ਗੌਰੀ ਲੰਕੇਸ਼ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ 10 ਲੱਖ ਇਨਾਮ ਦਾ ਐਲਾਨ
ਦੋਸ਼ੀਆਂ ਨੂੰ ਛੇਤੀ ਫੜਨ ਲਈ ਸਿੱਟ ਨੂੰ ਮਿਲੀ ਹਦਾਇਤ
ਭਾਜਪਾ ਵਿਧਾਇਕ ਤੋਂ ਵੀ ਹੋਵੇਗੀ ਪੁੱਛ-ਗਿੱਛ
ਬੈਂਗਲੁਰੂ/ਬਿਊਰੋ ਨਿਊਜ਼:
ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ‘ਚ ਕਰਨਾਟਕ ਸਰਕਾਰ ਨੇ ਹੱਤਿਆਰਿਆਂ ਦੀ ਸੂਹ ਦੇਣ ਵਾਲੇ ਨੂੰ ਅੱਜ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਪੁਲੀਸ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਪੱਤਰਕਾਰ ਹੱਤਿਆ ਕਾਂਡ ਦੇ ਮਾਮਲੇ ਨਾਲ ਸਬੰਧਤ ਉਨ੍ਹਾਂ ਕੋਲ ਕੋਈ ਸੂਹ ਹੈ ਤਾਂ ਉਹ ਖਾਸ ਫੋਨ ਨੰਬਰਾਂ ਅਤੇ ਈ-ਮੇਲ ‘ਤੇ ਉਸ ਦੀ ਜਾਣਕਾਰੀ ਦੇ ਸਕਦੇ ਹਨ। ਸ੍ਰੀ ਰੈੱਡੀ ਨੇ ਕਿਹਾ,”ਮੁੱਖ ਮੰਤਰੀ (ਸਿੱਧਾਰਮੱਈਆ) ਨੇ ਜਾਂਚ ਤੇਜ਼ ਕਰਨ ਅਤੇ ਦੋਸ਼ੀਆਂ ਨੂੰ ਛੇਤੀ ਫੜਨ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਸਿਟ ਨੂੰ ਕਈ ਅਧਿਕਾਰੀ ਦਿੱਤੇ ਹਨ ਅਤੇ ਜੇਕਰ ਹੋਰ ਅਧਿਕਾਰੀਆਂ ਦੀ ਲੋੜ ਪਈ ਤਾਂ ਹੋਰ ਦੇਣ ਲਈ ਵੀ ਤਿਆਰ ਹਾਂ।” ਸਿਟ ਵੱਲੋਂ ਭਾਜਪਾ ਵਿਧਾਇਕ ਜੀਵਾਰਾਜ ਤੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ। ਸ੍ਰੀ ਸਿੱਧਾਰਮੱਈਆ ਨੇ ਅੱਜ ਸਿਟ ਦੇ ਮੈਂਬਰਾਂ ਨਾਲ ਬੈਠਕ ਕਰਕੇ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ। ਬੈਠਕ ‘ਚ ਸ੍ਰੀ ਰੈੱਡੀ, ਸਿਟ ਮੁਖੀ ਬੀ ਕੇ ਸਿੰਘ, ਡੀਜੀਪੀ ਆਰ ਕੇ ਦੱਤਾ ਅਤੇ ਇੰਟੈਲੀਜੈਂਸ ਦੇ ਡੀਜੀ ਏ ਐਮ ਪ੍ਰਸਾਦ ਹਾਜ਼ਰ ਸਨ। ਸੂਬਾ ਸਰਕਾਰ ਨੇ ਬੁੱਧਵਾਰ ਨੂੰ ਆਈਜੀ (ਇੰਟੈਲੀਜੈਂਸ) ਬੀ ਕੇ ਸਿੰਘ ਦੀ ਅਗਵਾਈ ਹੇਠ 21 ਮੈਂਬਰੀ ਸਿਟ ਦੇ ਗਠਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਨੂੰ 5 ਸਤੰਬਰ ਦੀ ਰਾਤ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਜਦੋਂ ਗੌਰੀ ਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਫੜਨ ‘ਚ ਦੇਰੀ ਦੀ ਸੰਭਾਵਨਾ ‘ਤੇ ਜਤਾਈ ਚਿੰਤਾ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਰੈੱਡੀ ਨੇ ਕਿਹਾ ਕਿ ਸਿਟ ਦੋਸ਼ੀਆਂ ਨੂੰ ਛੇਤੀ ਫੜਨ ਦੇ ਇਰਾਦੇ ਨਾਲ ਹੀ ਬਣਾਈ ਗਈ ਹੈ।
ਭਾਜਪਾ ਵਿਧਾਇਕ ਜੀਵਾਰਾਜ ਵੱਲੋਂ ਗੌਰੀ ਦੀ ਹੱਤਿਆ ਬਾਰੇ ਦਿੱਤੇ ਗਏ ਬਿਆਨ ਸਬੰਧੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਿਟ ਨੂੰ ਉਸ ਤੋਂ ਵੀ ਪੁੱਛ-ਗਿੱਛ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਆਨ ਦੇ ਪਿਛੋਕੜ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਜਦੋਂ ਗੌਰੀ ਲੰਕੇਸ਼ ਦੀ ਹੱਤਿਆ ਹੋਈ ਤਾਂ ਭਾਜਪਾ ਆਗੂ ਵੀ ਅਫ਼ਸੋਸ ਕਰਨ ਅਤੇ ਅੰਤਿਮ ਸਸਕਾਰ ‘ਚ ਪਹੁੰਚੇ ਸਨ।
