ਪਾਕਿਸਤਾਨ ਵਿੱਚ ਭੁੱਖਮਰੀ ਦੀ ਸੰਭਾਵਨਾ ਬਨਾਮ ਭਾਰਤੀ ਪੰਜਾਬ

ਪਾਕਿਸਤਾਨ ਵਿੱਚ ਭੁੱਖਮਰੀ ਦੀ ਸੰਭਾਵਨਾ ਬਨਾਮ ਭਾਰਤੀ ਪੰਜਾਬ
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਵਿਚ ਆਰਥਿਕ ਅਤੇ ਰਾਜਨੀਤਕ ਸੰਕਟ ਵਿਗੜਦਾ ਹੈ ਤਾਂ   ਆਉਣ ਵਾਲੇ ਮਹੀਨਿਆਂ ਵਿੱਚ ਭੋਜਨ ਦੀ ਸਮਸਿਆ ਵਧਣ ਦੀ ਸੰਭਾਵਨਾ ਹੈ।
 
ਇਕ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਹੜ੍ਹ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਅਤੇ ਵਿਸ਼ਵ ਭੋਜਨ ਪ੍ਰੋਗਰਾਮ (ਡਬਲਯੂਐਫਪੀ) ਨੇ ਸਾਂਝੇ ਤੌਰ 'ਤੇ ਜੂਨ ਅਤੇ ਨਵੰਬਰ 2023 ਦੇ ਵਿਚਾਲੇ  ਭੋਜਨ ਦੀ ਅਸੁਰੱਖਿਆ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਜਿਸ ਵਿੱਚ ਮੁਢਲੀ ਚੇਤਾਵਨੀ ਜਾਰੀ ਕੀਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ ਗਲੋਬਲ ਆਰਥਿਕ ਮੰਦੀ ਦੇ ਵਿਚਕਾਰ ਜਨਤਕ ਕਰਜ਼ੇ ਦੇ ਵਧਣ ਕਾਰਨ ਪਾਕਿਸਤਾਨ ਦਾ ਵਿੱਤੀ ਸੰਕਟ ਡੂੰਘਾ ਹੋ ਗਿਆ ਹੈ।
ਪਾਕਿਸਤਾਨ ਪਿਛਲੇ ਸਾਲ ਦੇ ਭਿਆਨਕ ਹੜ੍ਹਾਂ ਤੋਂ ਬਾਅਦ 'ਭੋਜਨ ਅਸੁਰੱਖਿਆ' ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਨੂੰ ਅਪ੍ਰੈਲ 2023 ਤੋਂ ਜੂਨ 2026 ਦਰਮਿਆਨ 77.5 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਕਰਨੀ ਪਵੇਗੀ, ਜੋ ਕਿ 2021 ਵਿੱਚ 350 ਬਿਲੀਅਨ ਡਾਲਰ ਦੇ ਜੀਡੀਪੀ ਦੇ ਮੁਕਾਬਲੇ ਇੱਕ ਮਹੱਤਵਪੂਰਨ ਰਕਮ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਵਧਦੀ ਸਿਆਸੀ ਅਸਥਿਰਤਾ ਅਤੇ ਸੁਸਤ ਸੁਧਾਰਾਂ ਕਾਰਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵੀ  ਨਵੇਂ ਕਰਜ਼ੇ ਦੀ ਵੰਡ 'ਤੇ ਰੋਕ ਲਗਾ ਦਿੱਤੀ ਹੈ। ਇਥੋਂ ਤੱਕ ਉਸ ਦੇ ਸਾਥੀ ਦੇਸ਼ ਮਦਦ ਕਰਨ ਤੋਂ ਝਿਜਕ ਰਹੇ ਹਨ।ਪਾਕਿਸਤਾਨ ਇਸ ਸਮੇਂ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ। ਇਸ ਦੇ ਵਿਦੇਸ਼ੀ ਮੁਦਰਾ ਭੰਡਾਰ ਇਸ ਪੱਧਰ ’ਤੇ ਪਹੁੰਚ ਗਏ ਹਨ ਕਿ ਇਨ੍ਹਾਂ ਨਾਲ ਮਸਾਂ ਇਕ ਮਹੀਨੇ ਦਾ ਗੁਜ਼ਾਰਾ ਚੱਲ ਸਕਦਾ ਹੈ। ਮਿੱਤਰ ਅਤੇ ਸਹਿਯੋਗੀ ਦੇਸ਼ਾਂ ਤੋਂ ਆਉਣ ਵਾਲੀ ਵਿਦੇਸ਼ੀ ਮੁਦਰਾ ਵਿਚ ਅਡਿ਼ੱਕਾ ਪੈ ਗਿਆ ਹੈ ਜਿਸ ਲਈ ਲੋੜੀਂਦੀ ਆਈਐਮਐਫ ਦੀ ਮਨਜ਼ੂਰੀ ਕਈ ਮਹੀਨਿਆਂ ਤੋਂ ਨਹੀਂ ਆ ਸਕੀ। ਹੋਰ ਇਮਦਾਦ ਲਈ ਆਈਐਮਐਫ ਦਾ ਪ੍ਰਮਾਣ ਪੱਤਰ ਜਾਰੀ ਕੀਤੇ ਜਾਣ ਤੋਂ ਪਹਿਲਾਂ ਅਮਰੀਕਾ ਵਲੋਂ ਵੀ ਪਾਕਿਸਤਾਨ ’ਤੇ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਅਮਰੀਕੀਆਂ ਦੇ ਮਨਾਂ ਵਿਚ ਪਾਕਿਸਤਾਨ ਵਲੋਂ ਆਪਣੀਆਂ ਆਰਥਿਕ ਨੀਤੀਆਂ ਮੁਤੱਲਕ ਭਰੋਸਿਆਂ ਦੀ ਪ੍ਰਮਾਣਿਕਤਾ ਨੂੰ ਲੈ ਕੇ ਵੀ ਸ਼ੰਕੇ ਹਨ। ਇਸ ਸਮੇਂ ਆਮ ਚੋਣਾਂ ਵਿਚ ਭਾਵੇਂ ਇਮਰਾਨ ਖ਼ਾਨ ਨੂੰ ਭਰਵਾਂ ਹੁੰਗਾਰਾ ਮਿਲਣ ਦੇ ਆਸਾਰ ਹਨ ਪਰ ਅਹਿਮ ਗੱਲ ਇਹ ਹੈ ਕਿ ਇਮਰਾਨ ਖ਼ਾਨ ਦੀਆਂ ਨੀਤੀਆਂ ਪ੍ਰਤੀ ਅਮਰੀਕਾ ਦੇ ਗੰਭੀਰ ਇਤਰਾਜ਼ ਹਨ।  ਇਮਰਾਨ ਤੇ ਫੌਜ ਦੇ ਟਕਰਾਅ ਕਾਰਣ ਪਾਕਿਸਤਾਨ ਰਾਜਨੀਤਕ ਸੰਕਟ ਵਿਚ ਹੈ।ਇਸ ਕਾਰਣ ਪਾਕਿਸਤਾਨ ਵਿਚ ਟੁਟ ਭਜ ਦੀ ਸੰਭਾਵਨਾ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।ਪਛਮੀ ਪੰਜਾਬ ਵਿਚੋਂ ਬਫਰ ਸਟੇਟ ਦੀਆਂ ਅਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।
ਰਿਪੋਰਟ ਵਿੱਚ  ਕਿਹਾ ਗਿਆ ਹੈ ਕਿ ਅਕਤੂਬਰ 2023 ਵਿੱਚ ਪ੍ਰਸਤਾਵਿਤ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਉੱਤਰ-ਪੱਛਮ ਵਿੱਚ ਭੋਜਨ ਦੀ ਅਸੁਰੱਖਿਆ ਕਾਰਨ ਸਿਆਸੀ ਸੰਕਟ ਅਤੇ ਨਾਗਰਿਕ ਅਸ਼ਾਂਤੀ ਵਧਣ ਦੀ ਸੰਭਾਵਨਾ ਹੈ। ਵਿਦੇਸ਼ੀ ਮੁਦਰਾ ਦੀ ਕਮੀ ਅਤੇ ਪਾਕਿਸਤਾਨੀ ਰੁਪਏ ਦੇ ਮੁੱਲ ਵਿੱਚ ਗਿਰਾਵਟ ਕਾਰਨ ਦੇਸ਼ ਦੀ ਜ਼ਰੂਰੀ ਖੁਰਾਕ ਅਤੇ ਊਰਜਾ ਦਰਾਮਦ ਕਰਨ ਦੀ ਸਮਰੱਥਾ ਵੀ ਘੱਟ ਜਾਵੇਗੀ।ਇਸ ਤੋਂ ਸਪਸ਼ਟ ਹੈ ਕਿ ਪਾਕਿਸਤਾਨ ਵਿਚ ਭੁੱਖਮਰੀ ਫੈਲੇਗੀ।
