ਤਰਲੋਚਨ ਸਿੰਘ ਦੀਆਂ ਪੰਥ ਪ੍ਰਤੀ ਕਿਹੜੀ ਸੇਵਾਵਾਂ ਬਦਲੇ ਦਿੱਤਾ ਜਾ ਰਿਹਾ ਐਵਾਰਡ, ਕਾਲਕਾ ਤੇ ਯੂਕੇ ਦੀ ਸੰਸਥਾ ਸਿੱਖ ਕੌਮ ਨੂੰ ਕਰਨ ਸਪੱਸ਼ਟ : ਬਲਦੇਵ ਸਿੰਘ ਰਾਣੀ ਬਾਗ਼

ਤਰਲੋਚਨ ਸਿੰਘ ਦੀਆਂ ਪੰਥ ਪ੍ਰਤੀ ਕਿਹੜੀ ਸੇਵਾਵਾਂ ਬਦਲੇ ਦਿੱਤਾ ਜਾ ਰਿਹਾ ਐਵਾਰਡ, ਕਾਲਕਾ ਤੇ ਯੂਕੇ ਦੀ ਸੰਸਥਾ ਸਿੱਖ ਕੌਮ ਨੂੰ ਕਰਨ ਸਪੱਸ਼ਟ : ਬਲਦੇਵ ਸਿੰਘ ਰਾਣੀ ਬਾਗ਼
ਬਲਦੇਵ ਸਿੰਘ ਰਾਣੀ ਬਾਗ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 7 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸਾਬਕਾ ਸਿੱਖ ਐਮ ਪੀ ਤਰਲੋਚਨ ਸਿੰਘ ਨੂੰ ਯੂਕੇ ਦੀ ਇਕ ਸੰਸਥਾ ਵਲੋਂ ਦਿੱਤੇ ਜਾ ਰਹੇ ਅਵਾਰਡ ਤੇ ਲਗਾਤਾਰ ਸੁਆਲ ਚੁੱਕੇ ਜਾ ਰਹੇ ਹਨ, ਦਿੱਲੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਰਾਣੀ ਬਾਗ਼ ਨੇ ਵੀਂ ਇਸ ਮੌਕੇ ਨਾਖੁਸ਼ੀ ਜ਼ਾਹਿਰ ਕੀਤੀ ਹੈ । ਓਨਾ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਜੂਨ 1984 ਵਿੱਚ ਹੋਇਆ ਫ਼ੌਜੀ ਹਮਲਾ ਸਿੱਖ ਕੌਮ ਦੇ ਇਤਿਹਾਸ ਵਿੱਚ ਇਕ ਅਹਿਮ ਸਥਾਨ ਰੱਖਦਾ ਹੈ । ਜਦੋਂ ਵੀ ਘੱਲੂਘਾਰਾ ਹਫ਼ਤਾ ਆਉੰਦਾ ਹੈ ਤਾਂ ਪੂਰੀ ਸਿੱਖ ਕੌਮ ਡੂੰਘੀ ਸੰਵੇਦਨਾ ਵਿੱਚ ਜਾਂਦੇ ਹੋਏ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਅਤੇ ਬੀਤੇ ਦਾ ਅਤੇ ਭਵਿੱਖ ਦਾ ਚਿੰਤਨ ਕਰਦੀ ਹੈ । 

ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਇੰਗਲੈਂਡ ਦੀ ਇਕ ਸੰਸਥਾ ਸਿੱਖ ਫੋਰਮ ਇੰਟਰਨੈਸ਼ਨਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦਾ ਕਾਨੂੰਨੀ ਹੁਕਮ ਦੇਣ ਵਾਲੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਹਾਇਕ ਜਿਸਦਾ ਕਿ ਦਾਅਵਾ ਵੀ ਰਿਹਾ ਹੈ ਕਿ ਉਸਤੋਂ ਪੁੱਛੇ ਬਿਨਾ ਗਿਆਨੀ ਜ਼ੈਲ ਸਿੰਘ ਕਿਸੇ ਕਾਗਜ਼ ਤੇ ਦਸਤਖਤ ਨਹੀ ਕਰਦੇ ਸਨ । ਉਸ ਤਰਲੋਚਨ ਸਿੰਘ ਨੂੰ ਉਹਨਾਂ ਹੀ ਦਿਨਾਂ ਵਿੱਚ ਸਾਲ ਤੇ ਸਰਬੋਤਮ ਸਿੱਖ ਦਾ ਖ਼ਿਤਾਬ ਦੇਣਾ ਅਤੇ ਇਸ ਅਮਲ ਨੂੰ ਢੀਠਪੁਣੇ ਦੇ ਨਾਲ ਸਹੀ ਠਹਿਰਾਉਣਾ । ਇਹ ਸਭ ਜਿੱਥੇ ਨਿੰਦਣਯੋਗ ਤੇ ਮੰਦਭਾਗਾ ਤੇ ਹੈ ਹੀ ਉਥੇ ਹੀ ਸਿੱਖ ਫੋਰਮ ਇੰਟਰਨੈਸ਼ਨਲ ਦੀ ਮਨਸ਼ਾ ਤੇ ਉਦੇਸ਼ਾਂ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ । 

ਕੀ ਸਿੱਖ ਫੋਰਮ ਇੰਟਰਨੈਸ਼ਨਲ ਦਾ ਗਠਨ ਸਿੱਖਾਂ ਦੇ ਦੋਸ਼ੀਆਂ ਨੂੰ ਸਨਮਾਨਿਤ ਕਰਨ ਲਈ ਕੀਤਾ ਗਿਆ ਹੈ ? ਇਸ ਸਵਾਲ ਦਾ ਜਵਾਬ ਇਸਦੇ ਪ੍ਰਬੰਧਕਾਂ ਨੂੰ ਦੇਣਾ ਚਾਹੀਦਾ ਹੈ।

