ਜੰਤਰ-ਮੰਤਰ-ਤੰਤਰ ਦਾ ਡਰ ਬਾਰੇ ਗੁਰਮਤਿ ਦੀ ਅਟਲ ਸਚਾਈ?

ਜੰਤਰ-ਮੰਤਰ-ਤੰਤਰ ਦਾ ਡਰ ਬਾਰੇ ਗੁਰਮਤਿ ਦੀ ਅਟਲ ਸਚਾਈ?

ਭਾਰਤੀ ਸੱਭਿਆਚਾਰ ਵਿਚ ਅਨੇਕ ਪ੍ਰਕਾਰ ਦੇ ਮਾਨਸਿਕ ਡਰ ਹਨ। ਇਹ ਸਭ ਸਧਾਰਨ ਲੋਕਾਂ ਨੂੰ ਡਰਾਉਂਦੇ, ਧਮਕਾਉਂਦੇ ਤੇ ਔਝੜ ਰਾਹੇ ਪਾਉਂਦੇ ਹਨ। ਧਰਤੀ ਦਾ ਸੱਚ ਹੈ ਕਿ ਕਿਸੇ ਸਮਾਜ ਵਿਚ ਜਿੰਨੀ ਜ਼ਿਆਦਾ ਅਗਿਆਨਤਾ ਹੋਵੇਗੀ, ਉਨੀ ਹੀ ਭਰਮਾਂ, ਪਖੰਡਾਂ ਤੇ ਅੰਧ ਵਿਸ਼ਵਾਸਾਂ ਦੀ ਮਾਨਤਾ ਵਧੀਕ ਹੋਵੇਗੀ।

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਸੰਸਾਰ ਦਾ ਭ੍ਰਮਣ ਕੀਤਾ ਤਾਂ ਉਨ੍ਹਾਂ ਨੇ ਲੋਕਾਈ ਨੂੰ ਫੋਕਟ ਕਦਰਾਂ-ਕੀਮਤਾਂ ਤੇ ਅੰਧ ਵਿਸ਼ਵਾਸਾਂ ਤੋਂ ਜਾਗਰੂਕ ਕਰਦਿਆਂ ਸਹੀ ਮਾਰਗ ਸਮਝਾਇਆ। ਸਤਿਗੁਰਾਂ ਨੇ ਨਿਰਭਉ ਪ੍ਰਭੂ ਦੀ ਬੰਦਗੀ ਕਰਨ ਲਈ ਪ੍ਰੇਰਿਆ ਤਾਂ ਕਿ ਸਮਾਜ ਡਰ ਰਹਿਤ (ਨਿਰਭਉ) ਦਾ ਸਿਮਰਨ ਕਰਦਿਆਂ ਡਰ ਮੁਕਤ ਹੋ ਜਾਵੇ। ਸਤਿਗੁਰਾਂ ਦਾ ਫ਼ਰਮਾਨ ਹੈ:

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮ ਰਿਦੈ ਮਨੁ ਮਾਨਿਆ॥ (ਅੰਗ: ੭੬੬)

ਭਾਵ-ਜਿਸ ਦੇ ਹਿਰਦੇ 'ਚ ਨਿਰਭਉ ਪ੍ਰਭੂ ਦਾ ਭਰੋਸਾ ਹੈ, ਉਹ ਤੰਤਰ-ਮੰਤਰ ਦੇ ਪਖੰਡ ਕਰਮ ਨੂੰ ਮਾਨਤਾ ਨਹੀਂ ਦੇਵੇਗਾ। ਜਗਿਆਸੂ ਦਾ ਸਵਾਲ ਕਿ ਤੰਤਰਾਂ-ਮੰਤਰਾਂ ਨੂੰ ਪਖੰਡ ਕਿਉਂ ਕਿਹਾ? ਇਸ ਦਾ ਉੱਤਰ ਕਿ ਇਨ੍ਹਾਂ ਵਿਚ ਸੱਚਾਈ ਕੋਈ ਨਹੀਂ ਹੈ। ਇਸ ਨੂੰ ਦ੍ਰਿਸ਼ਟਾਂਤ ਨਾਲ ਸਮਝਣਾ ਹੋਵੇ ਤਾਂ ਕੁਝ ਦਿਨ ਪਹਿਲਾਂ ਪੰਜਾਬ ਦੇ ਇਕ ਵੱਡੇ ਸ਼ਹਿਰ ਵਿਚ ਇਕ ਤਾਂਤਰਿਕ ਦੇ ਕਹਿਣ 'ਤੇ ਵਪਾਰ ਦੇ ਵਾਧੇ ਲਈ ਇਕ ਮਾਸੂਮ ਬੱਚੀ ਦੀ ਬਲੀ ਦਿੱਤੀ ਗਈ ਭਾਵ ਕਤਲ ਕੀਤਾ ਗਿਆ। ਹੁਣ ਕੀ ਮਾਸੂਮ ਬੱਚੀ ਦੀ ਬਲੀ ਦਾ ਵਪਾਰ ਦੇ ਵਾਧੇ ਨਾਲ ਕੋਈ ਸੰਬੰਧ ਬਣਦਾ ਹੈ? ਇੱਥੇ ਹਰ ਚੇਤੰਨ ਇਨਸਾਨ ਦਾ ਉੱਤਰ ਨਾਂਹ ਵਿਚ ਹੋਵੇਗਾ। ਇਹ ਪਖੰਡ ਕਰਮ 'ਚ ਫਸ ਕੇ ਇਕ ਮਾਸੂਮ ਦਾ ਕਤਲ ਕੀਤਾ ਗਿਆ ਹੈ ਅਤੇ ਸਾਡੇ ਦੇਸ਼ ਵਿਚ ਅਜਿਹਾ ਵੱਡੇ ਪੱਧਰ 'ਤੇ ਵਾਪਰ ਰਿਹਾ ਹੈ। ਇਸੇ ਕਰਕੇ ਜੰਤਰ, ਮੰਤਰ, ਤੰਤਰ ਵਰਗੇ ਕਰਮ ਨੂੰ ਗੁਰਬਾਣੀ ਵਿਚ ਪਖੰਡ ਕਰਮ ਕਿਹਾ ਗਿਆ ਹੈ।

ਇਸ ਨੂੰ ਡੂੰਘਾਈ ਵਿਚ ਹੋਰ ਸਮਝਣਾ ਹੋਵੇ ਤਾਂ ਲੋਕ ਮਾਨਤਾਵਾਂ ਵਿਚ ਤਿੰਨ ਪ੍ਰਕਾਰ ਦੇ ਭਰਮ ਕਰਮ ਹਨ-ਜੰਤਰ, ਮੰਤਰ ਤੇ ਤੰਤਰ। ਮਹਾਨ ਕੋਸ਼ ਅਨੁਸਾਰ 'ਜੰਤ੍ਰ ਜਾਂ ਯੰਤ੍ਰ' ਤੋਂ ਭਾਵ ਤੰਤ੍ਰ ਸ਼ਾਸਤਰ ਅਨੁਸਾਰ ਟੂਣਾ ਕਰਨ ਵਾਲੇ ਨੂੰ ਜੰਤ੍ਰੀ ਕਿਹਾ ਜਾਂਦਾ ਹੈ। ਜੰਤਰ-ਕਾਬੂ ਰੱਖਣ ਦੀ ਕਿਰਿਆ ਜਾਂ ਆਪਣੀ ਇੱਛਾ ਅਨੁਸਾਰ ਚਲਾਉਣਾ 'ਯੰਤ੍ਰਣਾ' ਹੈ। ਭੋਜ ਪੱਤਰਾਂ, ਕਾਗਜ਼ਾਂ ਆਦਿ ਪਰ ਲੇਖ ਦਾ ਨਾਉਂ ਜੰਤ੍ਰ ਹੈ। ਇਸ ਵਿਚ ਧਾਗੇ ਤਵੀਤਾਂ ਦਾ ਧੰਦਾ ਆ ਜਾਂਦਾ ਹੈ। ਇਹ ਮਨ ਕਰਕੇ ਡਰੇ ਇਨਸਾਨ ਲਈ ਥੋੜ੍ਹ ਚਿਰਾ ਧਰਵਾਸਾ ਤਾਂ ਹੈ ਪਰ ਹਕੀਕਤ ਕੋਈ ਨਹੀਂ ਹੈ, ਕਿਉਂਕਿ ਲਿਖੇ ਹੋਏ ਤਾਵੀਜ਼ਾਂ ਉਪਰ ਕੁਝ ਲਕੀਰਾਂ ਜਾਂ ਅੱਖਰ ਹੁੰਦੇ ਹਨ, ਜੋ ਕੋਈ ਵੀ ਫਾਇਦਾ ਜਾਂ ਨੁਕਸਾਨ ਨਹੀਂ ਕਰ ਸਕਦੇ।

