ਸੰਗਰੂਰ ਵਿਖੇ ਸੀ.ਐਮ. ਦੀ ਰਿਹਾਇਸ ਦੇ ਜ਼ਮਹੂਰੀਅਤ ਪੱਖੀ ਘਿਰਾਓ ਦੇ ਮੌਕੇ ਸਰਕਾਰ ਵੱਲੋ ਕੀਤਾ ਜ਼ਬਰ-ਜੁਲਮ ਅਸਹਿ ਤੇ ਨਿੰਦਣਯੋਗ : ਮਾਨ

ਸੰਗਰੂਰ ਵਿਖੇ ਸੀ.ਐਮ. ਦੀ ਰਿਹਾਇਸ ਦੇ ਜ਼ਮਹੂਰੀਅਤ ਪੱਖੀ ਘਿਰਾਓ ਦੇ ਮੌਕੇ ਸਰਕਾਰ ਵੱਲੋ ਕੀਤਾ ਜ਼ਬਰ-ਜੁਲਮ ਅਸਹਿ ਤੇ ਨਿੰਦਣਯੋਗ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 3 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਧਾਨਿਕ ਜਮਹੂਰੀ ਹੱਕਾਂ ਨੂੰ ਕੁੱਚਲਣ ਸੰਬੰਧੀ ਜੋ ਜ਼ਬਰ ਢਾਹਿਆ ਜਾ ਰਿਹਾ ਹੈ, ਜਿਸ ਅਧੀਨ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਧੂਰੀ ਵਿਖੇ ਰੱਖੇ ਗਏ ਰੋਸ਼ ਧਰਨੇ ਉਤੇ ਪੰਜਾਬੀਆਂ ਤੇ ਸਿੱਖਾਂ ਨੂੰ ਪਹੁੰਚਣ ਤੋ ਰੋਕਣ ਲਈ ਜੋ ਘਰਾਂ ਵਿਚ ਨਜਰਬੰਦ ਕੀਤੇ, ਥਾਂ-ਥਾਂ ਬੈਰੀਕੇਡ ਲਗਾਕੇ ਰੁਕਾਵਟਾਂ ਖੜ੍ਹੀਆ ਕੀਤੀਆ, ਇਹ ਇਥੋ ਦੇ ਨਿਵਾਸੀਆ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀਆ ਕਾਰਵਾਈਆ ਹਨ । ਅੱਜ ਜਦੋ ਸਮੁੱਚੀਆਂ ਕਿਸਾਨ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੋਰ ਸਿਆਸੀ ਤੇ ਸਮਾਜਿਕ ਸੰਗਠਨਾਂ ਵੱਲੋ ਸਾਂਝੇ ਤੌਰ ਤੇ ਸੰਗਰੂਰ ਵਿਖੇ ਸ. ਭਾਨਾ ਸਿੱਧੂ ਦੀ ਫੌਰੀ ਰਿਹਾਈ ਲਈ ਜਮਹੂਰੀਅਤ ਢੰਗ ਨਾਲ ਮੁੱਖ ਮੰਤਰੀ ਦੀ ਰਿਹਾਇਸ ਵਿਖੇ ਰੋਸ ਧਰਨਾ ਦਿੱਤਾ ਜਾਣਾ ਸੀ, ਤਾਂ ਉਥੇ ਪਹੁੰਚਣ ਵਾਲੀਆ ਸੰਗਤਾਂ ਉਤੇ ਪੁਲਿਸ ਵੱਲੋ ਬੇਰਹਿੰਮੀ ਨਾਲ ਲਾਠੀਚਾਰਜ ਕਰਕੇ ਨਿਰਦੋਸ਼ ਨਿਵਾਸੀਆ ਨੂੰ ਜਖ਼ਮੀ ਕਰਨ ਅਤੇ ਉਨ੍ਹਾਂ ਦੇ ਰੋਸ ਕਰਨ ਦੇ ਹੱਕ ਖੋਹਣ ਦੀ ਕਾਰਵਾਈ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਪੰਜਾਬੀਆਂ ਤੇ ਸਿੱਖ ਕੌਮ ਦੇ ਵਿਧਾਨਿਕ ਅਧਿਕਾਰਾਂ ਨੂੰ ਕੁੱਚਲਕੇ ਤਾਨਸਾਹੀ ਨੀਤੀਆ ਅਧੀਨ ਜੋ ਅਮਲ ਕਰ ਰਹੇ ਹਨ, ਉਨ੍ਹਾਂ ਨੂੰ ਸਹਿਣ ਨਹੀ ਕੀਤਾ ਜਾਵੇਗਾ ਅਤੇ ਇਸਦੇ ਨਿਕਲਣ ਵਾਲੇ ਨਤੀਜਿਆ ਲਈ ਪੰਜਾਬ ਦੀ ਮੌਜੂਦਾ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸਮੁੱਚੀਆਂ ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿਆਸੀ, ਧਾਰਮਿਕ ਸੰਗਠਨਾਂ ਵੱਲੋ ਸਾਂਝੇ ਤੌਰ ਤੇ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ ਉਤੇ ਦਿੱਤੇ ਜਾਣ ਵਾਲੇ ਧਰਨੇ ਨੂੰ ਦਮਨਮਕਾਰੀ ਨੀਤੀਆ ਤੇ ਅਮਲਾਂ ਅਧੀਨ ਜ਼ਬਰ ਢਾਹੁਣ, ਬੀਤੀ ਰਾਤ ਵੱਡੀ ਗਿਣਤੀ ਵਿਚ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਫਤਹਿਗੜ੍ਹ ਸਾਹਿਬ ਆਦਿ ਜਿ਼ਲ੍ਹਿਆਂ ਵਿਚ ਛਾਪੇ ਮਾਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਕਿਸਾਨ ਯੂਨੀਅਨਾਂ ਦੇ ਅਹੁਦੇਦਾਰਾਂ, ਵਰਕਰਾਂ ਨੂੰ ਗ੍ਰਿਫਤਾਰ ਕਰਨ ਜਾਂ ਘਰਾਂ ਵਿਚ ਨਜਰਬੰਦ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਦੀਆਂ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਅਤੇ ਇੰਡੀਆ ਦੇ ਹਿੰਦੂਤਵ ਕੱਟੜਪੰਥੀਆ ਦੀਆਂ ਸਰਕਾਰਾਂ ਨੇ ਸਿੱਖ ਕੌਮ ਤੇ ਪੰਜਾਬੀਆਂ ਦੀ ਹੱਕ ਸੱਚ ਦੀ ਆਵਾਜ ਨੂੰ ਦਬਾਉਣ ਲਈ ਵੱਡੇ ਜੁਲਮ ਕਰਦੇ ਰਹੇ ਹਨ । ਪਰ ਸਿੱਖ ਕੌਮ ਨੇ ਕਦੀ ਵੀ ਆਪਣੀ ਆਜਾਦੀ ਅਤੇ ਹੱਕ ਸੱਚ ਦੀ ਗੱਲ ਕਰਨ ਤੋ ਪਿੱਛੇ ਨਹੀ ਹੱਟੇ ਬਲਕਿ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ ਕਰਦੇ ਹੋਏ ਫਤਹਿ ਪ੍ਰਾਪਤ ਕਰਦੇ ਰਹੇ ਹਨ । ਹੁਣ ਵੀ ਜੋ ਪੰਜਾਬ ਤੇ ਸੈਟਰ ਸਰਕਾਰਾਂ ਨੇ ਦਮਨਕਾਰੀ ਨੀਤੀਆ ਅਪਣਾਈਆ ਹੋਈਆ ਹਨ, ਪੰਜਾਬੀਆਂ ਉਤੇ ਜ਼ਬਰ ਢਾਹਿਆ ਜਾ ਰਿਹਾ ਹੈ, ਉਸ ਵਿਰੁੱਧ ਉੱਠਣ ਵਾਲੀ ਸਮੂਹਿਕ ਇਨਸਾਫ ਦੀ ਆਵਾਜ ਨੂੰ ਇਹ ਹੁਕਮਰਾਨ ਨਹੀ ਦਬਾਅ ਸਕਣਗੇ ਅਤੇ ਅਸੀ ਇਨਸਾਫ ਪ੍ਰਾਪਤ ਕਰਕੇ ਰਹਾਂਗੇ । ਇਸ ਲਈ ਪੰਜਾਬ ਸਰਕਾਰ ਨੂੰ ਸਾਡੀ ਇਹ ਨੇਕ ਰਾਏ ਹੈ ਕਿ ਉਹ ਪੰਜਾਬ ਦੇ ਨਿਵਾਸੀਆ, ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿਆਸੀ, ਧਾਰਮਿਕ ਸੰਗਠਨਾਂ ਵੱਲੋ ਸਾਂਝੇ ਤੌਰ ਤੇ ਸ. ਭਾਨਾ ਸਿੱਧੂ ਦੀ ਰਿਹਾਈ ਲਈ ਜਮਹੂਰੀਅਤ ਢੰਗ ਨਾਲ ਕੀਤੇ ਜਾ ਰਹੇ ਰੋਸ ਵਿਖਾਵਿਆ ਉਤੇ ਜ਼ਬਰ ਕਰਨਾ ਬੰਦ ਕਰਕੇ ਨਿਰਦੋਸ਼ ਭਾਨਾ ਸਿੱਧੂ ਨੂੰ ਰਿਹਾਅ ਕਰਨ ਦੇ ਅਮਲ ਕਰਨ ਤਾਂ ਇਹ ਜਿਥੇ ਪੰਜਾਬ ਸਰਕਾਰ ਲਈ ਬਿਹਤਰ ਹੋਵੇਗਾ, ਉਥੇ ਪੰਜਾਬ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਵੀ ਸਹਾਈ ਹੋਵੇਗਾ ।