ਕਈ ਅਫਸਰਾਂ ਦੇ ਉੱਤੋਂ ਦੀ ਛਾਲ ਮਰਵਾ ਕੇ ਡੀਜੀਪੀ ਦੀ ਪਤਨੀ ਨੂੰ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ

ਕਈ ਅਫਸਰਾਂ ਦੇ ਉੱਤੋਂ ਦੀ ਛਾਲ ਮਰਵਾ ਕੇ ਡੀਜੀਪੀ ਦੀ ਪਤਨੀ ਨੂੰ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ
ਵਿਨੀ ਮਹਾਜਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਦਿਨਾਂ ਦੌਰਾਨ ਵਿਵਾਦਾਂ ਵਿਚ ਘਿਰੇ ਰਹੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਅਹੁਦੇ ਤੋਂ ਲਾਹ ਕੇ ਉਹਨਾਂ ਦੀ ਥਾਂ ਬੀਤੇ ਕੱਲ੍ਹ ਵਿਨੀ ਮਹਾਜਨ ਨੂੰ ਸੂਬੇ ਦੇ ਮੁੱਖ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਵਿਨੀ ਮਹਾਜਨ ਦੀ ਚੋਣ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਵਿਨੀ ਮਹਾਜਨ ਪੰਜਾਬ ਦੇ ਮੋਜੂਦਾ ਪੁਲਸ ਮੁਖੀ ਡੀਜੀਪੀ ਦਿਨਕਰ ਗੁਪਤਾ ਦੇ ਪਤਨੀ ਹਨ। ਇਸ ਦੇ ਨਾਲ ਹੀ ਅਹਿਮ ਗੱਲ ਸਾਹਮਣੇ ਆਈ ਹੈ ਕਿ ਵਿਨੀ ਮਹਾਜਨ ਨੂੰ ਉਹਨਾਂ ਤੋਂ ਸੀਨੀਅਰ ਪੰਜ ਅਫਸਰਾਂ ਦੇ ਉੱਤੋਂ ਦੀ ਛਾਲ ਵਜਾ ਕੇ ਮੁੱਖ ਸਕੱਤਰ ਲਾਇਆ ਗਿਆ ਹੈ।

ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸੂਬੇ ਦਾ ਪੁਲਸ ਅਮਲਾ ਅਤੇ ਪ੍ਰਸ਼ਾਸਨਕ ਅਮਲਾ ਇਕ ਜੋੜੇ ਦੇ ਹੱਥਾਂ ਵਿਚ ਚਲੇ ਗਿਆ ਹੈ। 

ਵਿਨੀ ਮਹਾਜਨ 1987 ਬੈਚ ਦੇ ਆਈਏਐਸ ਅਫਸਰ ਹਨ ਜੋ ਕੇਂਦਰ ਅਤੇ ਸੂਬਾ ਸਰਕਾਰਾਂ ਵਿਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। 

ਕਰਨ ਅਵਤਾਰ ਸਿੰਘ ਨੂੰ ਸਰਕਾਰੀ ਸੋਧਾਂ ਅਤੇ ਲੋਕ ਸਮੱਸਿਆਵਾਂ ਵਿਭਾਗ (ਡੀਜੀਆਰਪੀਜੀ) ਦਾ ਖਾਸ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਵਿਨੀ ਮਹਾਜਨ ਨੂੰ ਬਾਕੀ ਸੀਨੀਅਰ ਅਫਸਰਾਂ ਤੋਂ ਅਗਾਂਹ ਨਿਯੁਕਤ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬਾਕੀ ਦੇ ਅਫਸਰ 2022 ਤੋਂ ਪਹਿਲਾਂ ਸੇਵਾਮੁਕਤ ਹੋ ਰਹੇ ਹਨ ਅਤੇ 2022 ਵਿਚ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਨੀ ਮਹਾਜਨ ਨੂੰ ਇਸ ਅਹੁਦੇ ਲਈ ਤੈਨਾਤ ਕੀਤਾ ਹੈ। 

ਇਹਨਾਂ ਸੀਨੀਅਰ ਅਫਸਰਾਂ ਵਿਚ 1984 ਬੈਚ ਦੇ ਕੇਬੀਐਸ ਸਿੱਧੂ, 1985 ਬੈਚ ਦੇ ਅਰੁਨ ਗੋਇਲ, ਸਤੀਸ਼ ਚੰਦਰਾ, ਕਲਪਨਾ ਮਿੱਤਲ ਬਰੂਆਹ ਅਤੇ ਸੀ ਰਾਓਲ ਦੇ ਨਾਂ ਸ਼ਾਮਲ ਹਨ।