ਅਮਰੀਕੀ ਸਿੱਖ ਨੂੰ ਅੱਤਵਾਦੀ ਕਹਿਣ ਤੇ ‘ਆਪਣੇ ਦੇਸ਼ ਵਾਪਿਸ ਚਲੇ ਜਾਓ’ ਦੀ ਧਮਕੀ ਦੇਣ ਵਾਲੇ 20 ਸਾਲਾ ਸਟੀਵਨ ਵਿਰੁਧ ਚੌਥੇ ਦਰਜੇ ਦਾ ਚਾਰਜ

ਅਮਰੀਕੀ ਸਿੱਖ ਨੂੰ ਅੱਤਵਾਦੀ ਕਹਿਣ ਤੇ ‘ਆਪਣੇ ਦੇਸ਼ ਵਾਪਿਸ ਚਲੇ ਜਾਓ’ ਦੀ ਧਮਕੀ ਦੇਣ ਵਾਲੇ 20 ਸਾਲਾ ਸਟੀਵਨ ਵਿਰੁਧ ਚੌਥੇ ਦਰਜੇ ਦਾ ਚਾਰਜ

ਨਿਊਜਰਸੀ/ਹੁਸਨ ਲੜੋਆ ਬੰਗਾ:
ਨਿਊਜਰਸੀ ਵਿਚ ਇਕ ਅਮਰੀਕੀ ਸਿੱਖ ਨੂੰ ਇਕ ਵਿਅਕਤੀ ਨੇ ਅੱਤਵਾਦੀ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਸਿੱਖ ਦਾ ਨਾਂਅ ਜਗ ਜਾਹਿਰ ਨਹੀਂ ਕੀਤਾ ਗਿਆ ਹੈ ਪਰ ਉਸਨੂੰ ਡਰਾਉਣ ਧਮਕਾਉਣ, ਪ੍ਰੇਸ਼ਾਨ ਕਰਨ ਅਤੇ ਹਮਲਾ ਕਰਨ ਦੇ ਦੋਸ਼ਾਂ ਹੇਠ 20 ਸਾਲਾ ਸਾਲ ਸਟੀਵਨ ਲਾਵਰਟੀ ਉੱਤੇ ਚੌਥੇ ਦਰਜੇ ਦਾ ਚਾਰਜ ਲਗਾਇਆ ਗਿਆ ਹੈ। ਉਸ ‘ਤੇ ਖਤਰਨਾਕ ਔਜਾਰ ਅਤੇ ਨਸ਼ਾ ਰੱਖਣ ਦਾ ਵੀ ਦੋਸ਼ ਲਾਇਆ ਗਿਆ ਹੈ। ਉਸ ਦਿਨ ਜਦੋਂ ਉਸ ਸਿਖ ਨੇ ਆਪਣੇ ਮੋਬਾਈਲ ਨਾਲ ਦੋਸ਼ੀ ਦੀ ਲਾਇਸੰਸ ਪਲੇਟ ਦੀ ਫੋਟੋ ਲੈਣੀ ਚਾਹੀ ਤਾਂ ਉਸ ਨੇ ਉਸ ਦੇ ਮੁੱਕਾ ਮਾਰਿਆ ਤੇ ਫੋਨ ਖੋਹਣ ਦਾ ਯਤਨ ਕੀਤਾ ਪਰ ਸਿਖ ਵਾਲ ਵਾਲ ਬਚ ਗਿਆ। ਇਹ ਘਟਨਾ ਪਾਰਸੀਪੈਨੀ ਸਥਿਤ ਐਕਸੋਨ ਗੈਸ ਸਟੇਸ਼ਨ ਦੀ ਹੈ।
ਪੀੜਤ ਸਿੱਖ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਪਰ ਉਦੋਂ ਤੱਕ ਲਾਵਰਟੀ ਉਥੋਂ ਫਰਾਰ ਹੋ ਗਿਆ ਸੀ। ਸਹਾਇਕ ਵਕੀਲ ਜਸਟਿਨ ਟੈਲੋਨ ਨੇ ਸੁਪੀਰੀਅਰ ਕੋਰਟ ਜੱਜ ਸਟੁਅਰਟ ਮਿੰਕੋਵਿਟਜ ਨੂੰ ਦਸਿਆ ਕਿ ਲਾਵਰਟੀ ਨੇ ਸਿੱਖ ਨੂੰ ਅੱਤਵਾਦੀ ਅਤੇ ਮੁਸਲਮਾਨ ਕਿਹਾ ਅਤੇ ਕਿਹਾ ਕਿ ਆਪਣੇ ਦੇਸ਼ ਵਾਪਿਸ ਚਲੇ ਜਾਓ।
ਪੁਲਿਸ ਨੇ ਉਸ ਦਿਨ ਫੌਰੀ ਕਾਰਵਾਈ ਕਰਦਿਆਂ ਲਾਵਰਟੀ ਨੂੰ 7 ਇਲੈਵਨ ਦੀ ਪਾਰਕਿੰਗ ਵਿਚ ਹੀ ਘੇਰ ਲਿਆ ਤੇ ਸੰਖੇਪ ਪੁਛਗਿਛ ਤੋਂ ਬਾਅਦ ਉਸ ਨੂੰ ਤੇ ਉਸ ਦੇ ਇਕ ਹੋਰ ਸਾਥੀ ਐਂਟਨੀ ਵਾਈਜਗਾ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਦੂਜਾ ਵਿਅਕਤੀ ਉਸ ਘਟਨਾ ਵਿਚ ਸ਼ਾਮਿਲ ਨਹੀਂ ਸੀ।
ਵਕੀਲ ਨੇ ਜੱਜ ਨੂੰ ਕਿਹਾ ਕਿ ਲਾਵਰਟੀ ਨਸ਼ੇ ਦਾ ਆਦੀ ਹੈ ਅਤੇ ਉਹ ਖੁਦ ਲਈ ਖਤਰਨਾਕ ਹੈ ਇਸ ਲਈ ਉਸ ਨੂੰ ਜੇਲ੍ਹ ਵਿਚ ਹੀ ਰਖਿਆ ਜਾਣਾ ਚਾਹੀਦਾ ਹੈ। ਲਾਵਰਟੀ ਇਸ ਤੋਂ ਪਹਿਲਾਂ ਵੀ ਨਸ਼ੇ ਸਬੰਧੀ ਵਾਰਦਾਤਾਂ ਲਈ 3 ਵਾਰ ਗ੍ਰਿਫਤਾਰ ਹੋ ਚੁਕਾ ਹੈ। ਇਸ ਘਟਨਾ ਤੋਂ ਦੋ ਹਫਤੇ ਪਹਿਲਾਂ ਹੀ ਉਹ ਮੁੜ ਵਸੇਬਾ ਪ੍ਰੋਗਰਾਮ ਮੁਕੰਮਲ ਕਰਕੇ ਆਇਆ ਸੀ।