ਸਰਕਾਰ ਦੀ ਲੋਕ-ਪੱਖੀ ਨੀਤੀਆਂ ਲਿਆਉਣ ਦੀ ਇੱਛਾ ਹੀ ਨਹੀਂ: ਮਨਮੋਹਨ ਸਿੰਘ

ਸਰਕਾਰ ਦੀ ਲੋਕ-ਪੱਖੀ ਨੀਤੀਆਂ ਲਿਆਉਣ ਦੀ ਇੱਛਾ ਹੀ ਨਹੀਂ: ਮਨਮੋਹਨ ਸਿੰਘ
ਮਨਮੋਹਨ ਸਿੰਘ

ਮੁੰਬਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਈ ਮਨਮੋਹਨ ਸਿੰਘ ਨੇ ਅੱਜ ਭਾਰਤ ਦੀ ਮੋਜੂਦਾ ਕੇਂਦਰੀ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਲੋਕ-ਪੱਖੀ ਨੀਤੀਆਂ ਲਿਆਉਣ ਵਿੱਚ ਨਾਕਾਮ ਰਹੀ ਹੈ ਅਤੇ ਇਸ ਦਾ ਪਤਾ ਭਾਰਤ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਥਾਰਮਨ ਦੇ ਬਿਆਨ ਤੋਂ ਵੀ ਲੱਗਦਾ ਹੈ।

ਮੁੰਬਈ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ, "ਭਾਜਪਾ ਸਰਕਾਰ ਲੋਕ ਪੱਖੀ ਨੀਤੀਆਂ ਅਪਨਾਉਣ ਦੀ ਇੱਛਾ ਹੀ ਨਹੀਂ ਰੱਖਦੀ ਜਿਸ ਬਾਰੇ ਨਿਰਮਲਾ ਸੀਥਾਰਮਨ ਦੇ ਬਿਆਨ ਤੋਂ ਸਾਫ ਪਤਾ ਲੱਗਦਾ ਹੈ। ਆਰਥਿਕਤਾ ਨੂੰ ਸਹੀ ਕਰਨ ਤੋਂ ਪਹਿਲਾਂ, ਉਸਦੀ ਸਮੱਸਿਆ ਦਾ ਸਹੀ ਮੁਲਾਂਕਣ ਕਰਨਾ ਜ਼ਰੂਰੀ ਹੈ।"

ਉਹਨਾਂ ਕਿਹਾ ਕਿ ਸਰਕਾਰ ਜਦੋਂ ਸਮੱਸਿਆਵਾਂ ਦੇ ਹੱਲ ਲੱਭਣ ਵਿੱਚ ਨਾਕਾਮ ਹੋ ਰਹੀ ਹੈ ਤਾਂ ਇਸ ਦਾ ਦੋਸ਼ ਵਿਰੋਧੀ ਧਿਰ 'ਤੇ ਲਾ ਦਿੰਦੀ ਹੈ।

ਉਹਨਾਂ ਮਹਾਰਾਸ਼ਟਰ ਦੇ ਉਦਯੋਗ ਵਿੱਚ ਆਈ ਮੰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਹਰ ਤੀਜਾ ਨੌਜਵਾਨ ਅੱਜ ਬੇਰੁਜ਼ਗਾਰ ਹੈ। ਉਹਨਾਂ ਕਿਹਾ ਕਿ ਮਹਾਰਾਸ਼ਟਰ ਕਿਸੇ ਸਮੇਂ ਪੂੰਜੀ ਨਿਵੇਸ਼ ਲਈ ਪਹਿਲੇ ਨੰਬਰ ਦਾ ਸੂਬਾ ਸੀ, ਅੱਜ ਕਿਸਾਨ ਆਤਮਹੱਤਿਆ ਲਈ ਇੱਕ ਨੰਬਰ ਦਾ ਸੂਬਾ ਹੈ।

ਇਸ ਮੌਕੇ ਪੰਜਾਬ ਮਹਾਰਾਸ਼ਟਰ ਬੈਂਕ ਦੇ ਖਾਤਾਧਾਰਕਾਂ ਦਾ ਇੱਕ ਦਲ ਮਨਮੋਹਨ ਸਿੰਘ ਨੂੰ ਮਿਲਣ ਪਹੁੰਚਿਆ। ਇਸ ਬੈਂਕ ਘਪਲੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਰਦ ਰੁੱਤ ਦੇ ਪਾਰਲੀਮੈਂਟ ਇਜਲਾਸ ਵਿੱਚ ਇਹ ਮੁੱਦਾ ਚੁੱਕਿਆ ਜਾਵੇਗਾ। ਉਹਨਾਂ ਇਸ ਦਲ ਨੂੰ ਯਕੀਨ ਦਵਾਇਆ ਕਿ ਉਹ ਉਹਨਾਂ ਦੀ ਸਮੱਸਿਆ ਦਾ ਹੱਲ ਲੱਭਣ ਲਈ ਆਪਣਾ ਦਿਮਾਗ ਲਾਉਣਗੇ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ, ਮਹਾਰਾਸ਼ਟਰ ਸਰਕਾਰ ਅਤੇ ਖਜ਼ਾਨਾ ਮੰਤਰੀ ਨੂੰ ਵੀ ਇਸ ਲਈ ਆਪਣਾ ਦਿਮਾਗ ਲਾਉਣਾ ਚਾਹੀਦਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।