ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਗਾਲਟ ਦੇ ਪਰਗਟ ਸਿੰਘ ਸੰਧੂ ਦੂਜੀ ਵਾਰ ਮੇਅਰ ਬਣੇ

ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਗਾਲਟ ਦੇ ਪਰਗਟ ਸਿੰਘ ਸੰਧੂ ਦੂਜੀ ਵਾਰ ਮੇਅਰ ਬਣੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਸਥਾਨਕ ਸਿੱਖ ਆਗੂ ਪਰਗਟ ਸਿੰਘ ਸੰਧੂ ਨੂੰ ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਗਾਲਟ ਸਿਟੀ ਦਾ ਮੇਅਰ ਚੁਣ ਲਿਆ ਗਿਆ ਹੈ, ਉਨ੍ਹਾਂ ਨੂੰ ਸਾਰੇ ਕੌਸਲ ਮੈਬਰਾਂ ਨੇ ਸਰਬਸੰਮਤੀ ਨਾਲ ਇਸ ਅਹੁਦੇ 'ਤੇ ਚੁਣਿਆ ਗਿਆ। ਪਰਗਟ ਸਿੰਘ ਸੰਧੂ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਸਿਆਸਤ ਵਿਚ ਸਰਗਰਮ ਹਨ। ਇਸ ਤੋਂ ਪਹਿਲਾਂ ਉਹ ਗਾਲਟ ਪਲੈਨਿੰਗ ਕਮਿਸ਼ਨ ਦੇ ਮੁਖੀ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਹ ਅਮਰੀਕਾ ਦੇ ਪਹਿਲੇ ਸਿੱਖ ਕੌਂਸਲ ਮੈਂਬਰ ਚੁਣੇ ਗਏ। ਫਿਰ ਗਾਲਟ ਸਿਟੀ ਦੇ ਮੇਅਰ ਦੇ ਅਹੁਦੇ ਤੱਕ ਪਹੁੰਚੇ। ਪਰਗਟ ਸਿੰਘ ਸੰਧੂ ਸਥਾਨਕ ਭਾਇਚਾਰੇ ਵਿੱਚ ਕਾਫੀ ਸਤਿਕਾਰੇ ਜਾਂਦੇ ਹਨ। ਉਹ ਆਪਣੇ ਜਲੰਧਰ ਦੇ ਛੋਟੇ ਜਿਹੇ ਪਿੰਡ ਬਸ਼ੇਰਪੁਰ ਤੋਂ ਅਮਰੀਕਾ ਪਹੁੰਚੇ ਤੇ ਇਥੇ ਆ ਕੇ ਉਨ੍ਹਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਅਮਰੀਕਾ ਵਿਚ ਰਹਿੰਦਿਆਂ 25 ਸਾਲ ਦੇ ਕਰੀਬ ਅਮਰੀਕਨ ਪੋਸਟ ਆਫਿਸ ਵਿਚ ਨੌਕਰੀ ਕੀਤੀ। ਨੌਕਰੀ ਤੋਂ ਰਿਟਾਇਰਮੈਂਟ ਲੈਣ ਉਪਰੰਤ ਉਹ ਅਮਰੀਕਨ ਰਾਜਨੀਤੀ ਵਿਚ ਕੁੱਦ ਪਏ ਅਤੇ ਉਨ੍ਹਾਂ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਿਆ। ਪਹਿਲੀ ਵਾਰ ਉਹ ਦਸੰਬਰ 2019 ਵਿਚ ਗਾਲਟ ਸਿਟੀ ਦੇ ਮੇਅਰ ਨਿਯੁਕਤ ਕੀਤੇ ਗਏ ਸਨ। ਉਪਰੰਤ ਉਹ ਸਿਟੀ ਦੇ ਵਾਈਸ ਮੇਅਰ ਰਹੇ ਅਤੇ ਹੁਣ ਫਿਰ ਤੋਂ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ। ਪਰਗਟ ਸਿੰਘ ਸੰਧੂ ਗਾਲਟ ਸਿਟੀ ਤੋਂ ਇਲਾਵਾ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਮੁੱਖ ਪ੍ਰਬੰਧਕ ਵੀ ਹਨ।