ਕਲਾਕਾਰਾਂ ਦੇ ਫੇਕ ਵਿਊ ਧੰਦੇ ਦਾ ਪਰਦਾਫਾਸ਼ ਹੋਇਆ; ਬਾਦਸ਼ਾਹ ਪੁਲਸ ਅੜੀਕੇ ਆਇਆ

ਕਲਾਕਾਰਾਂ ਦੇ ਫੇਕ ਵਿਊ ਧੰਦੇ ਦਾ ਪਰਦਾਫਾਸ਼ ਹੋਇਆ; ਬਾਦਸ਼ਾਹ ਪੁਲਸ ਅੜੀਕੇ ਆਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਦਲਦੇ ਸਮੇਂ ਨਾਲ ਕਲਾਕਾਰਾਂ ਦੀ ਮਸ਼ਹੂਰੀ ਦੇ ਪੈਮਾਨੇ ਵੀ ਬਦਲ ਗਏ ਹਨ। ਹੁਣ ਕਲਾਕਾਰ ਦੀ ਮਸ਼ਹੂਰੀ ਇਸ ਗੱਲ ਤੋਂ ਤੈਅ ਕੀਤੀ ਜਾਂਦੀ ਹੈ ਕਿ ਉਸਦੇ ਗੀਤ ਨੂੰ ਇੰਟਰਨੈਟ 'ਤੇ ਕਿੰਨੇ ਲੋਕਾਂ ਨੇ ਵੇਖਿਆ ਸੁਣਿਆ ਹੈ। ਇਸ ਨਾਲ ਕਲਾਕਾਰਾਂ ਵਿਚ ਵੱਧ ਤੋਂ ਵੱਧ ਵਿਊ ਹਾਸਲ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਲਈ ਕਲਾਕਾਰ ਪੈਸੇ ਦੇ ਕੇ ਆਪਣੇ ਗੀਤ 'ਤੇ ਝੂਠੇ ਵਿਊ ਹਾਸਲ ਕਰਦੇ ਹਨ। ਅਜਿਹੇ ਇਕ ਮਾਮਲੇ 'ਚ ਅਹਿਮ ਖੁਲਾਸਾ ਹੋਇਆ ਹੈ।

ਰੈਪਰ ਬਾਦਸ਼ਾਹ ਨੇ ਮੁੰਬਈ ਪੁਲਸ ਕੋਲ ਇਹ ਕਬੂਲ ਕੀਤਾ ਹੈ ਕਿ ਉਸਨੇ ਆਪਣੇ ਗੀਤ 'ਤੇ ਵਿਊ ਵਧਾਉਣ ਲਈ 72 ਲੱਖ ਰੁਪਏ ਦਿੱਤੇ ਸਨ। ਰੈਪਰ ਬਾਦਸ਼ਾਹ ਨੇ ਪੁਲਸ ਕੋਲ ਮੰਨਿਆ ਕਿ ਝੂਠੇ ਵਿਊ ਵਧਾਉਣ ਵਾਲੀ ਇਕ ਕੰਪਨੀ ਨਾਲ ਉਸਦੇ 72 ਲੱਖ ਵਿਚ ਸੌਦਾ ਹੋਇਆ ਸੀ ਜਿਹਨਾਂ ਨੇ ਉਸਦੇ ਗੀਤ ਨੂੰ 7.2 ਕਰੋੜ ਦੇ ਕਰੀਬ ਝੂਠੇ ਵਿਊ ਦਿੱਤੇ। 

ਪੁਲਸ ਵੱਲੋਂ ਸੋਸ਼ਲ ਮੀਡੀਆ 'ਤੇ ਝੂਠੇ ਵਿਊ ਦੇਣ ਦਾ ਵਪਾਰ ਕਰ ਰਹੀਆਂ ਕੰਪਨੀਆਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਬਾਦਸ਼ਾਹ ਦਾ ਕਹਿਣਾ ਹੈ ਕਿ ਉਸਨੇ ਯੂਟਿਊਬ 'ਤੇ ਗੀਤ ਜਾਰੀ ਹੋਣ ਦੇ 24 ਘੰਟਿਆਂ ਵਿਚ ਸਭ ਤੋਂ ਵੱਧ ਵਿਊ ਹਾਸਲ ਕਰਨ ਦਾ ਰਿਕਾਰਡ ਬਣਾਉਣ ਲਈ ਅਜਿਹਾ ਕੀਤਾ। ਬਾਦਸ਼ਾਹ ਨੇ ਦਾਅਵਾ ਕੀਤਾ ਸੀ ਕਿ ਉਸਦੇ 'ਪਾਗਲ ਹੈ' ਗੀਤ ਨੂੰ ਪਹਿਲੇ ਦਿਨ ਹੀ 75 ਮਿਲੀਅਨ ਵਾਰ ਦੇਖਿਆ ਗਿਆ, ਜੋ ਇਕ ਨਵਾਂ ਰਿਕਾਰਡ ਸੀ। ਹਲਾਂਕਿ ਗੂਗਲ ਨੇ ਬਾਦਸ਼ਾਹ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ। 

ਪੁਲਸ ਵੱਲੋਂ ਉਸਦੇ ਹੋਰ ਗੀਤਾਂ ਵਿਚ ਵੀ ਅਜਿਹੀਆਂ ਧਾਂਦਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹੋਰ ਵੀ ਕਈ ਕਲਾਕਾਰ ਇਸ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ।