ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਘੱਲੂਘਾਰੇ ਦਿਹਾੜੇ ਨੂੰ ਮਨਾਉਦੇ ਹੋਏ, ਸੰਤ ਭਿੰਡਰਾਂਵਾਲਿਆਂ ਦੀ ਫੋਟੋ ਪੁਲਿਸ ਵੱਲੋਂ ਜ਼ਬਰੀ ਚੁਕਾਉਣਾ ਅਸਹਿਣਯੋਗ : ਮਾਨ
ਅਕਾਲ ਤਖ਼ਤ ਸਾਹਿਬ ਵੱਲੋ ਸੰਤ ਜੀ ਨੂੰ ‘20ਵੀਂ ਸਦੀ ਦੇ ਮਹਾਨ ਸਿੱਖ’ ਦਾ ਸਨਮਾਨ ਦੇ ਕੇ ਨਿਵਾਜਿਆ ਹੋਇਆ ਹੈ
ਜਿਸ ਪੁਲਿਸ ਅਫਸਰਸਾਹੀ ਨੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਈ ਉਸ ਵਿਰੁੱਧ ਫੌਰੀ ਕਾਰਵਾਈ ਹੋਵੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 7 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਖ਼ਾਲਸਾ ਪੰਥ ਦੇ 6 ਜੂਨ ਦਾ ਘੱਲੂਘਾਰਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਉਸ ਸਮੇ ਲੱਗੀ ਛਬੀਲ ਦੇ ਸਥਾਂਨ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੁਸੋਭਿਤ ਕੀਤੀ ਫੋਟੋ ਨੂੰ ਜ਼ਬਰੀ ਲਾਹੁਣ ਦੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਜਿਸ ਅਫਸਰਸਾਹੀ ਨੇ ਇਹ ਘਿਣੋਨਾ ਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਹੈ, ਉਸ ਵਿਰੁੱਧ ਫੋਰੀ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਰਾਹੀ ਉਸ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹਿੰਦੂਤਵ ਆਗੂਆਂ ਵੱਲੋਂ ਸਤਿਕਾਰੇ ਜਾਂਦੇ ਕਿਸੇ ਨਾਇਕ ਦੀ ਕੋਈ ਘੱਟ ਗਿਣਤੀ ਕੌਮ ਵਿਚੋ ਅਜਿਹੀ ਗੁਸਤਾਖੀ ਕਰ ਦੇਵੇ, ਤਾਂ ਕੀ ਇਹ ਹਿੰਦੂਤਵੀਏ ਜਾਂ ਇਥੋ ਦਾ ਕਾਨੂੰਨ, ਨਿਜਾਮ ਇਸ ਗੱਲ ਨੂੰ ਸਹਿਣ ਕਰ ਲਵੇਗਾ ? ਇਸ ਲਈ ਉਪਰੋਕਤ ਹੋਈ ਹਿਰਦੇਵੇਧਕ ਕਾਰਵਾਈ ਵੀ ਸਿੱਖ ਕੌਮ ਵੱਲੋ ਬਰਦਾਸਤ ਕਰਨ ਯੋਗ ਨਹੀ ਹੈ । ਅਸੀ ਮੰਗ ਕਰਦੇ ਹਾਂ ਕਿ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਹੋਈ ਬਜਰ ਗੁਸਤਾਖੀ ਲਈ ਸਮੁੱਚੀ ਸਿੱਖ ਕੌਮ ਤੋ ਜਨਤਕ ਤੌਰ ਤੇ ਮੁਆਫ਼ੀ ਮੰਗੀ ਜਾਵੇ ।
ਉਨ੍ਹਾਂ ਕਿਹਾ ਕਿ 6 ਜੂਨ ਦਾ ਘੱਲੂਘਾਰਾ ਸ਼ਹੀਦੀ ਦਿਹਾੜਾ ਸਿੱਖ ਕੌਮ ਹਰ ਸਾਲ ਮਨਾਉਦੀ ਹੈ, ਉਹ ਹਿੰਦੂਤਵੀ ਜਾਲਮ ਅਤੇ ਜ਼ਾਬਰ ਆਗੂਆਂ ਵੱਲੋਂ ਬਰਤਾਨੀਆ, ਰੂਸ ਤੇ ਇੰਡੀਆ ਦੀਆਂ ਫ਼ੌਜਾਂ ਦਾ ਸਮੂਹਿਕ ਫ਼ੌਜੀ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਕਰਕੇ ਜੋ ਸਾਡੇ ਨਿਹੱਥੇ ਸਿੱਖਾਂ ਨੂੰ ਸ਼ਹੀਦ ਕੀਤਾ ਹੈ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ । ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਸੋਚ ਅਨੁਸਾਰ, ਜਮਹੂਰੀ ਤੇ ਇਨਸਾਨੀ ਢੰਗਾਂ ਉਤੇ ਪਹਿਰਾ ਦਿੰਦੇ ਹੋਏ ਖ਼ਾਲਸਾ ਪੰਥ ਦੀ ਆਜਾਦੀ ਦਾ ਜੰਗ ਵੀ ਲੜਿਆ ਹੈ ਅਤੇ ਕੌਮੀ ਮਕਸਦ ਲਈ ਸ਼ਹੀਦੀ ਪ੍ਰਾਪਤ ਕੀਤੀ ਹੈ । ਇਹੀ ਵਜਹ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਡੀ ਮਹਾਨ ਸੰਸਥਾਂ ਵੱਲੋ ‘20ਵੀਂ ਸਦੀ ਦੇ ਮਹਾਨ ਸਿੱਖ’ ਦਾ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ । ਸਾਡੇ ਇਸ ਨਾਇਕ ਦੇ ਕਿਸੇ ਵੀ ਦਿਹਾੜੇ ਨੂੰ ਮਨਾਉਣ ਤੋ ਇੰਡੀਆ ਤਾ ਕੀ ਕੋਈ ਵੀ ਤਾਕਤ ਨਹੀ ਰੋਕ ਸਕਦੀ । ਜੋ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਉਥੋ ਦੀ ਪੁਲਿਸ ਅਧਿਕਾਰੀਆ ਤੇ ਅਫਸਰਸਾਹੀ ਨੇ ਇਸ ਦਿਨ ਦੀ ਅਰਦਾਸ ਸਮੇ ਜਾਂ ਲਗਾਈ ਗਈ ਛਬੀਲ ਸਮੇ ਸਿੱਖ ਕੌਮ ਦੇ ਨਾਇਕ ਸੰਤ ਭਿੰਡਰਾਂਵਾਲਿਆਂ ਦੀ ਲੱਗੀ ਫੋਟੋ ਨੂੰ ਜ਼ਬਰੀ ਚੁੱਕਵਾਇਆ ਹੈ, ਉਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਵਲੂੰਧਰੇ ਗਏ ਹਨ ਅਤੇ ਸੰਬੰਧਤ ਅਫਸਰਸਾਹੀ ਸਿੱਖ ਕੌਮ ਦੀ ਦੋਸ਼ੀ ਹੈ । ਜਿਨ੍ਹਾਂ ਉਤੇ ਕਾਨੂੰਨੀ ਕਾਰਵਾਈ ਅਵੱਸ ਹੋਣੀ ਚਾਹੀਦੀ ਹੈ । ਕਿਉਂਕਿ ਇਹ ਵਰਤਾਰਾ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀ ਹੈ ।”
Comments (0)