ਕਲੋਰਾਡੋ ਦੇ ਬਜ਼ੁਰਗ ਸ. ਫਕੀਰ ਸਿੰਘ ਦੀ ਸੜਕ ਹਾਦਸੇ ‘ਚ ਮੌਤ

ਕਲੋਰਾਡੋ ਦੇ ਬਜ਼ੁਰਗ ਸ. ਫਕੀਰ ਸਿੰਘ ਦੀ ਸੜਕ ਹਾਦਸੇ ‘ਚ ਮੌਤ

ਕਲੋਰਾਡੋ /ਬਿਊਰੋ ਨਿਊਜ਼ :
80 ਦੇ ਦਹਾਕੇ ‘ਚ ਪੰਜਾਬ ਦੇ ਪਿੰਡ ਕੰਗ ਸਾਬੋ ਤੋਂ ਅਮਰੀਕਾ ਜਾ ਕੇ ਵਸੇ ਸਿੱਖ ਪਰਿਵਾਰ ਦੇ ਬਜ਼ੁਰਗ ਸ. ਫਕੀਰ ਸਿੰਘ ਦੀ ਇਕ ਸੜਕ ਹਾਦਸੇ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਪੋਤੀ ਸੰਦੀਪ ਕੌਰ ਨੇ ਦੱਸਿਆ,  ”6 ਜੂਨ ਨੂੰ ਉਸ ਦੇ ਦਾਦਾ ਜੀ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ ਅਤੇ ਸਾਹਮਣਿਓਂ ਆ ਰਹੀ ਇਕ ਗੱਡੀ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਡਰਾਇਵਰ ਤੇ ਉਸ ਦਾ ਦੋਸਤ ਪੂਰੀ ਤਰ੍ਹਾਂ ਨਾਲ ਸ਼ਰਾਬ ‘ਚ ਟੱਲੀ ਸਨ। ਉਸ ਦੇ ਦਾਦਾ ਜੀ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੇ ਬਾਵਜੂਦ ਉਹ ਕਾਰ ‘ਚੋਂ ਬਾਹਰ ਨਿਕਲੇ ਅਤੇ ਸ਼ਰਾਬੀ ਡਰਾਇਵਰਾਂ ਨੂੰ ਜਾ ਕੇ ਪੁੱਛਿਆ ਕਿ ਕੀ ਉਹ ਠੀਕ ਹਨ? ਇਸ ਮਗਰੋਂ ਉਹ ਆਪਣਾ ਟਿਫਨ ਹੈਲਮਟ ਤੇ ਹੋਰ ਸਾਮਾਨ ਇਕੱਠਾ ਕਰਨ ਲੱਗ ਗਏ।”
ਇਸ ਮਗਰੋਂ ਉਥੇ ਇਕ ਟਰੱਕ ਪੁੱਜਾ। ਟਰੱਕ ਡਰਾਇਵਰ ਨੇ ਕਿਹਾ ਕਿ ਕੁੜੀ ਵਾਰ-ਵਾਰ ਕਹਿ ਰਹੀ ਸੀ ਕਿ ਉਹ ਹਸਪਤਾਲ ਚੱਲਣ ਪਰ ਸਿੰਘ ਨੇ ਕਿਹਾ ਕਿ ਉਹ ਜਲਦੀ ਠੀਕ ਹੋ ਜਾਣਗੇ। ਉਹ ਇਸ ਤਰ੍ਹਾਂ ਸਾਮਾਨ ਇਕੱਠਾ ਕਰਨ ਲੱਗੇ ਜਿਵੇਂ ਅਗਲੇ ਦਿਨ ਉਨ੍ਹਾਂ ਕੰਮ ‘ਤੇ ਜਾਣਾ ਹੋਵੇ। ਪੁਲੀਸ ਨੇ ਦਬਾਅ ਪਾ ਕੇ ਸਿੰਘ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਪਰ ਉਹ ਨਾ ਬਚ ਸਕੇ। ਇਸ ਮਗਰੋਂ ਪੁਲੀਸ ਨੇ ਦੋਸ਼ੀ ਡਰਾਈਵਰ ਹੈਕਟਰ ਜੋਸ ਟੋਰਸ ਤੇ ਉਸ ਦੇ ਦੋਸਤ ਰਿਵਰਜਡੇਲ ਨੂੰ ਗ੍ਰਿਫਤਾਰ ਕਰ ਲਿਆ। ਇਹ ਦੋਸ਼ੀ ਪਹਿਲਾਂ ਵੀ ਕਿਸੇ ਹੋਰ ਕੇਸ ‘ਚ ਸ਼ਾਮਲ ਸਨ।
79 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਉਹ ਹਿੰਮਤ ਨਾਲ ਮਿਹਨਤ ਕਰਦੇ ਰਹੇ। ਉਹ ਆਪਣੀ ਪਤਨੀ ਤੇ ਪੋਤਾ-ਪੋਤੀ ਨਾਲ ਇੱਥੇ ਰਹਿ ਸਨ ਤੇ ਉਨ੍ਹਾਂ ਦਾ ਪੁੱਤਰ ਓਰਗਨ ‘ਚ ਰਹਿ ਰਿਹਾ ਸੀ। ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਜਲਦੀ ਹੀ ਓਰਗਨ ਜਾਣ ਦਾ ਪ੍ਰੋਗਰਾਮ ਬਣਾ ਰਹੇ ਸਨ ਪਰ ਉਹ ਅੰਗਰੇਜ਼ੀ ਨਹੀਂ ਜਾਣਦੀ ਇਸ ਲਈ ਕੁੱਝ ਸਮਾਂ ਇੱਥੇ ਹੀ ਰਹੇਗੀ। ਉਨ੍ਹਾਂ ਦੇ ਪੋਤੇ ਮਨਵਿੰਦਰ ਸਿੰਘ ਨੇ ਦੱਸਿਆ ਕਿ ਦਾਦਾ ਜੀ ਨੂੰ ਉਹ ਕਈ ਵਾਰ ਕੰਮ ਨਾ ਕਰਨ ਲਈ ਕਹਿੰਦੇ ਸਨ ਪਰ ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਉਹ ਨਾ ਕੰਮ ਕਰਨਗੇ ਤਾਂ ਗੋਡੇ ਦੁਖਣੇ ਸ਼ੁਰੂ ਹੋ ਜਾਣਗੇ। ਉਹ ਹਮੇਸ਼ਾ ਹੀ ਚੁਸਤ ਤੇ ਤੰਦਰੁਸਤ ਦਿਖਾਈ ਦਿੰਦੇ ਸਨ। ਗੁਰਦੁਆਰਾ ਸਾਹਿਬ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ ਘਰ ਤੇ ਗੁਰਦੁਆਰਾ ਸਾਹਿਬ ‘ਚ ਫੁੱਲ ਤੇ ਪੌਦੇ ਲਗਾਉਂਦੇ ਰਹਿੰਦੇ ਸਨ। ਕਈ ਵਾਰ ਉਹ ਦਰਖਤਾਂ ਦੀ ਛਾਂਟੀ ਕਰਨ ਤੇ ਘਾਹ ਕੱਟਣ ਦੀ ਵੀ ਸੇਵਾ ਕਰਦੇ ਰਹਿੰਦੇ ਸਨ। ਉਨ੍ਹਾਂ ਦੇ ਗੁਆਂਢੀਆਂ ਨੇ ਕਿਹਾ ਕਿ ਉਹ ਪਾਠ ਕਰਦੇ ਰਹਿੰਦੇ ਸਨ ਤੇ ਚੰਗੇ ਇਨਸਾਨ ਸਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਅਸਤੀਆਂ ਪੰਜਾਬ ਭੇਜੀਆਂ ਜਾਣਗੀਆਂ, ਜਿੱਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਵੇਗੀ।