ਓਮਾਨ ਤੋਂ 7 ਹੋਰ ਫਸੀਆਂ ਔਰਤਾਂ ਨੂੰ ਵਿਕਰਮ ਸਾਹਨੀ ਘਰ ਲਿਆਏ

ਓਮਾਨ ਤੋਂ 7 ਹੋਰ ਫਸੀਆਂ ਔਰਤਾਂ ਨੂੰ ਵਿਕਰਮ ਸਾਹਨੀ ਘਰ ਲਿਆਏ

ਪਿਛਲੇ ਦੋ ਹਫ਼ਤਿਆਂ ਵਿੱਚ 24 ਲੜਕੀਆਂ ਨੂੰ ਬਚਾਇਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 2 ਜੂਨ (ਮਨਪ੍ਰੀਤ ਸਿੰਘ ਖਾਲਸਾ):- ਓਮਾਨ ਅੰਦਰ ਫਸੇ ਹੋਏ ਅੱਜ ਸੱਤ ਲੜਕੀਆਂ ਅਤੇ ਇੱਕ ਲੜਕਾ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਪਣੇ ਵਤਨ ਪਰਤ ਆਏ ਹਨ। ਸ੍ਰੀ ਸਾਹਨੀ ਨੇ ਇਸ ਬਾਰੇ ਕਿਹਾ ਕਿ ਸਾਡੇ ਵੱਲੋਂ ਪਿਛਲੇ ਮਹੀਨੇ ਸ਼ੁਰੂ ਕੀਤਾ ਮਿਸ਼ਨ ਹੋਪ ਵੱਡੀ ਸਫਲਤਾ ਪ੍ਰਾਪਤ ਕਰ ਰਿਹਾ ਹੈ ਅਤੇ ਅਸੀਂ ਓਮਾਨ ਵਿੱਚ ਫਸੀ ਹਰ ਪੰਜਾਬੀ ਕੁੜੀ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਾਂ। ਸਾਡੀ ਟੀਮ ਇਸ ਆਪ੍ਰੇਸ਼ਨ ਵਿੱਚ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਬਚਾਅ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਦੋ ਵਾਰ ਓਮਾਨ ਦਾ ਦੌਰਾ ਵੀ ਕਰ ਚੁੱਕੀ ਹੈ, ਜਿੱਥੇ ਅਸੀਂ ਲੜਕੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਸਾਰੇ ਹਿੱਸੇਦਾਰਾਂ ਨਾਲ ਤਾਲਮੇਲ ਕਰ ਰਹੇ ਹਾਂ। ਉਨ੍ਹਾਂ ਨੇ ਦਸਿਆ ਕਿ ਓਮਾਨ ਵਿੱਚ ਇੱਕ ਬਹੁਤ ਹੀ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨੂੰ ਹਾਇਰ ਕੀਤਾ ਹੈ ਜੋ ਕਿ ਇਨ੍ਹਾਂ ਲੜਕੀਆਂ ਨੂੰ ਵਾਪਸ ਘਰ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਸਾਡੇ ਵਕੀਲਾਂ ਨੇ ਇਨ੍ਹਾਂ ਔਰਤਾਂ ਦੇ ਸਪਾਂਸਰਾਂ ਅਤੇ ਏਜੰਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਇਨ੍ਹਾਂ ਲੜਕੀਆਂ ਦੇ ਘਰ ਵਾਪਸ ਜਾਣ ਅਤੇ ਲੋੜੀਂਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਣ। ਸ੍ਰੀ ਸਾਹਨੀ ਨੇ ਦੱਸਿਆ ਕਿ ਅੱਜ ਆਈਆਂ ਲੜਕੀਆਂ ਪਿੰਡ ਇੰਦਾਣਾ ਕਲਸੀ, ਜਲੰਧਰ, ਸ਼ਾਹਕੋਟ, ਜਲੰਧਰ, ਅੱਪਰੇ, ਫਿਲੌਰ, ਗਾਲਿਬ ਕਲਾਂ, ਜਗਰਾਉਂ, ਪੱਟੀ, ਤਰਨਤਾਰਨ, ਕਮਾਲਪੁਰਾ, ਨਕੋਦਰ, ਅਕਲੀਆ, ਬਠਿੰਡਾ ਦੀਆਂ ਵਸਨੀਕ ਹਨ। ਅਤੇ ਅਖੌਤੀ ਜਨ ਸ਼ਕਤੀ ਸਲਾਹਕਾਰਾਂ ਦੇ ਝੂਠ ਦਾ ਸ਼ਿਕਾਰ ਹੋ ਕੇ ਰੁਜ਼ਗਾਰ ਲਈ ਓਮਾਨ ਚਲੇ ਗਏ ਅਤੇ ਫਸ ਗਏ। ਜਲੰਧਰ ਦਾ ਇੱਕ ਲੜਕਾ ਜੋ ਕਿ ਇਸੇ ਤਰ੍ਹਾਂ ਫਸਿਆ ਹੋਇਆ ਸੀ ਅਤੇ ਪਿਛਲੇ ਮਹੀਨੇ ਆਪਣੇ ਸਪਾਂਸਰ ਤੋਂ ਭੱਜ ਗਿਆ ਸੀ ਅਤੇ ਮਸਕਟ ਦੇ ਇੱਕ ਸਥਾਨਕ ਗੁਰਦੁਆਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ, ਨੂੰ ਵੀ ਅੱਜ ਓਵਰਸਟੇ ਦੀ ਸਜ਼ਾ ਦੇ ਨਾਲ ਭਾਰਤ ਵਾਪਸ ਲਿਆਂਦਾ ਗਿਆ।

