ ਰਕਮ ਦੇਣ ਦਾ ਐਲਾਨ ਕੀਤਾ।