ਗੁਰਦੁਆਰਾ ਸਾਹਿਬਾਨ ਵਿਚੋਂ ਸ਼ਰਾਬ ਦੀ ਅਨਾਉਸਮੈਂਟ ਦੇ ਹੁਕਮ ਦੇਣ ਵਾਲੇ ਡੀਸੀ ਨੇ ਮੰਨੀ ਗਲਤੀ

ਗੁਰਦੁਆਰਾ ਸਾਹਿਬਾਨ ਵਿਚੋਂ ਸ਼ਰਾਬ ਦੀ ਅਨਾਉਸਮੈਂਟ ਦੇ ਹੁਕਮ ਦੇਣ ਵਾਲੇ ਡੀਸੀ ਨੇ ਮੰਨੀ ਗਲਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਦੀਆਂ ਪਾਬੰਦੀਆਂ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫੈਂਸਲੇ 'ਤੇ ਚੱਲ ਰਹੇ ਵਿਵਾਦ ਦਰਮਿਆਨ ਜ਼ਿਲ੍ਹਾ ਮੁਕਸਤਰ ਦੇ ਕਮਿਸ਼ਨਰ ਦਫਤਰ ਵੱਲੋਂ ਜਾਰੀ ਇਕ ਹੁਕਮ ਨੇ ਸਿੱਖ ਭਾਵਨਾਵਾਂ ਨੂੰ ਵੱਡੀ ਸੱਟ ਮਾਰੀ। ਡੀਸੀ ਦਫਤਰ ਵੱਲੋਂ ਜਾਰੀ ਇਕ ਪੱਤਰ ਵਿਚ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਸਾਹਿਬਾਨ ਵਿਚੋਂ ਸ਼ਰਾਬ ਦੀ ਘਰੋ-ਘਰ ਪਹੁੰਚ (ਹੋਮ ਡਿਲਵਰੀ) ਦੀਆਂ ਅਨਾਉਸਮੈਂਟਾਂ ਕਰਨ ਲਈ ਹੁਕਮ ਜਾਰੀ ਕੀਤੇ ਗਏ ਸਨ। ਇਹ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਜਿਸ ਮਗਰੋਂ ਸਿੱਖਾਂ ਵਿਚ ਭਾਰੀ ਰੋਸ ਪਾਇਆ ਗਿਆ। 


ਮੁਕਤਸਰ ਡੀਸੀ ਵੱਲੋਂ ਜਾਰੀ ਕੀਤੇ ਹੁਕਮ ਜੋ ਬਾਅਦ ਵਿਚ ਵਾਪਸ ਲੈ ਲਏ ਗਏ

ਵਧ ਰਹੇ ਵਿਰੋਧ ਨੂੰ ਦੇਖਦਿਆਂ ਡੀਸੀ ਅਰਵਿੰਦ ਕੁਮਾਰ ਨੇ ਪਹਿਲਾਂ ਜਾਰੀ ਹੁਕਮਾਂ ਵਿਚ ਸੋਧ ਕਰਦਿਆਂ ਧਾਰਮਿਕ ਸਥਾਨਾਂ ਤੋਂ ਅਨਾਉਸਮੈਂਟ ਕਰਾਉਣ ਦੀ ਹਦਾਇਤ ਰੱਦ ਕਰ ਦਿੱਤੀ।

ਇਸ ਸਬੰਧੀ ਬਾਅਦ ਵਿਚ ਹੁਣ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਲੋਕ ਸੰਪਰਕ ਦਫਤਰ ਵੱਲੋਂ ਇਕ ਮੀਡੀਆ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਡੀਸੀ ਅਰਵਿੰਦ ਕੁਮਾਰ ਨੇ ਇਸ ਨੂੰ ਕਲੈਰੀਕਲ ਗਲਤੀ ਦਸਦਿਆਂ ਅਫਸੋਸ ਪ੍ਰਗਟ ਕੀਤਾ ਤੇ ਹੁਕਮਾਂ ਵਿਚ ਤਬਦੀਲੀ ਬਾਰੇ ਦੱਸਿਆ।