ਭਾਜਪਾ-ਕੈਪਟਨ ਦਾ ਗਠਜੋੜ  ਕਾਂਗਰਸ ਲਈ  ਚੁਣੌਤੀ  ਵਧਾਏਗਾ   

ਭਾਜਪਾ-ਕੈਪਟਨ ਦਾ ਗਠਜੋੜ  ਕਾਂਗਰਸ ਲਈ  ਚੁਣੌਤੀ  ਵਧਾਏਗਾ   

*ਆਪ ਨੂੰ ਸਿਆਸੀ ਲਾਭ ਮਿਲਣ ਦੀ ਸੰਭਾਵਨਾ

*ਭਾਜਪਾ ਸੂਬੇ ਦੀ ਹਿੰਦੂ ਬਹੁਗਿਣਤੀ ਸੀਟਾਂ ’ਤੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਕੇ ‘ਆਪ’ ਨੂੰ ਪਹੁੰਚਾ ਸਕਦੀ ਹੈ ਫਾਇਦਾ         

*ਕੈਪਟਨ ਸਰਕਾਰ ਵਿਚਲੇ ਮੰਤਰੀਆਂ ਤੇ ਵਿਧਾਇਕਾਂ ਸੰਬੰਧੀ ਫਾਈਲਾਂ ਮੋਦੀ ਸਰਕਾਰ ਨੂੰ ਸੌਂਪੀਆਂ,  ਕਈਆਂ ਲਈ ਬਣੇਗੀ ਮੁਸੀਬਤ     

ਅੰਮ੍ਰਿਤਸਰ ਟਾਈਮਜ਼ ਬਿਉਰੋ

 ਜਲੰਧਰ : ਆਪਣੀ ਅੰਦਰੂਨੀ ਖਿੱਚੋਤਾਣ ਨਾਲ ਜੂਝ ਰਹੀ ਕਾਂਗਰਸ ਲਈ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਚੁਣੌਤੀ ਨਾਲ ਹੁਣ ਭਾਜਪਾ ਤੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਚੁਣਾਵੀ ਰਣਨੀਤੀ  ਨਵੀਂ ਸਿਰਦਰਦੀ ਬਣ ਰਹੀ ਹੈ। ਯਾਦ ਰਹੇ ਕਿ ਹੁਣੇ ਜਿਹੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਠਜੋੜ ਤੋਂ ਬਾਅਦ ਤੀਜੇ ਸੰਭਾਵਿਤ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੇ ਨਾਂਅ ਦਾ ਵੀ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਸਨ। ਮੀਟਿੰਗ ਤੋਂ ਬਾਅਦ ਸ਼ੇਖਾਵਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ, ਪੰਜਾਬ ਲੋਕ ਕਾਂਗਰਸ (ਕੈਪਟਨ ਦੀ ਪਾਰਟੀ) ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ (ਢੀਂਡਸਾ ਦੀ ਪਾਰਟੀ) ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੀਆਂ।

 ਹਾਸਲ ਜਾਣਕਾਰੀ ਮੁਤਾਬਿਕ ਭਾਜਪਾ, ਕੈਪਟਨ ਅਤੇ ਢੀਂਡਸਾ ਰਵਾਇਤੀ ਗੱਠਜੋੜ ਦੀ ਥਾਂ 'ਤੇ ਸੀਟ ਸ਼ੇਅਰਿੰਗ ਦੇ ਫਾਰਮੂਲੇ ਨਾਲ ਚੋਣਾਂ ਲੜਨਗੇ। ਭਾਵ ਸੀਟਾਂ ਦੀ ਵੰਡ ਲਈ ਹਰ ਸੀਟ 'ਤੇ ਉਮੀਦਵਾਰ ਦੇ ਜਿੱਤਣ ਦੀ ਸਮਰੱਥਾ ਨੂੰ ਤਰਜੀਹ ਦਿੱਤੀ ਜਾਵੇਗੀ। ਜਿਸ ਸੀਟ ਤੋਂ ਜਿਸ ਪਾਰਟੀ ਦਾ ਉਮੀਦਵਾਰ ਜਿੱਤਣ ਦੀ ਸਮਰੱਥਾ ਰੱਖਦਾ ਹੋਵੇਗਾ ਉਸ ਨੂੰ ਟਿਕਟ ਦਿੱਤੀ ਜਾਵੇਗੀ ਜਦਕਿ ਬਾਕੀ ਦੋਵੇਂ ਪਾਰਟੀਆਂ ਉਸ ਦਾ ਸਮਰਥਨ ਕਰਨਗੀਆਂ। ਪੰਜਾਬ ਦੀਆਂ 117 ਸੀਟਾਂ 'ਚੋਂ 40 ਸ਼ਹਿਰੀ ਅਤੇ 51 ਸੈਮੀ ਅਰਬਨ ਸੀਟਾਂ 'ਤੇ ਜ਼ਿਆਦਾਤਰ ਸੀਟਾਂ ਭਾਜਪਾ ਦੇ ਖਾਤੇ ਵਿਚ ਜਾਣਗੀਆਂ ਜਦ ਕਿ ਦਿਹਾਤੀ ਇਲਾਕਿਆਂ ਵਿਚ ਸੀਟਾਂ ਦੀ ਵੰਡ ਵਿਚ ਦੋਵੇਂ ਭਾਈਵਾਲ ਆਹਮੋ-ਸਾਹਮਣੇ ਹੋਣਗੇ। ਅਮਿਤ ਸ਼ਾਹ ਨਾਲ ਹੋਈ ਬੈਠਕ ਵਿਚ ਲਏ ਫ਼ੈਸਲਿਆਂ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਤਿੰਨੋਂ ਪਾਰਟੀਆਂ ਸਾਂਝੇ ਮਨੋਰਥ ਪੱਤਰ ਨਾਲ ਹੀ ਚੋਣ ਮੈਦਾਨ ਵਿਚ ਉਤਰਨਗੀਆਂ। ਹਾਲਾਂਕਿ ਚੋਣ ਸੰਬੰਧੀ ਮੁੱਦਿਆਂ ਨੂੰ ਵੀ 6 ਮੈਂਬਰੀ ਕਮੇਟੀ ਵਲੋਂ ਅੰਤਿਮ ਰੂਪ ਦਿੱਤਾ ਜਾਵੇਗਾ। ਹਲਕਿਆਂ ਮੁਤਾਬਿਕ ਸ. ਢੀਂਡਸਾ ਵਲੋਂ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਚੋਣ ਮਨੋਰਥ ਪੱਤਰ ਦਾ ਹਿੱਸਾ ਬਣ ਸਕਦੀ ਹੈ। ਹਾਲਾਂਕਿ ਇਸ ਸੰਬੰਧ ਵਿਚ ਭਾਜਪਾ ਵਲੋਂ ਅਜੇ ਕਾਨੂੰਨੀ ਮਸ਼ਵਰਾ ਕੀਤਾ ਜਾ ਰਿਹਾ ਹੈ। ਸਿਆਸੀ ਹਲਕਿਆਂ ਮੁਤਾਬਿਕ ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਇਸ ਸੰਬੰਧ ਵਿਚ ਵੱਡਾ ਐਲਾਨ ਕਰ ਸਕਦੀ ਹੈ। 

