ਰੂਸ ਦੇ ਮਿਜ਼ਾਈਲ ਹਮਲੇ ਨਾਲ ਦਹਿਲਿਆ ਕੀਵ, 8 ਦੀ ਮੌਤ, 24 ਜ਼ਖਮੀ           

ਰੂਸ ਦੇ ਮਿਜ਼ਾਈਲ ਹਮਲੇ ਨਾਲ ਦਹਿਲਿਆ ਕੀਵ, 8 ਦੀ ਮੌਤ, 24 ਜ਼ਖਮੀ           

ਅੰਮ੍ਰਿਤਸਰ ਟਾਈਮਜ਼

ਕੀਵ:ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ 'ਤੇ ਭਿਆਨਕ ਮਿਜ਼ਾਈਲ ਹਮਲੇ ਕੀਤੇ ਹਨ। ਕੀਵ 'ਤੇ ਘੱਟੋ-ਘੱਟ ਚਾਰ ਮਿਜ਼ਾਈਲਾਂ ਡਿੱਗੀਆਂ ਹਨ। ਇਸ ਤੋਂ ਇਲਾਵਾ ਯੂਕਰੇਨ ਦੇ ਹੋਰ ਸ਼ਹਿਰਾਂ 'ਤੇ ਵੀ ਰੂਸੀ ਮਿਜ਼ਾਈਲ ਹਮਲੇ ਹੋਏ ਹਨ। ਯੂਕਰੇਨ ਵਿੱਚ ਰੂਸ ਦੇ ਵੱਡੇ ਮਿਜ਼ਾਈਲ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਲਈ ਬੇਸਮੈਂਟ ਵਿੱਚ ਆਏ ਬੱਚੇ ਯੂਕਰੇਨ ਦਾ ਰਾਸ਼ਟਰੀ ਗੀਤ ਗਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੀਵ ਵਿਚ 8 ਨਾਗਰਿਕ ਮਾਰੇ ਗਏ ਅਤੇ 24 ਲੋਕ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਦੇਸ਼ ਭਰ ਦੇ ਸ਼ਹਿਰਾਂ 'ਵਿਚ ਹੋਏ ਕਈ ਹਮਲਿਆਂ 'ਚ ਕਈ ਲੋਕਾਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖਬਰ ਹੈ।

ਯੂਕਰੇਨ ਦੇ ਕਮਾਂਡਰ-ਇਨ-ਚੀਫ਼ ਵੈਲੇਰੀ ਜ਼ਲੁਜ਼ਨੀ ਨੇ ਕਿਹਾ ਕਿ ਸਵੇਰ ਤੋਂ ਯੂਕਰੇਨ 'ਤੇ 75 ਰਾਕੇਟ ਦਾਗੇ ਗਏ ਹਨ। ਉਨ੍ਹਾਂ ਵਿੱਚੋਂ 41 ਨੂੰ ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਮਾਰ ਦਿੱਤਾ ਹੈ। ਜਦੋਂ ਕਿ ਸੋਮਵਾਰ ਸਵੇਰੇ ਘੱਟੋ-ਘੱਟ ਚਾਰ ਮਿਜ਼ਾਈਲਾਂ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਡਿੱਗਣ ਦੀ ਖਬਰ ਹੈ। ਇਸ ਤੋਂ ਪਹਿਲਾਂ ਰੂਸ ਨੇ ਜ਼ਾਪੋਰਿਜ਼ਝਿਆ ਅਤੇ ਬੰਦਰਗਾਹ ਸ਼ਹਿਰ ਮਾਈਕੋਲਾਈਵ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਯੂਕਰੇਨ ਵਿੱਚ ਹੋਏ ਹਮਲਿਆਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਦੋਂ ਕਿ ਰੂਸ ਨੇ ਯੂਕਰੇਨ ਦੇ ਪੱਛਮੀ ਖੇਤਰ ਲਵੀਵ ਵਿੱਚ ਊਰਜਾ ਸਹੂਲਤਾਂ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕੀਤੇ।ਯੂਕਰੇਨ ਦੇ ਸ਼ਹਿਰਾਂ 'ਤੇ ਰੂਸ ਦੇ ਮਿਜ਼ਾਈਲ ਹਮਲਿਆਂ ਨੂੰ ਵਲਾਦੀਮੀਰ ਪੁਤਿਨ ਦੁਆਰਾ ਕ੍ਰੀਮੀਅਨ ਪੁਲ 'ਤੇ ਬੰਬ ਧਮਾਕੇ ਦੀ ਪ੍ਰਤੀਕ੍ਰਿਆ ਵਜੋਂ ਵਿਆਪਕ ਤੌਰ 'ਤੇ ਦੇਖਿਆ ਜਾਂਦਾ ਹੈ। ਜੰਗ ਵਿੱਚ ਆਪਣੇ ਨੁਕਸਾਨ ਨੂੰ ਕਾਬੂ ਕਰਨ ਵਿੱਚ ਅਸਮਰੱਥ, ਪੁਤਿਨ ਨੇ ਹੁਣ ਆਮ ਯੂਕਰੇਨੀ ਜਨਤਾ ਨੂੰ ਡਰਾਉਣ ਅਤੇ ਮਾਰਨ ਦਾ ਰਾਹ ਚੁਣਿਆ ਹੈ। ਸੱਤ ਮਹੀਨੇ ਪੁਰਾਣੇ ਯੁੱਧ ਵਿੱਚ ਰੂਸ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਮਾਸਕੋ ਨੇ ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਪੁਲ 'ਤੇ ਹੋਏ ਘਾਤਕ ਧਮਾਕੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਦਿਨ ਬਾਅਦ, ਯੂਕਰੇਨ ਦੇ ਸ਼ਹਿਰਾਂ 'ਤੇ ਭਿਆਨਕ ਮਿਜ਼ਾਈਲ ਹਮਲੇ ਕੀਤੇ ਗਏ।