ਰਾਮ ਮੰਦਰ ਬਾਰੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਕੀ ਫੈਸਲਾ ਲੈਣਗੇ?

ਰਾਮ ਮੰਦਰ ਬਾਰੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਕੀ ਫੈਸਲਾ ਲੈਣਗੇ?

ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰਾ ਟਰੱਸਟ ਵਲੋਂ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਿਲ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੱਦਾ ਪੱਤਰ ਮਿਲੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਸੱਦਾ ਪੱਤਰ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸੰਦੀਪ ਸਿੰਘ ਰਾਹੀਂ ਭੇਜਿਆ ਗਿਆ ਹੈ। ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ।  ਹੈਰਾਨੀ ਦੀ ਗੱਲ ਹੈ ਕਿ ਕਰੀਬ 2 ਸਾਲ ਬਾਅਦ ਰਾਸ਼ਟਰੀ ਸਿੱਖ ਸੰਗਤ ਅਚਾਨਕ ਫਿਰ ਸਰਗਰਮ ਹੋ ਗਈ ਹੈ। ਯਾਦ ਰਹੇ ਕਿ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਕੁਝ ਸਿੱਖ ਦਾਨਿਸ਼ਵਰ ਮਿਲੇ ਸਨ, ਜਿਨ੍ਹਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਰਾਸ਼ਟਰੀ ਸਿੱਖ ਸੰਗਤ ਨੂੰ 'ਧੀਰੇ ਚਲੋ' ਦਾ ਸੰਦੇਸ਼ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਿੱਖਾਂ ਨਾਲ ਸਿੱਧਾ ਰਾਬਤਾ ਬਣਾਉਣ ਲੱਗ ਪਏ ਸਨ। ਗੌਰਤਲਬ ਹੈ ਕਿ ਪਿਛਲੇ 2 ਸਾਲਾਂ ਦੇ ਭਾਜਪਾ ਜਾਂ ਭਾਜਪਾ ਸਰਕਾਰ ਵਲੋਂ ਸਿੱਖਾਂ ਸੰਬੰਧੀ ਕੀਤੇ ਵੱਡੇ-ਵੱਡੇ ਸਮਾਗਮਾਂ ਤੇ ਪ੍ਰੋਗਰਾਮਾਂ ਵਿਚ ਰਾਸ਼ਟਰੀ ਸਿੱਖ ਸੰਗਤ ਕਿਤੇ ਵੀ ਵੱਡੀ ਸਰਗਰਮ ਭੂਮਿਕਾ ਵਿਚ ਨਜ਼ਰ ਨਹੀਂ ਆਈ, ਪਰ ਹੁਣ ਅਚਾਨਕ ਇਸ ਨੀਤੀ ਵਿਚ ਕੀ ਤਬਦੀਲੀ ਆਈ ਹੈ, ਇਸ ਨੂੰ ਸਮਝਣਾ ਸਿਖ ਪੰਥ ਲਈ ਜਰੂਰੀ ਹੈ। ਸਿਖ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਸੰਘ ਪਰਿਵਾਰ ਰਾਮ ਮੰਦਰ ਦੇ ਨਾਮ ਸਿਖਾਂ ਦੇ ਭਗਵਾਂਕਰਨ ਵਲ ਤੁਰ ਪਿਆ ਹੈ।ਸਤਾ ਦੇ ਜੋਰ ਨਾਲ ਇਸ ਸਮਾਰੋਹ ਵਿਚ ਗੁਰਦੁਆਰੇ ਦੇ ਪ੍ਰਬੰਧਕ ਸ਼ਾਮਲ ਕੀਤੇ ਜਾ ਰਹੇ ਹਨ।ਗੁਰਬਾਣੀ ਦੀ ਗਲਤ ਵਿਆਖਿਆ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਦਸ਼ਰਥ ਪੁੱਤਰ ਰਾਜਾ ਰਾਮ ਨੂੰ ਰੱਬ ਵਜੋਂ ਮੰਨਿਆ ਗਿਆ ਹੈ।ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦਾ ਉਤਰ ਸ੍ਰੋਮਣੀ ਕਮੇਟੀ ,ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਤਕ ਨਹੀਂ ਦਿੱਤਾ। ਹੁਣੇ ਜਿਹੇ ਰਾਮ ਮੰਦਰ ਸਮਾਗਮ ਦਾ ਸੱਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੇਣ ਲਈ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਤੀਨਿਧ ਨੂੰ ਭੇਜਿਆ ਗਿਆ।

ਇਸ ਦਰਮਿਆਨ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਪ੍ਰੋਗਰਾਮ ਦੇ ਸੱਦਾ ਪੱਤਰਾਂ ਨੂੰ ਵੇਖਦਿਆਂ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਜਾਂ ਨਾ ਹੋਣ ਬਾਰੇ ਵਿਚਾਰ ਕਰ ਰਹੀ ਹੈ। ਸਾਡੀ ਜਾਣਕਾਰੀ ਅਨੁਸਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਇਸ ਬਾਰੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਚਾਰ ਕਰਨਗੇ ਅਤੇ ਹੋ ਸਕਦਾ ਹੈ ਕਿ ਜਥੇਦਾਰ ਪੰਜ ਸਿੰਘ ਸਾਹਿਬਾਨ ਨਾਲ ਵੀ ਵਿਚਾਰ-ਵਟਾਂਦਰਾ ਕਰਨ। ਜ਼ਿਆਦਾ ਸੰਭਾਵਨਾ ਇਹੀ ਦਿਖਾਈ ਦੇ ਰਹੀ ਹੈ ਕਿ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਦਾ ਜਥੇਦਾਰ ਇਸ ਰਾਮ ਮੰਦਰ ਸਮਾਰੋਹ ਵਿਚ ਸ਼ਾਮਲ ਨਾ ਹੋਣ।ਸ਼ੋਸ਼ਲ ਮੀਡੀਆ ਵਿਚ ਸਿਖਾਂ ਵਲੋਂ ਇਹੀ ਅਪੀਲਾਂ ਜਾਰੀ ਹਨ ਕਿ ਇਸ ਸਮਾਰੋਹ ਵਿਚ ਸ਼ਾਮਲ ਨਾ ਹੋਇਆ ਜਾਵੇ।