ਜੇ ਆਰ.ਐਸ.ਐਸ. ਖਿਲਾਫ ਨਾ ਲਿਖਦੀ ਤਾਂ ਅੱਜ
ਜਿਉਂਦੀ ਹੁੰਦੀ ਗੌਰੀ ਲੰਕੇਸ਼-ਭਾਜਪਾ ਵਿਧਾਇਕ
ਬੈਂਗਲੁਰੂ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਕਰਨਾਟਕਾ ਦੇ ਭਾਜਪਾ ਆਗੂ ਤੇ ਤੇ ਜੀਵਰਾਜ ਨੇ ਕਿਹਾ ਹੈ ਕਿ ਜੇ ਗੌਰੀ ਲੰਕੇਸ਼ ਸਾਡੇ ਖਿਲਾਫ ਨਾ ਲਿਖਦੀ ਤਾਂ ਸ਼ਾਇਦ ਅੱਜ ਜਿੰਦਾ ਹੁੰਦੀ। ਗੌਰੀ ਲੰਕੇਸ਼ ਦੀ ਮੰਗਲਵਾਰ ਨੂੰ ਬੈਂਗਲੁਰੂ ‘ਚ ਉਸਦੇ ਘਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਾਲ 2008-2013 ਦੌਰਾਨ ਕਰਨਾਟਕਾ ‘ਚ ਭਾਜਪਾ ਦੀ ਸਰਕਾਰ ਵੇਲੇ ਮੰਤਰੀ ਰਹਿ ਚੁਕੇ ਡੀ.ਐਨ. ਜੀਵਰਾਜ ਨੇ ਚਿਕਮੰਗਲੂਰ ‘ਚ ਭਾਜਪਾ ਦੀ ਇਕ ਰੈਲੀ ‘ਚ ਕਿਹਾ, ”ਜੇਕਰ ਗੌਰੀ ਲੰਕੇਸ਼ ਨੇ ਆਰ.ਐਸ.ਐਸ. ਦੇ ਖਿਲਾਫ ਨਾ ਲਿਖਦੀ ਅਤੇ ਉਸਨੇ ਭਾਜਪਾ ਕਾਰਕੁਨਾਂ ਦੀਆਂ ਹੱਤਿਆਵਾਂ ਅਤੇ ਸਿੱਧਾਰਮੱਈਆ ਦੀ ਨਿਖੇਧੀ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਜਿੰਦਾ ਹੁੰਦੀ। ਜਿਵੇਂ ਉਸਨੇ ਸਾਡੇ ਖਿਲਾਫ ਲਿਖਿਆ ਉਸਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਗੌਰੀ ਨੂੰ ਸੁਰੱਖਿਆ ਨਾ ਦਿੱਤੇ ਜਾਣ ਦਾ ਭਾਜਪਾ ਨੂੰ ਗ਼ਮ
ਨਵੀਂ ਦਿੱਲੀ:ਭਾਜਪਾ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਸੁਰੱਖਿਆ ਪ੍ਰਦਾਨ ਕਰਨ ‘ਚ ਨਾਕਾਮ ਰਹਿਣ ‘ਤੇ ਕਰਨਾਟਕ ਦੀ ਕਾਂਗਰਸ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਵੱਖ ਵੱਖ ਪਾਰਟੀ ਆਗੂਆਂ ਨੇ ਹੱਤਿਆ ਕਾਂਡ ਦੀ ਨਿਖੇਧੀ ਕੀਤੀ ਹੈ। ਲੰਕੇਸ਼ ਦੇ ਭਰਾ ਇੰਦਰਜੀਤ ਵੱਲੋਂ ਦਿੱਤੇ ਗਏ ਬਿਆਨ ਦੀ ਕਾਪੀ ਦਿਖਾਉਂਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਨਕਸਲੀਆਂ ਨੂੰ ਆਤਮ ਸਮਰਪਣ ਕਰਵਾਉਣ ਦੇ ਕੰਮ ‘ਚ ਜੁਟੀ ਹੋਈ ਸੀ। ਸ੍ਰੀ ਪ੍ਰਸਾਦ ਨੇ ਕਿਹਾ ਕਿ ਸਿੱਧਾਰਮੱਈਆ ਸਰਕਾਰ ਨੇ ਉਸ ਨੂੰ ਸੁਰੱਖਿਆ ਕਿਉਂ ਨਹੀਂ ਮੁਹੱਈਆ ਕਰਵਾਈ ਸੀ। ‘ਇਹ ਵੀ ਆਖਿਆ ਜਾ ਰਿਹਾ ਹੈ ਕਿ ਨਕਸਲੀ ਉਸ ਤੋਂ ਨਾਰਾਜ਼ ਸਨ ਤਾਂ ਫਿਰ ਕਰਨਾਟਕ ‘ਚ ਕਾਂਗਰਸ ਸਰਕਾਰ ਨੇ ਉਸ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ।’ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਰਐਸਐਸ ਨਾਲ ਜੁੜੇ ਗੁੱਟਾਂ ‘ਤੇ ਦੋਸ਼ ਲਾਏ ਜਾਣ ‘ਤੇ ਉਸ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਫਿਰ ਨਿਰਪੱਖ ਜਾਂਚ ਦੀ ਆਸ ਕਰਨਾ ਮੁਸ਼ਕਲ ਹੈ।
Comments (0)