ਪਾਕਿਸਤਾਨ ਨੇ ਜਿੱਤਿਆ ਸਿੱਖਾਂ ਦਾ ਦਿਲ; ਕਰਤਾਰਪੁਰ ਸਾਹਿਬ ਦੇ ਮੁਕੰਮਲ ਹੁੰਦੇ ਕਾਰਜਾਂ ਦੀਆਂ ਆਈਆਂ ਤਸਵੀਰਾਂ

ਪਾਕਿਸਤਾਨ ਨੇ ਜਿੱਤਿਆ ਸਿੱਖਾਂ ਦਾ ਦਿਲ; ਕਰਤਾਰਪੁਰ ਸਾਹਿਬ ਦੇ ਮੁਕੰਮਲ ਹੁੰਦੇ ਕਾਰਜਾਂ ਦੀਆਂ ਆਈਆਂ ਤਸਵੀਰਾਂ

ਲਾਹੌਰ: ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਵੱਲੋਂ ਵਿਖਾਈ ਜਾ ਰਹੀ ਤੇਜੀ ਨੇ ਸਿੱਖ ਸੰਗਤਾਂ ਦੇ ਦਿਲ ਜਿੱਤ ਲਏ ਹਨ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਲਗਭਗ 80 ਫੀਸਦੀ ਤੋਂ ਵੱਧ ਕਾਰਜ ਪੂਰਾ ਕਰ ਲਿਆ ਗਿਆ ਹੈ। ਇਸ ਕਾਰਜ ਵਿੱਚ ਸਰਹੱਦ ਤੋਂ ਗੁਰਦੁਆਰਾ ਸਾਹਿਬ ਤੱਕ ਲਾਂਘੇ ਦਾ ਮੁੱਖ ਮਾਰਗ, ਰਾਵੀ ਦਰਿਆ ਦਾ ਪੁਲ ਅਤੇ ਹੋਰ ਕਈ ਇਮਾਰਤਾਂ ਬਣ ਕੇ ਤਿਆਰ ਹਨ ਤੇ ਕੰਮ ਦੇ ਜ਼ਿੰਮੇਵਾਰ ਇੱਕ ਸੀਨੀਅਰ ਇੰਜੀਨੀਅਰ ਨੇ ਪਾਕਿਸਤਾਨ ਦੇ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਲਾਂਘਾ ਖੋਲ੍ਹਣ ਲਈ ਮਿੱਥੇ ਗਏ ਸਮੇਂ ਤੋਂ ਪਹਿਲਾਂ ਸਾਰਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਨਿਰਮਾਣ ਕਾਰਜ ਵਿੱਚ ਚਿੱਟਾ ਮਾਰਬਲ ਬਹੁਤ ਵੱਡੇ ਪੱਧਰ 'ਤੇ ਵਰਤਿਆ ਜਾ ਰਿਹਾ ਹੈ ਤੇ ਉਸਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ।

ਉਹਨਾਂ ਦੱਸਿਆ ਕਿ ਲੰਗਰ ਦੀ ਇਮਾਰਤ, ਪ੍ਰਸ਼ਾਸਕੀ ਇਮਾਰਤ ਅਤੇ ਗੁਸਲਖਾਨਿਆਂ ਦੇ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਤੇ ਹੁਣ ਬਿਜਲੀ ਦੀਆਂ ਤਾਰਾਂ, ਗੈਸ ਕਨੈਕਸ਼ਨਾਂ ਅਤੇ ਪਾਣੀ ਦੇ ਪਾਈਪਾਂ ਦਾ ਕੰਮ ਚੱਲ ਰਿਹਾ ਹੈ। 

ਇੰਜੀਨੀਅਰ ਕਾਸ਼ਿਫ ਅਲੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ 150 ਫੁੱਟ ਉੱਚਾ ਨਿਸ਼ਾਨ ਸਾਹਿਬ ਲਾਇਆ ਜਾ ਰਿਹਾ ਹੈ ਜੋ ਚੜ੍ਹਦੇ ਪੰਜਾਬ ਤੋਂ ਵੀ ਨਜ਼ਰ ਪਵੇਗਾ। ਉਹਨਾਂ ਕਿਹਾ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਵਿਰਾਸਤ ਵਜੋਂ ਖੇਤੀ ਵਾਲੀ ਜ਼ਮੀਨ ਸੰਭਾਲੀ ਜਾ ਰਹੀ ਹੈ ਜਿੱਥੇ ਪਹਿਲਾਂ ਤੋਂ ਮੋਜੂਦ ਪੁਰਾਤਨ ਖੂਹ ਅਤੇ ਅੰਬ ਦੇ ਦਰਖਤ ਨੂੰ ਵੀ ਸੰਭਾਲਣ ਦਾ ਕੰਮ ਇੰਜੀਨੀਅਰ ਕਰ ਰਹੇ ਹਨ। 

ਉਹਨਾਂ ਕਿਹਾ ਕਿ ਸਰਹੱਦ ਅਤੇ ਗੁਰਦੁਆਰਾ ਸਾਹਿਬ ਵਿਖੇ ਪਾਰਕਿੰਗ ਇਮਾਰਤਾਂ ਦਾ ਕੰਮ ਵੀ ਕਾਫੀ ਮੁਕੰਮਲ ਹੋ ਚੁੱਕਿਆ ਹੈ ਤੇ ਉੱਥੇ ਹੁਣ ਦਰਖਤ ਲਾਉਣ ਦਾ ਕੰਮ ਚੱਲ ਰਿਹਾ ਹੈ। 


ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਅਫਵਾਹਾਂ ਫੈਲਾ ਰਹੇ ਹਨ ਕਿ ਗੁਰੁਦੁਆਰਾ ਸਾਹਿਬ ਦੀ ਇਮਾਰਤ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਇੱਕ ਇੱਟ ਨਾਲ ਵੀ ਛੇੜਖਾਨੀ ਨਹੀਂ ਕੀਤੀ ਗਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