ਦੂਸਰੇ ਪਾਸੇ ਜਦੋਂ ਸੁਹਿਰਦ ਸਿੱਖ ਸੰਸਥਾਵਾਂ ਤੇ ਹਸਤੀਆਂ ਵਲੋਂ ਫ਼ੋਰਮ ਦੇ ਇਸ ਪ੍ਰੋਗਰਾਮ ਉੱਪਰ ਸਵਾਲ ਚੁੱਕੇ ਗਏ ਤਾਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਕਾਰੀ ਅਹੁਦੇ ਤੇ ਬੈਠੇ ਹਰਮੀਤ ਸਿੰਘ ਕਾਲਕਾ ਵਲੋਂ ਤਰਲੋਚਨ ਸਿੰਘ ਵਰਗੇ ਸ਼ੱਕ ਬੰਦੇ ਦਾ ਪੱਖ ਪੂਰਦੇ ਹੋਏ, ਉਸ ਵਿਰੋਧ ਨੂੰ ਮੰਦਭਾਗਾ ਕਹਿਣਾ ਦਰਸਾਉੰਦਾ ਹੈ ਕਿ ਹਰਮੀਤ ਸਿੰਘ ਕਾਲਕਾ ਵੀ ਆਪਣੇ ਦਾਦੇ ਵੱਲੋਂ ਪਾਏ ਪੂਰਨਿਆਂ ਤੇ ਚੱਲ ਰਿਹਾ ਹੈ ਜਿਸ ਤਰ੍ਹਾਂ ਉਸਨੇ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਕ੍ਰਿਪਾ ਦਾ ਪਾਤਰ ਬਣਨ ਲਈ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰੀ ਉਸਾਰੀ ਵਿੱਚ ਹਿੱਸਾ ਲੈ ਕੇ ਮੱਥੇ ਤੇ ਕਲੰਕ ਲਗਵਾਇਆ ਸੀ । ਠੀਕ ਉਸੇ ਤਰਾਂ ਸਰਕਾਰੀ ਸਰਪ੍ਰਸਤੀ ਨਾਲ ਦਿੱਲੀ ਕਮੇਟੀ ਤੇ ਕਾਬਜ਼ ਹੋਇਆ ਹਰਮੀਤ ਸਿੰਘ ਕਾਲਕਾ ਨਿੱਤ ਦਿਨ ਨੀਵੇਂ ਤੋਂ ਨੀਵੇਂ ਪੱਧਰ ਤੇ ਗਿਰਦੇ ਹੋਏ, ਆਪਣੇ ਦਾਦੇ ਦੀ ਤਰ੍ਹਾਂ ਕੌਮ ਨਾਲ ਨਿਰੰਤਰ ਧ੍ਰੋਹ ਕਮਾ ਰਿਹਾ ਹੈ । ਹਰਮੀਤ ਕਾਲਕੇ ਤੇ ਤਿਰਲੋਚਨ ਸਿੰਘ ਹੁਣੀ ਕੌਮ ਨੂੰ ਸਪੱਸ਼ਟ ਕਰਨ ਕਿ ਕੀ ਇਹਨਾਂ ਅਧੀਨ ਦਿੱਲੀ ਦੇ ਸਕੂਲਾਂ ਕਾਲਜਾਂ ਤੇ ਹੋਰ ਅਦਾਰਿਆਂ ਵਿਚ ਕਾਬਲ ਸਿੱਖਾਂ ਨੂੰ ਛੱਡਕ ਗੈਰ ਸਿੱਖਾਂ ਨੂੰ ਭਰਤੀ ਕਰਨਾ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਨਾ ਨਹੀਂ..? ਕੀ ਇਸ ਬਦਲੇ ਐਵਾਰਡ ਦਿੱਤਾ ਜਾ ਰਿਹਾ..? ਹਰਮੀਤ ਕਾਲਕਾ ਤੇ ਯੂਕੇ ਦੀ ਇਹ ਸੰਸਥਾ ਸਿੱਖ ਕੌਮ ਨੂੰ ਇਹ ਵੀ ਸਪੱਸ਼ਟ ਕਰਨ ਕਿ ਸ ਤਰਲੋਚਨ ਸਿੰਘ ਦੀਆਂ ਖ਼ਾਲਸਾ ਪੰਥ ਪ੍ਰਤੀ ਕਿਹੜੀਆਂ ਸੇਵਾਵਾਂ ਨੇ ਜਿਸ ਬਦਲੇ ਇਸ ਨੂੰ ਇਹ ਐਵਾਰਡ ਮਿਲਣਾ ਚਾਹੀਦਾ ਹੈ ।

ਆਪਣੇ ਇਹਨਾਂ ਕੰਮਾਂ ਲਈ ਕਾਲਕਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਖ਼ਾਲਸਾ ਪੰਥ ਤੋਂ ਨਾ ਸਿਰਫ਼ ਮਾਫ਼ੀ ਮੰਗਣੀ ਚਾਹੀਦੀ ਹੈ । ਸਗੋਂ ਆਪਣੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਗੁਰੇਜ਼ ਕਰਦਿਆਂ ਆਪਣਾ ਧਿਆਨ ਗੁਰਦੁਆਰਾ ਪ੍ਰਬੰਧ ਤੇ ਸਾਡੇ ਬਰਬਾਦੀ ਕੰਢੇ ਪਹੁੰਚ ਚੁੱਕੇ ਸਿੱਖਿਆ ਪ੍ਰਬੰਧ ਵੱਲ ਲਗਾਉਣਾ ਚਾਹੀਦਾ ਹੈ ।