ਇਸੇ ਤਰ੍ਹਾਂ 'ਮੰਤਰ' ਤੋਂ ਭਾਵ ਤੰਤ੍ਰ ਸ਼ਾਸਤ੍ਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਲਈ ਜਪਣਯੋਗ ਸ਼ਬਦ ਹੈ। ਇਸ ਵਿਚ ਖ਼ਾਸ ਵਾਕ ਜਾਂ ਸ਼ਬਦ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਸਮੱਸਿਆਵਾਂ ਲਈ ਵੱਖ-ਵੱਖ ਮੰਤਰ ਹਨ। ਪਰ ਇਨ੍ਹਾਂ ਨਾਲ ਕਿਸੇ ਮੁਸੀਬਤ ਜਾਂ ਸਮੱਸਿਆ ਦਾ ਹੱਲ ਵੀ ਕਦੀ ਨਹੀਂ ਹੋਇਆ। ਜਿਵੇਂ ਦੰਦ ਪੀੜ ਦਾ ਮੰਤਰ ਹੈ- 'ਹਰਾ ਕੀੜਾ ਕਿਰਕਿਰਾ ਬੱਤੀ ਦੰਦ ਚਰੇ, ਦੁਹਾਈ ਅਮਕੇ ਸ਼ਾਹ ਦੀ ਕੀੜਾ ਵਿਚ ਮਰੇ'। ਹੁਣ ਦੰਦ ਦਰਦ ਤੋਂ ਪੀੜਤ ਇਨਸਾਨ ਜਦ ਮੰਤਰ ਵੱਲ ਖਿਆਲ ਕਰਦਾ ਹੈ ਤਾਂ ਕੁਝ ਪਲਾਂ ਲਈ ਧਿਆਨ ਬਦਲਨ ਨਾਲ ਰਾਹਤ ਤਾਂ ਮਹਿਸੂਸ ਕਰੇਗਾ ਪਰ ਇਹ ਦੰਦ ਪੀੜ ਦਾ ਪੱਕਾ ਇਲਾਜ ਨਹੀਂ ਹੈ।

ਤੀਜਾ 'ਤੰਤਰ' ਤੋਂ ਭਾਵ ਕਿਸੇ ਕਸ਼ਟ ਦਾ ਉਪਾਅ ਕਰਨ ਦੀ ਪ੍ਰਕਿਰਿਆ ਹੈ। ਕਿਸੇ ਖ਼ਾਸ ਦਿਨ ਖ਼ਾਸ ਸਥਾਨ 'ਤੇ ਵਿਸ਼ੇਸ਼ ਉਤਾਰਾ ਕਰਦਿਆਂ ਸ਼ਰਾਬ, ਕਬਾਬ, ਸ਼ਿੰਗਾਰ ਦੇ ਸਾਮਾਨ ਤੋਂ ਲੈ ਕੇ ਧਾਗੇ, ਸੰਧੂਰ ਆਦਿ ਸਾਮਾਨ ਰੱਖਣਾ ਤੇ ਫਿਰ ਵਿਸ਼ਵਾਸ ਕਰਨਾ ਕਿ ਉਸ ਚੌਰਾਹੇ 'ਚ ਜੋ ਪਹਿਲਾਂ ਲੰਘ ਗਿਆ ਤਾਂ ਸਾਡਾ ਕਸ਼ਟ ਘਰ ਬਦਲ ਜਾਏਗਾ ਜਾਂ ਖ਼ਤਮ ਹੋ ਜਾਏਗਾ। ਹੁਣ ਇਹ ਕਸ਼ਟ ਦਾ ਹੱਲ ਨਹੀਂ ਸਗੋਂ ਡਰੇ ਹੋਏ ਇਨਸਾਨ ਦੀ ਕੁਝ ਦਿਨਾਂ ਲਈ ਮਾਨਸਿਕ ਸੰਤੁਸ਼ਟੀ ਹੈ। ਉਂਝ ਸਮੱਸਿਆ ਉੱਥੇ ਦੀ ਉੱਥੇ ਹੀ ਰਹਿੰਦੀ ਹੈ।

ਸਾਡੇ ਸਮਾਜ ਦੀ ਇਹ ਬਦਕਿਸਮਤੀ ਹੈ ਕਿ ਇੱਥੇ ਰੋਜ਼ਾਨਾ ਕਰੋੜਾਂ ਰੁਪਏ ਦਾ ਨਸ਼ਾ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਅਤਿ ਖ਼ਤਰਨਾਕ ਹੈ ਅਤੇ ਦੂਜੇ ਪਾਸੇ ਕਰੋੜਾਂ ਰੁਪਏ ਦੇ ਨਾਰੀਅਲ ਪਾਣੀਆਂ 'ਚ ਰੋੜ੍ਹ ਦਿੱਤੇ ਜਾਂਦੇ ਹਨ, ਜੋ ਮਨੁੱਖੀ ਸਿਹਤ ਲਈ ਬਹੁਤ ਲਾਭਦਾਇਕ ਹਨ। ਇਸ ਸਮੁੱਚੇ ਅੰਧ ਵਿਸ਼ਵਾਸੀ ਵਰਤਾਰੇ ਵਿਚ ਸਮਾਜ ਦਾ ਆਰਥਿਕ, ਮਾਨਸਿਕ ਤੇ ਬੌਧਿਕ ਸੋਸ਼ਣ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਭਾਵੇਂ ਸਮਾਜ ਦੀਆਂ ਅਨੇਕ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹਨ ਪਰ ਸਧਾਰਨ ਵਰਗ ਇਨ੍ਹਾਂ ਦਾ ਸਰਲ ਤੇ ਸੌਖਾ ਹੱਲ ਜੰਤਰਾਂ, ਮੰਤਰਾਂ, ਤੰਤਰਾਂ ਵਿਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਰਤਾਰੇ 'ਚ ਲੁੱਟੇ ਜਾਣ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਂਦਾ। ਇਸ ਸਮੱਸਿਆ ਦਾ ਹੱਲ ਗੁਰ ਗਿਆਨ, ਡੂੰਘੀ ਵਿਚਾਰ ਸ਼ਕਤੀ, ਵਿਗਿਆਨਕ ਸੋਚ, ਆਤਮਿਕ ਵਿਸ਼ਵਾਸ ਅਤੇ ਸਮਾਜਿਕ ਵਰਤਾਰੇ ਨੂੰ ਸਮਝਣਾ ਜ਼ਰੂਰੀ ਹੈ। ਇਸ ਫੋਕਟ ਕਰਮ ਤੋਂ ਵਰਜਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਾਪੁ ਸਾਹਿਬ' ਵਿਚ ਫ਼ਰਮਾਇਆ ਹੈ-

ਨਮੋ ਮੰਤ੍ਰ ਮੰਤ੍ਰੰ॥ ਨਮੋ ਜੰਤ੍ਰ ਜੰਤ੍ਰੰ॥

ਨਮੋ ਇਸਟ ਇਸਟੇ। ਨਮੋ ਤੰਤ੍ਰ ਤੰਤ੍ਰੰ॥

ਭਾਵ-ਹੇ ਪ੍ਰਭੂ! ਤੇਰਾ ਨਾਮ ਹੀ ਸਭਨਾ ਮੰਤਰਾਂ, ਜੰਤਰਾਂ, ਤੰਤਰਾਂ ਤੋਂ ਸਿਰਮੌਰ ਤੇ ਉੱਤਮ ਹੈ। ਗੁਰਬਾਣੀ ਦੀ ਸ਼ਕਤੀ ਦਾ ਵਰਣਨ ਕਰਦਿਆਂ ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਗੁਰੂ ਦੇ ਵਾਰਸਾਂ ਨੂੰ ਚੇਤੰਨ ਕਰਦਿਆਂ, ਇਕ ਕਬਿੱਤ ਵਿਚ ਤੱਤ ਗਿਆਨ ਦਿੱਤਾ ਹੈ-

ਸਤਿਗੁਰ ਸਬਦ ਸੁਰਤਿ ਲਿਵ ਮੂਲਮੰਤ੍ਰ

ਆਨ ਤੰਤ੍ਰ ਮੰਤ੍ਰ ਕੀ ਨ ਸਿਖਨ ਪ੍ਰਤੀਤਿ ਹੈ॥

 

 

ਡਾਕਟਰ ਇੰਦਰਜੀਤ ਸਿੰਘ ਗੋਗੋਆਣੀ