ਕਰਨਾਟਕਾ ਵਿਚ ਅੰਤਰ-ਧਰਮ ਜੋੜਿਆਂ ਉਪਰ ਹਿੰਦੂਤਵੀ ਹਮਲੇ ਤੇ ਗੈਂਗ ਰੇਪ ਜਾਰੀ
ਸੱਤ ਜਣਿਆਂ ਖਿਲਾਫ਼ ਗੈਂਗਰੇਪ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ
ਬੀਤੇ ਦਿਨੀਂ ਕਰਨਾਟਕ ਵਿਚ ਅਜਿਹੇ ਹੀ ਇਕ ਹਿੰਦੂਤਵੀ ਗਰੋਹ ਨੇ ਅੰਤਰ-ਧਰਮ ਵਿਆਹੁਤਾ ਜੋੜਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ’ਤੇ ਸਰੀਰਕ ਤੇ ਜਿਨਸੀ ਤਸ਼ੱਦਦ ਵੀ ਕੀਤਾ। ਜਿਸ ਤਰ੍ਹਾਂ ਇਨ੍ਹਾਂ ਨੇ ਆਪਣੀ ਕਾਰਵਾਈ ਦੀ ਰਿਕਾਰਡਿੰਗ ਕਰ ਕੇ ਸੋਸ਼ਲ ਮੀਡੀਆ ’ਤੇ ਪਾਈ ਹੈ, ਉਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਦੇ ਮਨ ਵਿਚ ਕਾਨੂੰਨ ਅਤੇ ਪੁਲੀਸ ਦਾ ਜ਼ਰਾ ਜਿੰਨਾ ਵੀ ਕੋਈ ਡਰ ਭੈਅ ਨਹੀਂ ਹੈ। ਲੰਘੀ ਅੱਠ ਜਨਵਰੀ ਨੂੰ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ।
ਇਕ ਪੀੜਤ ਵਲੋਂ ਮੈਜਿਸਟਰੇਟ ਸਾਹਮਣੇ ਬਿਆਨ ਦਰਜ ਕਰਾਉਣ ਤੋਂ ਬਾਅਦ ਲੰਘੇ ਵੀਰਵਾਰ ਸੱਤ ਜਣਿਆਂ ਖਿਲਾਫ਼ ਗੈਂਗਰੇਪ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਕ ਮੁਟਿਆਰ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਦੋਸਤ ਜੋ ਦੂਜੇ ਧਰਮ ਨਾਲ ਸਬੰਧਿਤ ਹੈ, ਨੇ ਹਾਵੇਰੀ ਦੇ ਇਕ ਹੋਟਲ ਦਾ ਕਮਰਾ ਬੁੱਕ ਕਰਾਇਆ ਸੀ। ਅਚਾਨਕ ਹੀ ਕਈ ਬੰਦੇ ਜ਼ਬਰਦਸਤੀ ਉਨ੍ਹਾਂ ਦੇ ਕਮਰੇ ਅੰਦਰ ਦਾਖ਼ਲ ਹੋ ਗਏ ਅਤੇ ਉਹ ਉਸ ਨੂੰ ਜ਼ਬਰਦਸਤੀ ਕਿਸੇ ਸੁੰਨੀ ਥਾਂ ਲੈ ਗਏ ਅਤੇ ਉੱਥੇ ਉਸ ਨਾਲ ਗੈਂਗਰੇਪ ਕੀਤਾ। ਅਜਿਹੀ ਹੀ ਇਕ ਹੋਰ ਘਟਨਾ ਬੇਲਗਾਵੀ ਵਿਚ ਵੀ ਵਾਪਰੀ ਹੈ ਜਿੱਥੇ ਵੱਖ ਵੱਖ ਧਾਰਮਿਕ ਫਿਰਕਿਆਂ ਨਾਲ ਸਬੰਧਿਤ ਇਕ ਪੁਰਸ਼ ਅਤੇ ਔਰਤ ਨਾਲ 17 ਜਣਿਆਂ ਦੀ ਧਾੜ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਪਤਾ ਲਗਦਾ ਹੈ ਕਿ ਸਮਾਜ ਦੀ ਮਨੋਦਸ਼ਾ ਕਿੰਨੀ ਵਿਗੜ ਗਈ ਹੈ ਅਤੇ ਬੁਰਛਾਗਰਦ ਅਜਿਹੇ ਜੋੜਿਆਂ ਤੋਂ ਬਿਨਾਂ ਕੁਝ ਪੁੱਛਿਆਂ ਦੱਸਿਆਂ ਉਨ੍ਹਾਂ ਨੂੰ ਸਿੱਧਾ ਜਾ ਦਬੋਚਦੇ ਹਨ। ਬਾਅਦ ਵਿਚ ਪਤਾ ਲੱਗਿਆ ਕਿ ਪੀੜਤਾਂ ਦਾ ਭੈਣ ਭਰਾ ਦਾ ਰਿਸ਼ਤਾ ਹੈ ਅਤੇ ਉਹ ਕਿਸੇ ਸਰਕਾਰੀ ਸਕੀਮ ਲਈ ਅਰਜ਼ੀ ਦੇਣ ਗਏ ਸਨ।
ਗੁਜਰਾਤ ਵਿਚ ਵੀ ਇਸ ਕਿਸਮ ਦੇ ਗਰੋਹ ਕਾਫ਼ੀ ਸਰਗਰਮ ਹਨ। ਉੱਥੇ ਵੱਖ ਵੱਖ ਧਰਮਾਂ ਨਾਲ ਸਬੰਧਿਤ ਵਿਆਹੁਤਾ ਜੋੜਿਆਂ ਨੂੰ ਨਿਸ਼ਾਨਾ ਬਣਾਉਣ ਲਈ 500 ਲੋਕਾਂ ਨੇ ਵਟਸਐਪ ਗਰੁੱਪ ਬਣਾਇਆ ਹੋਇਆ ਸੀ। ਗੁਜਰਾਤ ਪੁਲੀਸ ਨੇ ਪਿਛਲੇ ਸਾਲ ਅਗਸਤ ਮਹੀਨੇ ਵਡੋਦਰਾ ਵਿਚ ਅੰਤਰ-ਧਰਮ ਜੋੜਿਆਂ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਝ ਸਾਲ ਪਹਿਲਾਂ ਕਈ ਸੂਬਿਆਂ ਅੰਦਰ ਹਜੂਮੀ ਹੱਤਿਆਵਾਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਆਰੰਭ ਹੋਇਆ ਸੀ ਅਤੇ ਮੁਸਲਮਾਨਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ‘ਲਵ ਜਹਾਦ’ ਦਾ ਮੁੱਦਾ ਉਭਾਰ ਕੇ ਜੋੜਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ। ਅਜਿਹੀਆਂ ਫਿਰਕੂ ਕਾਰਵਾਈਆਂ ਸਮਾਜ ਅੰਦਰ ਪਾੜਾ ਵਧਾਉਂਦੀਆਂ ਹਨ। ਹੁਣ ਸਾਹਮਣੇ ਆਇਆ ਮੁੱਦਾ ਵੀ ਵਾਕਈ ਬਹੁਤ ਗੰਭੀਰ ਹੈ ਅਤੇ ਸਿਆਸੀ ਆਗੂਆਂ ਨੂੰ ਇਸ ਤੋਂ ਸਿਆਸੀ ਲਾਹਾ ਲੈਣ ਦੀ ਬਜਾਇ ਇਸ ਅਲਾਮਤ ਨੂੰ ਨੱਥ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ।
Comments (0)