ਹੈਕਰ ਸੈਨਾ ਦੁਨੀਆ ਲਈ ਚੈਲਿੰਜ

 ਹੈਕਰ ਸੈਨਾ ਦੁਨੀਆ ਲਈ ਚੈਲਿੰਜ

ਵਿਸ਼ੇਸ਼ ਮੁਦਾ

ਭੁਪਿੰਦਰ ਵੀਰ ਸਿੰਘ

 ਹੈਕਰ ਪੂਰੀ ਦੁਨੀਆ ਵਿਚ ਇਕ ਸੈਨਾ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਹੇ ਹਨ ਜੋ ਕਿ ਚੋਟੀ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਖੋਰਾ ਲਾਉਣ ਦੀ ਤਾਕਤ ਰੱਖਦੇ ਹਨ। ਦੁਨੀਆ ਭਰ ਵਿਚ ਸਾਈਬਰ ਅਪਰਾਧ ਵਧ ਰਹੇ ਹਨ ਅਤੇ ਦੁਨੀਆ ਭਰ ਦੇ ਦੇਸ਼ ਸਾਈਬਰ ਤਾਕਤਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਹੀਲੇ-ਵਸੀਲੇ ਅਪਣਾ ਰਹੇ ਹਨ। ਹੁਣ ਯੁੱਧ ਸਾਈਬਰ ਸਪੇਸ 'ਤੇ ਲੜੇ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀ ਜਾਣਕਾਰੀ ਤੋਂ ਪਰ੍ਹੇ ਹਨ। ਇੰਟਰਨੈੱਟ ਦੀ ਦੁਨੀਆ ਸਾਡੀ ਆਮ ਦੁਨੀਆ ਤੋਂ ਪਰੇ ਦੀ ਰਹੱਸਮਈ ਦੁਨੀਆ ਹੈ। ਕਿਉਂਕਿ ਅਜੋਕੇ ਸਮੇਂ ਵਿਚ ਮਨੁੱਖ ਦਾ ਪੂਰੀ ਤਰ੍ਹਾਂ ਕੰਪਿਊਟਰੀਕਰਨ ਹੋ ਚੁੱਕਾ ਹੈ। ਇੰਟਰਨੈੱਟ ਦੀ ਵਰਤੋਂ ਨੇ ਹਰ ਇਨਸਾਨ ਦੀ ਅਸਲੀ ਜ਼ਿੰਦਗੀ ਨੂੰ ਆਪਣੇ ਆਪ ਵਿਚ ਇਕ ਤਰ੍ਹਾਂ ਦਾ ਡਾਟਾ ਬਣਾ ਕੇ ਸਾਂਭ ਕੇ ਰੱਖ ਲਿਆ ਹੈ ਜੋ ਕਿ ਕਦੀ ਵੀ ਕੋਈ ਤੀਜਾ ਬੰਦਾ ਤਕਨਾਲੋਜੀ ਦੀ ਗ਼ਲਤ ਵਰਤੋਂ ਕਰਕੇ ਚੋਰੀ ਕਰ ਸਕਦਾ ਹੈ ਅਤੇ ਹਰ ਇਨਸਾਨ ਦੇ ਜਾਂ ਦੇਸ਼ ਜਾਂ ਕੰਪਨੀ ਜਾਂ ਸੰਸਥਾ ਦੇ ਚਰਿੱਤਰ ਦੀ ਜਾਣਕਾਰੀ ਲੈ ਸਕਦਾ ਹੈ। ਕੁਝ ਸਮਾਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਕੋਈ ਵੀ ਜ਼ਿਆਦਾ ਸੰਵੇਦਨਸ਼ੀਲਤਾ ਜਾਂ ਚੌਕਸੀ ਨਹੀਂ ਸੀ। ਪਰ ਸਮੇਂ ਨਾਲ ਜੁਰਮ ਵਧ ਰਹੇ ਹਨ ਜਿਸ ਕਾਰਨ ਦੇਸ਼ਾਂ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾਵਾਂ ਵਧ ਰਹੀਆਂ ਹਨ। ਜੇਕਰ ਸੂਤਰਾਂ ਦੇ ਹਵਾਲੇ ਦੀ ਗੱਲ਼ ਕਰੀਏ ਤਾਂ ਨੱਬੇ ਦੇ ਦਹਾਕੇ ਵਿਚ ਹੈਕਰਾਂ ਦੇ ਦੌਰ ਦੀ ਸ਼ੁਰੂਆਤ ਹੋਈ। ਰੂਸ ਵਿਚ ਉਸ ਸਮੇਂ ਵਿਚ ਕਾਫੀ ਉੱਚ ਸਿੱਖਿਅਤ ਨੌਜਵਾਨਾਂ ਨੇ ਇੰਟਰਨੈੱਟ ਰਾਹੀਂ ਅਜਿਹੇ ਜਾਲ ਬਣਾਉਣੇ ਸ਼ੁਰੂ ਕੀਤੇ ਜਿਸ ਨਾਲ ਉਹ ਵੱਡੀਆਂ ਕੰਪਨੀਆਂ ਜਾਂ ਦੇਸ਼ਾਂ ਦਾ ਡਾਟਾ ਮਿਟਾ ਦਿੰਦੇ ਸਨ ਜਾਂ ਚੋਰੀ ਕਰਕੇ ਪੈਸੇ ਕਮਾਉਂਦੇ ਸਨ। ਜੇਕਰ ਹੈਕਿੰਗ ਦੀ ਸਲਤਨਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਜ਼ਿਆਦਾਤਰ ਬੇਰੁਜ਼ਗਾਰ ਹੁਨਰਮੰਦ ਨੌਜਵਾਨ ਆਪਣੀ ਕਿਸਮਤ ਅਜ਼ਮਾਉਂਦੇ ਹਨ ਅਤੇ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਦੀਆਂ ਸਾਈਟਾਂ ਹੈਕ ਕਰਕੇ ਪੈਸਾ ਵੱਟਦੇ ਹਨ। ਸਾਰੀ ਦੁਨੀਆ ਵਿਚ ਫਰੀਲਾਂਸ ਹੈਕਰ ਮੌਜੂਦ ਹਨ। ਕਈ ਦੇਸ਼ਾਂ ਦੀਆਂ ਸਰਕਾਰਾਂ ਇਨ੍ਹਾਂ ਦੀ ਮਦਦ ਦੂਜੇ ਮੁਲਕਾਂ ਦੀਆਂ ਸਾਈਟਾਂ ਹੈਕ ਕਰਕੇ ਉਨ੍ਹਾਂ ਦਾ ਡਾਟਾ ਚੋਰੀ ਕਰਨ ਅਤੇ ਹੋਰ ਵਿੱਤੀ ਨੁਕਸਾਨ ਲਈ ਕਰਨ ਲਈ ਲੈਂਦੀਆਂ ਹਨ। ਪਰ ਸਰਕਾਰੀ ਤੌਰ 'ਤੇ ਕੋਈ ਵੀ ਦੇਸ਼ ਇਹ ਮੰਨਣ ਲਈ ਤਿਆਰ ਨਹੀਂ ਕੀ ਸਾਡੇ ਵਲੋਂ ਕੋਈ ਸਰਕਾਰੀ ਹੈਕਰਜ਼ ਦੀ ਫ਼ੌਜ ਤਿਆਰ ਕੀਤੀ ਜਾ ਰਹੀ ਹੈ। ਜੇ ਰੂਸ ਦੀ ਗੱਲ ਕਰੀਏ ਤਾਂ ਰੂਸ ਹੈਕਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ ਰੂਸ ਦੇ ਹੈਕਰਾਂ ਉੱਪਰ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀਆਂ ਸਾਈਟਾਂ 'ਤੇ ਹੋਰ ਸਾਈਬਰ ਦਖਲਅੰਦਾਜ਼ੀਆਂ ਕਰਨ ਦੇ ਦੋਸ਼ ਅਕਸਰ ਲਗਦੇ ਰਹਿੰਦੇ ਹਨ। ਸਾਲ 2007 ਵਿਚ ਰੂਸ ਦੇ ਹੈਕਰਾਂ ਨੇ ਐਸਟੋਨੀਆਂ 'ਤੇ ਸਾਈਬਰ ਹਮਲਾ ਕੀਤਾ ਅਤੇ ਕੁਝ ਸਮੇਂ ਬਾਅਦ ਗੁਆਂਢੀ ਦੇਸ਼ ਜੌਰਜ਼ੀਆ 'ਤੇ ਵੀ ਸਾਈਬਰ ਹਮਲਾ ਕੀਤਾ ਸੀ। ਜੋ ਵੀ ਹੈਕਿੰਗ ਦੀ ਦੁਨੀਆ ਦੇ ਬਾਦਸ਼ਾਹ ਬਣ ਬੈਠੇ ਹਨ, ਉਹ ਭਾਵੇਂ ਫਰੀਲਾਂਸ ਹੈਕਰ ਹਨ ਜਾਂ ਫਿਰ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ, ਸਭ ਆਪਣੇ ਆਪ ਵਿਚ ਹੀਰੋ ਵਾਲਾ ਮਾਣ ਮਹਿਸੂਸ ਕਰਦੇ ਹਨ। ਇਸ ਦੀ ਗਵਾਹੀ ਰੂਸ ਵਿਚ ਛਪਦੀ ਹੈਕਰਜ਼ ਨਾਂਅ ਦੀ ਇਕ ਪੱਤ੍ਰਿਕਾ ਦਿੰਦੀ ਸੀ, ਜਿਸ ਵਿਚ ਹੈਕਰਜ਼ ਆਪਣੇ ਕਿੱਸੇ ਸੁਣਾਉਂਦੇ ਸਨ। ਜੇ ਈਰਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਵੀ ਹੈਕਿੰਗ ਦਾ ਰਾਜਾ ਕਿਹਾ ਜਾਂਦਾ ਹੈ। ਇਥੋਂ ਦੇ ਲੋਕ ਪਤ੍ਰਿਭਾਸ਼ਾਲੀ ਬੱਚਿਆਂ ਨੂੰ ਚੁਣ ਕੇ ਸਾਈਬਰ ਸਿੱਖਿਆ ਲਈ ਤਿਆਰ ਕਰਦੇ ਹਨ। ਸਾਈਬਰ ਸਪੇਸ ਵਿਚ ਅਮਰੀਕਾ, ਭਾਰਤ, ਈਰਾਨ, ਚੀਨ, ਰੂਸ, ਉੱਤਰੀ ਕੋਰੀਆ ਅਤੇ ਹੋਰ ਦੇਸ਼ਾਂ ਵਿਚ ਕਾਫੀ ਸਾਈਬਰ ਜੁਰਮ ਅਤੇ ਸਾਈਬਰ ਹੈਕਿੰਗ ਜਿਹੇ ਯੁੱਧ ਚਲਦੇ ਰਹਿੰਦੇ ਹਨ। ਸਮਾਰਟਫੋਨ ਤੇ ਇੰਟਰਨੈੱਟ ਨੇ ਦੁਨੀਆ ਨੂੰ ਸਾਡੀ ਮੁੱਠੀ ਵਿਚ ਤਾਂ ਕਰ ਦਿੱਤਾ ਹੈ ਪਰ ਇਹ ਕਿੰਨਾ ਖ਼ਤਰਨਾਕ ਸਾਬਤ ਹੋ ਰਿਹਾ ਹੈ, ਇਹ ਅਸੀਂ ਸੋਚ ਵੀ ਨਹੀਂ ਸਕਦੇ। ਅਜੋਕੇ ਸਮੇਂ ਵਿਚ ਦੁਨੀਆ ਭਰ ਦੇ ਹੈਕਰਾਂ ਵਲੋਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਵੱਡੇ ਰਾਜਸੀ ਨੇਤਾਵਾਂ, ਐਕਟਰਾਂ, ਅਤੇ ਹੋਰ ਅਮੀਰਾਂ ਦੇ ਟਵਿੱਟਰ ਅਕਾਊਂਟ, ਫੇਸਬੁੱਕ ਅਕਾਊਂਟ ਅਤੇ ਹੋਰ ਈਮੇਲਜ਼ ਨੂੰ ਹੈਕ ਕਰਕੇ ਪੈਸਿਆਂ ਦੀ ਮੰਗ ਅਕਸਰ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ। ਆਨਲਾਈਨ ਧੋਖੇਬਾਜ਼ੀਆਂ ਜਾਂ ਜਾਅਲਸਾਜ਼ੀਆਂ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ। ਹੁਣ ਸਭ ਕੰਮ ਆਨਲਾਈਨ ਹੋ ਰਹੇ ਹਨ ਤਾਂ ਧੋਖੇ ਵੀ ਸਾਨੂੰ ਆਨਲਾਈਨ ਹੀ ਦਿੱਤੇ ਜਾ ਰਹੇ ਹਨ। ਸਾਡਾ ਇੰਟਰਨੈੱਟ ਜਾਂ ਸਮਾਟਫੋਨ ਹੈਕਰਜ਼ ਨੂੰ ਇਹ ਦੱਸ ਦਿੰਦਾ ਹੈ ਕਿ ਸਾਡਾ ਸ਼ਡਿਊਲ ਕੀ ਹੈ, ਸਾਡੀ ਪਸੰਦ ਅਤੇ ਨਾ ਪਸੰਦ ਕੀ ਹੈ? ਅਸੀਂ ਆਰਥਿਕ ਤੌਰ 'ਤੇ ਕਿੰਨੇ ਕੁ ਮਜ਼ਬੂਤ ਹਾਂ। ਚੌਵੀ ਘੰਟਿਆਂ ਵਿਚ ਅਸੀਂ ਕੀ ਕਰਦੇ ਹਾਂ, ਕਿੱਥੇ ਜਾਂਦੇ ਹਾਂ ਇੰਟਰਨੈੱਟ ਦੇ ਜ਼ਰੀਏ ਇਹ ਸਭ ਦਰਜ਼ ਕੀਤਾ ਜਾ ਰਿਹਾ ਹੈ ਅਤੇ ਉੱਚ ਸਿੱਖਿਅਤ ਹੈਕਰਜ਼ ਇਸ ਨੂੰ ਬਹੁਤ ਹੀ ਆਸਾਨੀ ਨਾਲ ਘਾਤ ਲਗਾ ਕੇ ਜਾਂ ਲਾਲਚ ਦੇ ਕੇ ਆਪਣੇ ਕਬਜ਼ੇ ਵਿਚ ਕਰ ਲੈਂਦੈ ਹਨ। ਪਲਕ ਝਪਕਦਿਆਂ ਹੀ ਆਨਲਾਈਨ ਧੋਖਾ ਹੋ ਜਾਂਦਾ ਹੈ ਪਰ ਸਾਨੂੰ ਪਤਾ ਨਹੀਂ ਲਗਦਾ। ਸਾਡੇ ਪਾਸਵਰਡ ਯੂਜ਼ਰ ਨਾਂਅ ਅਤੇ ਹੋਰ ਡਾਟਾ ਚੋਰੀ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ। ਕੁਝ ਸੰਸਥਾਵਾਂ ਫਰੀਲਾਂਸ ਹੈਕਰਾਂ ਦੀ ਸੇਵਾ ਲੈ ਕੇ ਆਨਲਾਈਨ ਧੋਖੇ ਕਰਵਾਉਂਦੀਆਂ ਹਨ। ਸਾਡੇ ਵੱਲੋਂ ਜੋ ਵੀ ਡਾਟਾ ਆਪਣੇ ਸਮਾਰਟਫੋਨ ਵਿਚ ਦਰਜ ਕੀਤਾ ਜਾਂਦਾ ਹੈ ਭਾਵ ਅਸੀਂ ਕਿੱਥੇ ਜਾ ਰਹੇ ਹਾਂ, ਕਿਹੜਾ ਮੋਬਾਈਲ ਜਾਂ ਸਿਮ ਵਰਤ ਰਹੇ ਹਾਂ ਜਾਂ ਕਿਸ ਜ਼ਰੀਏ ਖਰੀਦ ਕਰ ਰਹੇ ਹਾਂ, ਕਿਹੜੀਆਂ ਸਾਈਟਾਂ 'ਤੇ ਅਸੀਂ ਵਿਜ਼ਿਟ ਕਰ ਰਹੇ ਹਾਂ। ਕਿਹੜੇ ਸਾਡੇ ਦੋਸਤ ਮਿੱਤਰ ਹਨ ਇਹ ਸਭ ਹੈਕਰਜ਼ ਨੂੰ ਅਸੀਂ ਹੀ ਦੱਸ ਰਹੇ ਹੁੰਦੇ ਹਾਂ ਰੋਜ਼ਾਨਾ ਆਪਣੇ ਫੇਸਬੁੱਕ ਜਾਂ ਟਵਿੱਟਰ ਅਕਾਊਂਟਸ ਜਾਂ ਹੋਰ ਸੋਸ਼ਲ ਸਾਈਟਸ ਦੀ ਵਰਤੋਂ ਕਰਕੇ। ਇੰਟਰਨੈੱਟ ਸੁੱਖਾਂ ਨਾਲ ਭਰਪੂਰ ਤਾਂ ਹੈ ਪਰ ਹੈਰਕਜ਼ ਲਈ ਇਹ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਹੁੰਦਾ ਹੈ ਕਿਸੇ ਵੀ ਦੇਸ਼, ਵਿਅਕਤੀ ਜਾਂ ਸੰਸਥਾ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ, ਉਸ ਵਿਚ ਦਖਲਅੰਦਾਜ਼ੀ ਕਰਨ ਜਾਂ ਡਾਟਾ ਚੋਰੀ ਕਰਨ ਲਈ। ਹਰ ਮਿੰਟ ਲੱਖਾਂ ਕਰੋੜਾਂ ਸਾਈਬਰ ਅਟੈਕ ਹੋ ਰਹੇ ਹਨ ਜਿਸ ਦਾ ਸਾਨੂੰ ਪਤਾ ਵੀ ਨਹੀਂ ਲਗਦਾ। ਕਿਉਂਕਿ ਆਨਲਾਈਨ ਅਪਰਾਧ ਦੇ ਮਾਮਲੇ ਵਧਣ ਨਾਲ ਪੁਲਿਸ ਹਰਕਤ ਵਿਚ ਤਾਂ ਆਈ ਹੈ ਪਰ ਪੁਲਿਸ ਕੋਲ ਤਕਨਾਲੋਜੀ ਦੀ ਕਮੀ ਕਾਰਨ ਇਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਆਫ਼ ਲਾਈਨ ਅਪਰਾਧ ਛੇਤੀ ਪਕੜ ਵਿਚ ਆ ਜਾਂਦਾ। ਪਰ ਆਨਲਾਈਨ ਅਪਰਾਧ ਹਜ਼ਾਰਾਂ ਕਿਲੋਮੀਟਰ ਦੂਰੋਂ ਕੀਤੇ ਜਾਂਦੇ ਹਨ। ਪਰ ਜੇ ਇਸ ਦਾ ਪਤਾ ਲੱਗ ਵੀ ਜਾਵੇ ਤਾਂ ਚੋਰੀ ਹੋਏ ਪੈਸੇ ਤੋਂ ਜ਼ਿਆਦਾ ਪੈਸਾ ਉਸ ਨੂੰ ਮੁੜ ਪ੍ਰਾਪਤ ਕਰਨ ਵਿਚ ਲੱਗ ਜਾਂਦਾ ਹੈ, ਇਸ ਲਈ ਲੋਕ ਇਸ ਨੂੰ ਸਹਿਣ ਕਰਨ ਵਿਚ ਹੀ ਸਬਰ ਰੱਖਦੇ ਹਨ। ਗੱਲ ਵਿਚਰਾਨਯੋਗ ਹੈ ਕਿ ਆਨਲਾਈਨ ਧੋਖਿਆਂ ਵਿਚ ਕਰੋੜਾਂ ਰੁਪਿਆਂ ਦਾ ਚੂਨਾ ਰੋਜ਼ਾਨਾ ਲੱਗ ਰਿਹਾ ਹੈ ਪਰ ਇਹ ਕਰੋੜਾਂ ਅਰਬਾਂ ਕਿਹੜੇ ਖਾਤਿਆਂ ਵਿਚ ਜਾਂ ਕਿਹੜੇ ਲੋਕਾਂ ਕੋਲ ਜਾ ਰਿਹਾ ਹੈ, ਇਸ ਦਾ ਕੋਈ ਵੀ ਉੱਤਰ ਨਹੀਂ ਹੈ। ਕਿਉਂਕਿ ਵੱਡੀਆਂ ਕੰਪਨੀਆਂ ਜਾਂ ਏਜੰਸੀਆਂ ਨੂੰ ਸਮੁੰਦਰੋਂ ਪਾਰ ਕੋਈ ਇਕੋ ਬੰਦਾ ਇਕ ਕੁਰਸੀ ਅਤੇ ਮੇਜ਼ 'ਤੇ ਬੈਠ ਕੇ ਕਰੋੜਾਂ ਦੀ ਠੱਗੀ ਲਗਾ ਜਾਂਦਾ ਹੈ ਪਰ ਉਸ ਨੂੰ ਪਕੜ ਵਿਚ ਲਿਆਉਣ ਦੀ ਸਮਰੱਥਾ ਪੁਲਿਸ ਨਹੀਂ ਰੱਖਦੀ ਕਿਉਂਕਿ ਅਜਿਹੇ ਅਪਰਾਧੀ ਇਕ ਥਾਂ ਤੋਂ ਦੂਜੀ ਥਾਂ ਪਲਾਇਨ ਕਰਦੇ ਰਹਿੰਦੇ ਹਨ ਅਤੇ ਸੁਰੱਖਿਅਤ ਰਹਿੰਦੇ ਹਨ। ਜੇਕਰ ਇਕ ਬੈਂਕ ਨੂੰ ਲੁੱਟਣਾ ਹੈ ਤਾਂ ਕਈ ਵਿਅਕਤੀ ਹਥਿਆਰਾਂ ਸਮੇਤ ਚਾਹੀਦੇ ਹਨ ਅਤੇ ਜਾਨ ਜਾਣ ਦਾ ਖ਼ਤਰਾ ਵੀ ਬਰਾਬਰ ਹੁੰਦਾ ਹੈ ਪਰ ਆਨਲਾਈਨ ਠੱਗੀ ਵਿਚ ਇਕੋ ਵਿਅਕਤੀ ਬਿਨ੍ਹਾਂ ਹਥਿਆਰ ਦੇ ਕਰੋੜਾਂ ਕਮਾ ਲੈਂਦਾ ਹੈ। ਇਹੋ ਕਾਰਨ ਹੈ ਕਿ ਬੇਰੁਜ਼ਗਾਰ ਇੰਜੀਨੀਅਰ ਜਾਂ ਹੋਰ ਕੰਪਿਊਟਰ ਸਿੱਖਿਅਤ ਹੈਕਿੰਗ ਦੀ ਦੁਨੀਆ ਦਾ ਹਿੱਸਾ ਬਣ ਰਹੇ ਹਨ। ਸਾਈਬਰ ਗ੍ਰਾਫ਼ 'ਤੇ ਜਿਵੇਂ ਜ਼ਿਆਦਾ ਮੋਬਾਈਲ ਹੋ ਰਹੇ ਹਨ ਇੰਟਰਨੈਟ ਫ੍ਰੀ ਵਾਂਗ ਵੰਡਿਆ ਜਾ ਰਿਹਾ ਹੈ, ਓਨਾ ਹੀ ਸਾਈਬਰ ਅਪਰਾਧ ਵੀ ਵਧ ਰਿਹਾ ਹੈ। ਸਮਾਟਫੋਨ 'ਤੇ ਜ਼ਿਆਦਾ ਸਮਾਂ ਖਰਚ ਕਰਨ ਵਾਲੇ ਉਹ ਲੋਕ ਵੀ ਹੁਣ ਹੈਕਰਾਂ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਕਦੀ ਇਸ ਬਾਰੇ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ। ਡਿਜੀਟਲ ਦੁਨੀਆ ਵਿਚ 60 ਫ਼ੀਸਦੀ ਸ਼ਿਕਾਰ ਲੋਕਲ ਲੋਕ ਹੁੰਦੇ ਹਨ ਕਿਉਂਕਿ ਸਾਨੂੰ ਤਕਨਾਲੋਜੀ ਦੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਹੈਕਰਜ਼ ਆਪਣੇ ਸ਼ਿਕਾਰ ਨੂੰ ਲਾਟਰੀ, ਸੈਕਸ, ਜਾਅਲੀ ਈਮੇਲ ਜਾਂ ਮੈਸੇਜ਼ ਜਾਂ ਹੋਰ ਸੁਨੇਹਿਆਂ ਨਾਲ ਲਲਚਾ ਕੇ ਕਾਬੂ ਕਰ ਲੈਂਦੇ ਹਨ ਅਤੇ ਲੁੱਟ ਦਾ ਸ਼ਿਕਾਰ ਬਣਾ ਲੈਂਦੈ ਹਨ। ਗੱਲ ਖਤਮ ਕਰਾਂਗੇ ਕਿ ਜੇਕਰ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਾਂ ਤਾਂ ਸੋਚ ਸਮਝ ਕੇ ਕਰੋ। ਸਾਡੀ ਗ਼ਲਤੀ ਹੀ ਹੈਕਰਜ਼ ਨੂੰ ਸਾਡੀ ਲੁੱਟ ਕਰਨ ਦਾ ਸੱਦਾ ਦਿੰਦੀ ਹੈ। ਸਭ ਨੂੰ ਆਨਲਾਈਨ ਕੰਮ ਦੀ ਜਾਣਕਾਰੀ ਲੈ ਕੇ ਹੀ ਉਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਅਪਰਾਧਾਂ ਤੋਂ ਬਚਿਆ ਜਾ ਸਕੇ।