 ਸ੍ਰੀ ਸਾਹਨੀ ਜੋ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਤੋਂ ਇਲਾਵਾ ਸਪਾਂਸਰ ਵੱਲੋਂ ਲੜਕੀਆਂ ਨੂੰ ਨਾਜਾਇਜ਼ ਠੇਕਿਆਂ ਦੇ ਆਧਾਰ 'ਤੇ ਲਗਾਏ ਗਏ ਜੁਰਮਾਨੇ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ | ਪੰਜਾਬ ਵਿੱਚ ਖਰਚਾ ਵੀ ਸ੍ਰੀ ਸਾਹਨੀ ਹੀ ਚੁੱਕ ਰਹੇ ਹਨ। ਇਸ ਦੇ ਨਾਲ ਹੀ ਸ੍ਰੀ ਸਾਹਨੀ ਸ਼ੈਲਟਰ ਹੋਮ ਵਿਖੇ ਲੰਗਰ ਸੇਵਾ ਵੀ ਕਰ ਰਹੇ ਹਨ ਜਿੱਥੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੜਕੀਆਂ ਮਸਕਟ ਵਿਖੇ ਸ਼ਰਨਾਰਥੀਆਂ ਵਜੋਂ ਰਹਿ ਰਹੀਆਂ ਹਨ।

 ਸ੍ਰੀ ਸਾਹਨੀ ਨੇ ਕਿਹਾ ਕਿ ਸਾਡਾ ਕੰਮ ਸਿਰਫ਼ ਇਨ੍ਹਾਂ ਲੜਕੀਆਂ ਨੂੰ ਘਰ ਵਾਪਸ ਲਿਆਉਣ ਨਾਲ ਹੀ ਪੂਰਾ ਨਹੀਂ ਹੁੰਦਾ, ਸਗੋਂ ਅਸੀਂ ਪੰਜਾਬ ਵਿੱਚ ਹੀ ਇਨ੍ਹਾਂ ਦੇ ਮੁੜ ਵਸੇਬੇ ਲਈ ਵੀ ਵਚਨਬੱਧ ਹਾਂ। ਅਸੀਂ ਉਨ੍ਹਾਂ ਨੂੰ ਦਿੱਲੀ ਦੇ ਸਾਡੇ ਵਿਸ਼ਵ ਪੱਧਰੀ ਹੁਨਰ ਕੇਂਦਰ ਅਤੇ ਅੰਮ੍ਰਿਤਸਰ ਦੇ ਮਲਟੀ-ਸਪੈਸ਼ਲਿਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਰਿਹਾਇਸ਼ੀ ਹੁਨਰ ਸਿਖਲਾਈ ਦੀ ਪੇਸ਼ਕਸ਼ ਕਰ ਰਹੇ ਹਾਂ, ਜਿੱਥੇ ਇਹ ਲੜਕੀਆਂ ਸਾਡੇ ਹੋਸਟਲ ਦੀਆਂ ਸਹੂਲਤਾਂ ਵਿੱਚ ਰਹਿ ਕੇ ਰੁਜ਼ਗਾਰ ਯੋਗ ਹੁਨਰ ਸਿੱਖਣਗੀਆਂ ਅਤੇ ਬਾਅਦ ਵਿੱਚ ਪੰਜਾਬ ਵਿੱਚ ਹੀ ਸਨਮਾਨਜਨਕ ਨੌਕਰੀਆਂ ਪ੍ਰਾਪਤ ਕਰਨਗੀਆਂ। 

ਸ੍ਰੀ ਸਾਹਨੀ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਸੱਤ ਲੜਕੀਆਂ ਜੋ ਅੱਜ ਆਪਣੇ ਘਰ ਵਾਪਸ ਆਈਆਂ ਹਨ, ਭਲਕੇ ਆਪਣੇ ਨੇੜਲੇ ਥਾਣਿਆਂ ਵਿੱਚ ਜਾ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ. ਤਹਿਤ ਉਨ੍ਹਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣਗੀਆ, ਝੂਠੇ ਵਾਅਦੇ ਕਰਕੇ ਓਮਾਨ ਭੇਜਣ ਵਾਲੇ ਏਜੇਂਟਾਂ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ ।