ਫੈਕਟਰੀ ਵਿਚੋਂ ਲੀਕ ਹੋਈ ਗੈਸ ਹਵਾ 'ਚ ਫੈਲੀ; 6 ਦੀ ਮੌਤ, ਸੈਂਕੜੇ ਲੋਕ ਬਿਮਾਰ ਹੋਏ

ਫੈਕਟਰੀ ਵਿਚੋਂ ਲੀਕ ਹੋਈ ਗੈਸ ਹਵਾ 'ਚ ਫੈਲੀ; 6 ਦੀ ਮੌਤ, ਸੈਂਕੜੇ ਲੋਕ ਬਿਮਾਰ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ
ਵਿਸ਼ਾਖਾਪਟਨਮ ਵਿਚ ਅੱਜ ਇਕ ਫੈਕਟਰੀ ਵਿਚੋਂ ਜਾਨਲੇਵਾ ਗੈਸ ਲੀਕ ਹੋਣ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਬਿਮਾਰ ਹੋ ਗਏ ਹਨ। ਇਹ ਹਾਦਸਾ ਐਲਜੀ ਪੋਲੀਮਰ ਕੰਪਨੀ ਦੇ ਪਲਾਂਟ ਵਿਚ ਹੋਇਆ। ਪਲਾਂਟ ਵਿਚੋਂ ਅੱਜ ਸਵੇਰੇ ਤੜਕਸਾਰ ਗੈਸ ਲੀਕ ਹੋਣੀ ਸ਼ੁਰੂ ਹੋਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪਲਾਂਟ ਨੂੰ ਦੁਬਾਰਾ ਚਾਲੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। 

ਗੈਸ ਹਵਾ ਵਿਚ ਫੈਲ ਚੁੱਕੀ ਹੈ ਤੇ ਗੈਸ ਚੜ੍ਹਨ ਨਾਲ ਲੋਕ ਬੇਹੋਸ਼ ਹੋ ਰਹੇ ਹਨ ਤੇ ਸਾਹ ਲੈਣ ਵਿਚ ਸਮੱਸਿਆ ਆ ਰਹੀ ਹੈ। ਇਸ ਗੈਸ ਨਾਲ ਸਭ ਤੋਂ ਵੱਧ ਮਾਰੂ ਅਸਰ ਬੱਚਿਆਂ ਅਤੇ ਬਜ਼ੁਰਗਾਂ 'ਤੇ ਪੈ ਰਹੇ ਹਨ। ਹਸਪਤਾਲ ਦੇ ਪ੍ਰਬੰਧਕਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। 

ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਸਾਰੇ ਆਗੂ ਇਸ ਘਟਨਾ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਰੈਡੀ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਥਾਨਕ ਪ੍ਰਸ਼ਾਸਨ ਨੇ ਹਾਦਸੇ ਵਾਲੀ ਥਾਂ ਦੇ ਆਲੇ ਦੁਆਲੇ ਦੇ 5 ਕਿਲੋਮੀਟਰ ਖੇਤਰ ਨੂੰ ਖਾਲੀ ਕਰਵਾ ਲਿਆ ਹੈ। 

ਇਸ ਗੈਸ ਨਾਲ ਕਈ ਪਿੰਡ ਪ੍ਰਭਾਵਤ ਹੋਏ ਹਨ ਤੇ ਜਾਨੀ ਨੁਕਸਾਨ ਬਹੁਤ ਵਧ ਸਕਦਾ ਹੈ। ਪਿੰਡਾਂ ਦੇ ਲੋਕਾਂ ਦੇ ਦੱਸਣ ਮੁਤਾਬਕ ਗੈਸ ਫੈਲਣ ਨਾਲ ਅੱਖਾਂ ਵਿਚ ਜਲਣ, ਸ਼ਰੀਰ 'ਤੇ ਧੱਫੜ ਪੈ ਰਹੇ ਹਨ ਤੇ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ। 

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।