ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ …

ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ …

ਗੀਤ, ਗੀਤਕਾਰ, ਗਵੱਈਆ ਅਤੇ ਫਿਰ ਸੁਰ, ਲੈਅ, ਤਾਲ ਅਤੇ ਸਾਜ ਨਾਲ ਮਿਲ ਕੇ ਬਣਦਾ ਹੈ ਮੁਕੰਮਲ ਸੰਗੀਤ। ਸੰਗੀਤ ਜੋ ਹੋਰਨਾਂ ਲੋਕ ਕਲਾਵਾਂ ਦੀ ਤਰ੍ਹਾਂ ਇੱਕ ਕਲਾ ਦੇ ਰੂਪ ਵਿੱਚ ਹੁੰਦਾ ਹੈ। ਇਸ ਨੂੰ ਸਾਰੀਆਂ ਲਲਿਤ ਕਲਾਵਾਂ ਵਿੱਚ ਸੱਭ ਤੋਂ ‘ਪ੍ਰਾਚੀਨ ਅਤੇ ਕੁਦਰਤੀ ਕਲਾ’ ਵੀ ਮੰਨਿਆ ਗਿਆ ਹੈ। ਸੰਗੀਤ ਦੀਆਂ ਕਈ ਸ਼ੈਲੀਆਂ ਸਮੇਂ ਸਮੇਂ ਸਿਰ ਵਿਕਸਿਤ ਹੁੰਦੀਆਂ ਰਹੀਆਂ ਹਨ ਅਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸੰਗੀਤ ਹਮੇਸ਼ਾਂ ਸਮੇਂ ਅਨੁਸਾਰ ਆਪਣੇ ਰੂਪ ਨੂੰ ਬਦਲਦਾ ਰਹਿੰਦਾ ਹੈ ਜਿਸ ਕਾਰਣ ਇਸ ਦੇ ਵਿੱਚ ਵਿਕਾਸਸ਼ੀਲਤਾ ਦਾ ਗੁਣ ਆਪਣੇ ਆਪ ਸ਼ਾਮਲ ਹੋ ਜਾਂਦਾ ਹੈ। ਇਹੀ ਕਾਰਣ ਹੈ ਕਿ ਇਸ ਵਿੱਚ ਬਹੁਤ ਸਾਰੇ ਬਦਲਾਅ ਸਮੇਂ ਸਮੇਂ ਤੇ ਦਰਜ ਹੁੰਦੇ ਰਹਿੰਦੇ ਹਨ।

ਸੰਗੀਤ ਨੂੰ ਰੂਹ ਦੀ ਖ਼ੁਰਾਕ ਦਾ ਦਰਜਾ ਮਿਲਿਆ ਹੋਇਆ ਹੈ। ਸਾਡੀ ਜਿੰਦਗੀ ਵਿੱਚ ਸੁਖਦ/ਦੁਖਦ ਅਹਿਸਾਸ ਜਦੋਂ ਉਮੜਦੇ ਹਨ ਤਾਂ ਅਜਿਹੇ ਸਮਿਆਂ ਵਿੱਚ ਸੰਗੀਤ ਸਾਡੇ ਮਨੋਬਲ ਨੂੰ ਸਥਿਰ ਕਰਨ ਵਿੱਚ ਮੱਦਦਗਾਰ ਸਾਬਤ ਹੁੰਦਾ ਹੈ। ਸੰਗੀਤ ਦੀ ਪੇਸ਼ਕਾਰੀ ਚਾਹੇ ਤਾਂ ਹੱਸਦੇ ਨੂੰ ਰੁਆ ਸਕਦੀ ਅਤੈ ਰੋਂਦੇ ਨੂੰ ਚੁੱਪ ਕਰਵਾ ਸਕਦੀ ਹੈ, ਬਸ਼ਰਤੇ ਸੰਗੀਤ ਨੂੰ ਪੇਸ਼ ਕਰਨ ਵਾਲਾ ਰੂਹ ਨਾਲ ਗਾਉਣ/ਵਜਾਉਣ ਵਾਲਾ ਹੋਵੇ। ਗੁਰੂ ਬਾਬੇ ਨਾਨਕ ਨੇ ਜਦ ਰਾਗ ਦੇ ਨਾਲ ਗੁਰਸ਼ਬਦ ਨੂੰ ਸ਼ਾਮਲ ਕਰਕੇ, ਮਰਦਾਨੇ ਦੀ ਰਬਾਬ ਨਾਲ ਪੇਸ਼ ਕੀਤਾ ਤਾਂ ਅਜਿਹਾ ਅਨੰਦਮਈ ਮਾਹੌਲ ਸਿਰਜਿਆ ਗਿਆ ਮਾਨੋ ਇਹ ਸਾਰੀ ਕੁਦਰਤ, ਮਨੁੱਖਤਾ ਨੂੰ ਸੰਗੀਤਬੱਧ ਕਰਨ ਦਾ ਜਤਨ ਕਰ ਰਹੀ ਹੋਵੇ ਅਤੇ ਆਪਣੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਵਿੱਚ ਹੋਵੇ, ਅਜਿਹਾ ਕਲਾਵਾ ਜਿੱਥੇ ਕੋਈ ਦੁੱਖ ਨਹੀਂ, ਬੱਸ ਸੁੱਖ ਹੀ ਸੁੱਖ, ਅਨੰਦ ਹੀ ਅਨੰਦ।

ਅਨੇਕਾਂ ਪ੍ਰਾਚੀਨ ਤੰਤੀ ਸਾਜਾਂ ਤੋਂ ਹੁੰਦੇ ਹੋਏ ਕਈ ਤਰ੍ਹਾਂ ਦੇ ਪੱਛਮੀ ਸਾਜਾਂ ਰਾਹੀਂ ਸੰਗੀਤ ਮਨੁੱਖਤਾ ਤੱਕ ਪਹੁੰਚਿਆ ਹੈ। ਸੰਗੀਤ ਹਮੇਸ਼ਾਂ ਪਸਰਦਾ ਰਿਹਾ ਹੈ। ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿੱਚ ਸੰਗੀਤ ਨਾਲ ਜੁੜਿਆ ਰਹਿੰਦਾ ਹੈ। ਇੱਕ ਬੱਚੇ ਦੇ ਜੰਮਣ ਤੋਂ ਹੀ ਸੰਗੀਤ ਨਾਲ ਉਸਦਾ ਸਬੰਧ ਜੁੜ ਜਾਂਦਾ ਹੈ, ਫਿਰ ਉਹ ਲੋਰੀ ਦੇ ਰੂਪ ਵਿੱਚ ਹੋਵੇ ਜਾਂ ਉਨ੍ਹਾਂ ਛੋਟੇ ਖਿਡੌਣਿਆਂ ਦੇ ਰੂਪ ਵਿੱਚ ਹੋਵੇ ਜਿਨ੍ਹਾਂ ਦੀ ਛਣਕਾਹਟ ਰੌਂਦੇ ਹੋਏ ਬੱਚੇ ਨੂੰ ਚੁੱਪ ਕਰਵਾਉਣ ਵਿੱਚ ਉਸਦੀ ਮੱਦਦ ਕਰਦੀ ਹੈ।

ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਸੰਗੀਤ ਸੁਣਨ ਦੇ ਨਾਲ ਨਾਲ ਵੇਖਣ ਵਾਲੀ ਚੀਜ਼ ਵੀ ਬਣ ਗਿਆ ਹੈ। ਅਜੋਕੇ ਸਮੇਂ ਵਿੱਚ ਗੀਤ ਸੰਗੀਤ ਨੂੰ ਵੀਡੀਉ ਰਾਹੀਂ ਪੇਸ਼ ਕਰਨ ਵੇਲੇ ਬਹੁਤ ਸਾਰੇ ਨਵੇਂ ਤਜ਼ੁਰਬੇ ਹੋ ਰਹੇ ਹਨ। ਛੋਟੀਆਂ-ਛੋਟੀਆਂ ਕਹਾਣੀਆਂ ਨੂੰ ਗੀਤਾਂ ਦੇ ਰਾਹੀਂ ਦਰਸਾਇਆ ਜਾ ਰਿਹਾ ਹੈ। ਜੋ ਇੱਕ ਤਰ੍ਹਾਂ ਨਾਲ ਸੁਣਨ-ਵੇਖਣ ਵਾਲਿਆਂ ਦੇ ਮਨਾਂ ਤੇ ਵੀ ਗਹਿਰਾ ਪ੍ਰਭਾਵ ਪਾਉਂਦਾ ਹੈ। ਕਿਸੇ ਵੀ ਤਰ੍ਹਾਂ ਦੇ ਆਡੀਓ ਗੀਤ ਦੇ ਨਾਲ ਉਸਦੀ ਵੀਡੀਓ ਦੇਖਣ ਦੀ ਲਾਲਸਾ ਸੰਗੀਤ ਪ੍ਰੇਮੀਆਂ ਦੇ ਮਨਾਂ ਅੰਦਰ ਬਣੀ ਰਹਿੰਦੀ ਹੈ। ਇਹੀ ਕਾਰਣ ਹੈ ਕਿ ਗੀਤਾਂ ਦੇ ਨਾਲ ਵੀਡੀਓ ਫਿਲਮਾਂਕਣ ਦਾ ਵੀ ਰੁਝਾਨ ਬਣਿਆ ਹੋਇਆ ਹੈ। ਸੁਆਲ ਇਹ ਹੈ ਕਿ ਸਾਰੇ ਗੀਤਾਂ ਦਾ ਫਿਲਮਾਂਕਣ ਜਾਂ ਗੀਤਾਂ ਦੀ ਸ਼ਬਦਾਵਲੀ ਪਰਵਾਰਾਂ ਵਿੱਚ ਵੇਖਣ ਜਾਂ ਸੁਣਨ ਵਾਲੀ ਹੈ ਜਾਂ ਨਹੀਂ? ਟੈਲੀਵੀਜ਼ਨ ਤੇ ਕੁੱਝ ਪੇਸ਼ ਕਰਨ ਲਈ ਸੈਂਸਰ ਬੋਰਡ ਦੇ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੇ ਹਨ, ਪਰ ਸੋਸ਼ਲ ਮੀਡੀਆ ਤੇ ਇਹ ਸ਼ਰਤਾਂ ਲਾਗੂ ਹੋਣ ਦੇ ਬਾਵਜੂਦ ਵੀ ਲਾਗੂ ਨਹੀਂ ਹੁੰਦੀਆਂ ਇਹੀ ਕਾਰਣ ਹੈ ਹਰ ਚੜ੍ਹਦੀ ਸਵੇਰੇ ਇੰਟਰਨੈੱਟ ਤੇ ਇੱਕ ਜਾਂ ਦੋ ਤੋਂ ਵੀ ਵੱਧ ਪੰਜਾਬੀ ਗੀਤ ਅਤੇ ਉਹਨਾਂ ਦੀਆਂ ਵੀਡੀਓ ਅਪਲੋਡ ਕੀਤੀਆਂ (ਚੜ੍ਹਾਈਆਂ) ਜਾ ਰਹੀਆਂ ਹਨ।

ਬਹੁਤੀ ਵਾਰ ਗੀਤਾਂ ਦੀ ਸ਼ਬਦਾਵਲੀ ਅਸੱਭਿਅਕ ਤਾਂ ਹੁੰਦੀ ਹੀ ਹੈ, ਇਸਦੇ ਨਾਲ ਹੀ ਬਾਲ ਮਨਾਂ ਤੇ ਬਹੁਤ ਬੁਰਾ ਪ੍ਰਭਾਵ ਪਾਉਣ ਦੀ ਸਮੱਰਥਾ ਰੱਖਦੀ ਹੈ। ਗੀਤਾਂ ਵਿਚਲੀ ਸ਼ਬਦਾਵਲੀ ਪੂਰੀ ਤਰ੍ਹਾਂ ਗੁੰਮਰਾਹਕੁਨ ਤਾਂ ਹੈ ਹੀ, ਉਸਦਾ ਵੀਡੀਉ ਬੱਚਿਆਂ ਦੇ ਨਾਲ, ਨੌਜਵਾਨ ਵਰਗ ਨੂੰ ਵੀ ਗਲਤ ਰਸਤੇ ਜਾਣ ਲਈ ਉਤਸ਼ਾਹਤ ਕਰਦੀ ਹੈ। ਸੱਭਿਆਚਾਰ ਦੇ ਨਾਂ ਤੇ ਪਰੋਸੇ ਜਾਂ ਗੀਤਾਂ ਰਾਹੀਂ ਜਦੋਂ ਹਥਿਆਰਾਂ ਦੀ ਗੱਲ ਹੁੰਦੀ ਹੈ, ਜਦੋਂ ਨਸ਼ਿਆਂ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ, ਔਰਤਾਂ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਤਾਂ ‘ਸੱਭਿਆਚਾਰ’ ਦਾ ਵੀ ਦਮ ਘੁੱਟਣ ਲੱਗ ਜਾਂਦਾ ਹੈ। ਜੇਕਰ ਕਿਤੇ ਪਰਵਾਰ ਨਾਲ ਟੈਲੀਵੀਜ਼ਨ ਵੇਖਦਿਆਂ ਘੜੀ ਕੋਈ ਪੰਜਾਬੀ ਗੀਤ ਚੱਲ ਪਏ ਤਾਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਿਨ੍ਹਾਂ ਸ਼ੱਕ ਉਂਗਲੀਆਂ ਤੇ ਗਿਣੇ ਜਾਣ ਵਾਲੇ ਗਾਇਕਾਂ/ਗੀਤਕਾਰਾਂ ਨੂੰ ਛੱਡ ਕੇ ਬਹੁਤਿਆਂ ਦਾ ਮਕਸਦ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਲੱਗਦਾ ਹੈ। ਭਾਵੇਂ ਕਿ ਸਮੇਂ ਸਮੇਂ ਤੇ ਅਜਿਹੇ ਗੀਤ ਸੰਗੀਤ ਵਿਰੁੱਧ ਰੋਸ ਪ੍ਰਗਟ ਕੀਤਾ ਜਾਂਦਾ ਰਹਿੰਦਾ ਹੈ, ਪਰ ਬਾਵਜੂਦ ਇਸਦੇ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਰਾਹੀਂ ਕੋਈ ਲਗਾਮ ਨਾ ਹੋਣ ਕਰਕੇ ਇਸ ਵਿੱਚ ਵਾਧਾ ਹੀ ਹੋਇਆ ਹੈ, ਜੋ ਭਵਿੱਖ ਵਿੱਚ ਨੌਜਵਾਨ ਵਰਗ ਦਾ ਧਿਆਨ ਭਟਕਾਉਣ ਵਿੱਚ ਹੋਰ ਵੀ ਭੂਮਿਕਾ ਅਦਾ ਕਰੇਗਾ। ਪਿੱਛੇ ਜਿਹੇ ਸੱਤਾ ਵੈਰੋਵਾਲੀਏ ਦੇ ਲਿਖੇ ਹੋਏ ਇੱਕ ਗੀਤ ਜਿਸਨੂੰ ਗੁਰਸ਼ਬਦ ਨਾਮੀਂ ਗਾਇਕ ਅਤੇ ਅਦਾਕਾਰ ਵੱਲੋਂ ਗਾਇਆ ਸੀ, ਆਪ ਮੁਹਾਰੇ ਹੀ ਮੂੰਹੋਂ ਨਿਕਲ ਪੈਂਦਾ ਹੈ, ‘ਕਲਮਾਂ ਫੜ੍ਹੀਆਂ ਦੇ ਲਿਖਣ ਜੁਆਕ ਬਹਿ ਗਏ, ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ’ ਇਹ ਸਤਰਾਂ ਹੀ ਮੌਜੂਦਾ ਸੱਭਿਆਚਾਰ ਦੇ ਨਾਂ ਤੇ ਚੱਲ ਰਹੇ ਅਸਿੱਭਕ ਗੀਤ-ਸੰਗੀਤ ਦਾ ਵਿਸਥਾਰ ਕਰ ਜਾਂਦੀਆਂ ਹਨ।

ਅੱਜ ਲੋੜ ਹੈ ਕਿ ਨੌਜਵਾਨ ਨੂੰ ਚੰਗਾ ਗੀਤ ਸੰਗੀਤ ਦਿੱਤਾ ਜਾਵੇ ਤਾਂ ਕਿ ਉਹ ਨਸ਼ਿਆਂ ਵੱਲੋਂ ਹਟ ਕੇ ਕਿਰਤ ਦੇ ਸਿਧਾਂਤ ਵੱਲ ਆਪਣਾ ਝੁਕਾਅ ਕਰਨ ਇਸ ਨਾਲ ਜਿੱਥੇ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ ਉੱਥੇ ਹੱਥੀਂ ਕਿਰਤ ਕਰਕੇ ਕਮਾਈ ਕਰਨ ਜੋਗੇ ਜੋ ਜਾਣ ਤੇ ਬੇਰਜ਼ੁਗਾਰੀ ਤੋਂ ਵੀ ਖਹਿੜਾ ਛੁਟੇਗਾ, ਉਥੇ ਨਾਲ ਹੀ ਸਾਡੇ ਵਿੱਦਿਅਕ ਅਦਾਰੇ ਜਿਥੇ ਗਾਹੇ-ਬਗਾਹੇ ਉਹਨਾਂ ਲੱਚਰ ਗਾਉਣ ਵਾਲੇ ਗਾਇਕਾਂ ਨੂੰ ਬੁਲਾਵਾ ਦਿੱਤਾ ਜਾਂਦਾ ਹੈ, ਉਹ ਵੀ ਇਸ ਉੱਪਰ ਕਾਨੂੰਨੀ ਤੌਰ ਤੇ ਜਾਂ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ ਤਾਂ ਸਕੂਲਾਂ/ਕਾਲਜਾਂ ਵਿੱਚ ਪੜ੍ਹਨ ਵਾਲੀ ਪਨੀਰੀ ਦਾ ਕਿਸੇ ਹੱਦ ਤੱਕ ਬਚਾਅ ਹੋ ਸਕਦਾ ਹੈ। ਇਸਦੇ ਨਾਲ ਸਕੂਲਾਂ/ਕਾਲਜਾਂ ਵਿੱਚ ਕਰਵਾਏ ਜਾਣ ਵਾਲੇ ਫੰਕਸ਼ਨਾਂ ਵਿੱਚ ਵੀ ਪੰਜਾਬੀ ਸੱਭਿਆਚਾਰ ਦੀ ਝਲਕ ਜ਼ਰੂਰੀ ਕੀਤੀ ਜਾਵੇ ਅਤੇ ਸਟੇਜ ਤੋਂ ਚੰਗੇ ਅਤੇ ਸਾਫ ਸੁਥਰੇ ਗੀਤ ਹੀ ਚਲਾਏ ਜਾਣ।

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।