ਰਿਪੋਰਟ ਮੁਤਾਬਕ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਇਹ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ। ਹੜ੍ਹ ਕਾਰਨ ਪਾਕਿਸਤਾਨ ਦੇ ਖੇਤੀ ਸੈਕਟਰ ਨੂੰ 30 ਅਰਬ ਰੁਪਏ ਦਾ ਨੁਕਸਾਨ ਹੋਇਆ ਸੀ। ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਦੇ ਅਨੁਸਾਰ, ਸਤੰਬਰ ਤੋਂ ਦਸੰਬਰ 2022 ਦਰਮਿਆਨ, 8.5 ਮਿਲੀਅਨ ਤੋਂ ਵੱਧ ਲੋਕ ਭੋਜਨ ਦੀ ਸਮਸਿਆ ਨਾਲ ਜੂਝ ਰਹੇ ਸਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੂਨ ਤੋਂ ਨਵੰਬਰ 2023 ਦੇ ਦੌਰਾਨ ਖੁਰਾਕ ਸੰਕਟ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ। ਕਿਉਂਕਿ ਆਰਥਿਕ ਅਤੇ ਸਿਆਸੀ ਸੰਕਟ ਲੋਕਾਂ ਦੀ ਖਰੀਦ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਨਾਗਰਿਕਾਂ ਦੀ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਦੀ ਸਮਰੱਥਾ ਘਟ ਜਾਵੇਗੀ।
 
ਰਿਪੋਰਟ ਮੁਤਾਬਕ ਇਸ ਸਥਿਤੀ ਵਿੱਚ ਸੰਭਾਵਿਤ ਵਿਗਾੜ ਵੀ ਹੜ੍ਹਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਕਾਰਨ ਹੈ। ਹੜ੍ਹਾਂ ਨੇ ਖੇਤੀ ਸੈਕਟਰ ਨੂੰ ਨੁਕਸਾਨ ਪਹੁੰਚਾਇਆ ਹੈ, ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪਸ਼ੂ ਮਰ ਗਏ ਹਨ, ਅਨਾਜ ਉਤਪਾਦਨ ਅਤੇ ਰੁਜ਼ਗਾਰ ਦੇ ਮੌਕੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਸੰਯੁਕਤ ਰਾਸ਼ਟਰ ਨੇ ਸਲਾਹ ਦਿੱਤੀ ਹੈ ਕਿ ਰਾਸ਼ਟਰੀ ਅਤੇ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀਆਂ ਦੀ ਸਮਰੱਥਾ ਵਿੱਚ ਹੋਰ ਸੁਧਾਰ ਕੀਤੇ ਜਾਣ ਦੀ ਲੋੜ ਹੈ।ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ 22 ਦੇਸ਼ਾਂ ਵਿੱਚ ਭੋਜਨ ਦੀ ਭਾਰੀ ਕਮੀ ਨਾਲ ਪ੍ਰਭਾਵਿਤ 81 ਖੇਤਰਾਂ ਵਿੱਚ ਭੋਜਨ ਦੀ ਸਮਸਿਆ ਪੈਦਾ ਹੋਣ ਦੀ ਸੰਭਾਵਨਾ ਹੈ।ਹੁਣੇ ਜਿਹੇ ਰੂਸ ਨੇ ਪਾਕਿਸਤਾਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਆਰਥਿਕ ਅਤੇ ਊਰਜਾ ਸਬੰਧਾਂ ਨੂੰ ਵਧਾਉਣ ਲਈ ਪਹਿਲੀ ਵਾਰ ਸਿੱਧੀ ਸ਼ਿਪਿੰਗ ਸੇਵਾ ਸ਼ੁਰੂ ਕੀਤੀ ਹੈ। ਬੀਤੇ ਹਫਤੇ ਕਰਾਚੀ ਵਿਚ ਇਕ ਉਦਘਾਟਨ ਸਮਾਰੋਹ ਤੋਂ ਬਾਅਦ 36,000 ਟਨ ਕੱਚੇ ਤੇਲ ਲਿਜਾਣ ਵਾਲਾ ਇਕ ਜਹਾਜ਼ ਕਰਾਚੀ ਬੰਦਰਗਾਹ ਤੋਂ ਸੇਂਟ ਪੀਟਰਸਬਰਗ ਲਈ ਰਵਾਨਾ ਹੋਇਆ ਸੀ।  ਪੈਟਰੋਲੀਅਮ ਅਤੇ ਊਰਜਾ ਰਾਜ ਮੰਤਰੀ ਮੁਸਾਦਿਕ ਮਲਿਕ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਹ ਪਹਿਲੀ ਸਿੱਧੀ ਸ਼ਿਪਿੰਗ ਲਾਈਨ ਹੈ ਜੋ ਪਾਕਿਸਤਾਨ ਅਤੇ ਰੂਸ ਵਿਚਾਲੇ ਸ਼ੁਰੂ ਹੋਈ ਹੈ ਅਤੇ ਇਹ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਹੋਰ ਵਧਾਏਗੀ। ਇਸ ਵਪਾਰ ਕਾਰਣ ਪਾਕਿਸਤਾਨ ਨੂੰ ਯੂਰਪੀ ਦੇਸਾਂ ਵਿਚ ਤੇਲ ਵੇਚਣ ਦਾ ਮੌਕਾ ਮਿਲੇਗਾ ਜਿਸ ਕਾਰਣ ਆਰਥਿਕ ਹਾਲਤ ਸੁਧਰ ਸਕਦੀ ਹੈ।ਰੂਸ ਪਾਕਿ ਨੂੰ ਅਮਰੀਕਾ ਦੇ ਘੇਰੇ ਵਿਚੋਂ ਕਢਕੇ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਤਾਂ ਜੋ ਇਸਲਾਮੀ ਦੇਸਾਂ ਨੂੰ ਜੰਗ ਮੌਕੇ ਅਮਰੀਕਾ ਤੇ ਪੱਛਮੀ ਦੇਸਾਂ ਵਿਰੁੱਧ ਆਪਣੇ ਨਾਲ ਜੋੜਿਆ ਜਾਵੇ।ਭਾਰਤ ਨੂੰ ਵੀ ਇਸ ਮੌਕੇ ਪੰਜਾਬ ਦੇ ਬਾਰਡਰ ਵਪਾਰ ਲਈ ਖੋਲਣੇ ਚਾਹੀਦੇ ਹਨ ਤਾਂ ਜੋ ਦੱਖਣੀ ਏਸ਼ੀਆ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਕੀਤਾ ਜਾ ਸਕੇ।ਭਾਰਤੀ ਪੰਜਾਬ ਭੁੱਖਮਰੀ ਦੇ ਸੰਕਟ ਦੌਰਾਨ ਵਡੀ ਭੂਮਿਕਾ ਨਿਭਾ ਸਕਦਾ ਹੈ।ਇਹ ਭਾਰਤ ਦੀ ਆਰਥਿਕਤਾ ਲਈ ਜਰੂਰੀ ਹੈ ਕਿ ਇਥੇ ਖੇਤੀ ਇੰਡਸਟਰੀ ਉਸਾਰੀ ਜਾਵੇ।
ਅਫਗਾਨਿਸਤਾਨ, ਨਾਈਜੀਰੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਯਮਨ ਚਿੰਤਾਜਨਕ ਤੌਰ 'ਤੇ ਭੋਜਨ ਸੰਕਟ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਸ਼ਾਮਲ ਹਨ, ਜਦਕਿ ਹੈਤੀ, ਬੁਰਕੀਨਾ ਫਾਸੋ, ਮਾਲੀ, ਸੂਡਾਨ, ਇਥੋਪੀਆ, ਕੀਨੀਆ, ਕਾਂਗੋ ਅਤੇ ਸੀਰੀਆ ਵੀ ਇਸ ਸੂਚੀ ਵਿਚ ਸ਼ਾਮਲ ਹਨ। ਸੋ ਇਹ ਭਾਰਤੀ ਪੰਜਾਬ ਤੇ ਭਾਰਤ ਲਈ ਉਭਰਨ ਦਾ ਸਮਾਂ ਹੈ.
 
ਰਜਿੰਦਰ ਸਿੰਘ ਪੁਰੇਵਾਲ