ਚੰਡੀਗੜ੍ਹ ਦੀਆਂ ਨਿਗਮ ਚੋਣਾਂ ਵਿਚ ਆਪ ਦੇ ਹੈਰਾਨ ਕਰਨ ਵਾਲੇ ਪ੍ਰਦਰਸ਼ਨ ਨਾਲ ਅਲਰਟ ਹੋਈ ਕਾਂਗਰਸ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵਧਣ ਲੱਗੀ ਹੈ ਕਿ ਕੈਪਟਨ ਅਮਰਿੰਦਰ ਤੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਵਰਗੇ ਨੇਤਾਵਾਂ ਨਾਲ ਗੱਠਜੋੜ ਦੇ ਸਹਾਰੇ ਭਾਜਪਾ ਸੂਬੇ ਦੀ ਹਿੰਦੂ ਬਹੁਗਿਣਤੀ ਸੀਟਾਂ ਦੇ ਸਿਆਸੀ ਸਮੀਕਰਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬ ਦੀਆਂ ਚੋਣਾਂ ਵਿਚ ਪਾਰਟੀ ਦੀ ਵੱਧ ਰਹੀ ਇਨ੍ਹਾਂ ਚੁਣੌਤੀਆਂ ਨੂੰ ਦੇਖਦੇ ਹੋਏ ਕਾਂਗਰਸ ਲੀਡਰਸ਼ਿਪ ਨੇ ਸੂਬੇ ਵਿਚ ਸਰਕਾਰ ਤੇ ਸੰਗਠਨ ਦੇ ਉੱਘੇ ਨੇਤਾਵਾਂ ਨੂੰ ਚੌਕੰਨੇ ਕਰਦੇ ਹੋਏ ਬਿਹਤਰ ਆਪਸੀ ਤਾਲਮੇਲ ਲਈ ਕਿਹਾ ਹੈ।

ਪਾਰਟੀ ਸੂਤਰਾਂ ਅਨੁਸਾਰ, ਪਿਛਲੇ ਦੋ-ਤਿੰਨ ਦਿਨਾਂ ਵਿਚ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਕੈਪਟਨ ਅਮਰਿੰਦਰ ਤੇ ਢੀਂਡਸਾ ਦੀ ਹੋਈ ਬੈਠਕ ’ਤੇ ਅੱਖ ਰੱਖ ਰਹੇ ਕਾਂਗਰਸ ਰਣਨੀਤੀਕਾਰਾਂ ਦਾ ਮੁਲਾਂਕਣ ਹੈ ਕਿ ਭਾਜਪਾ ਦਾ ਪੂਰਾ ਸਿਆਸੀ ਗੇਮ ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਨੂੰ ਚੁਣਾਵੀ ਨੁਕਸਾਨ ਪਹੁੰਚਾਉਣ ’ਤੇ ਜ਼ਿਆਦਾ ਕੇਂਦਰਿਤ ਦਿਖਾਈ ਦੇ ਰਿਹਾ ਹੈ। ਸਿੱਖ ਬਹੁਗਿਣਤੀ ਸੀਟਾਂ ’ਤੇ ਕਾਂਗਰਸ ਦਾ ਮੁੱਖ ਚੁਣਾਵੀ ਮੁਕਾਬਲਾ ਆਪ ਨਾਲ ਨਜ਼ਰ ਆ ਰਿਹਾ ਹੈ ਕਿਉਂਕਿ ਅਕਾਲੀ ਦਲ ਬਾਦਲ ਨੂੰ ਲੈ ਕੇ ਭਰੋਸੇ ਦਾ ਸੰਕਟ ਕਾਇਮ ਹੈ ,ਕਿਉਂਕਿ ਪੰਥਕ ਵੋਟ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਰਣ  ਨਿਰਾਸ਼ ਜਾਪਦੀ ਹੈ।ਉੱਥੇ ਦੂਜੇ ਪਾਸੇ ਸੂਬੇ ਦੀ ਹਿੰਦੂ ਬਹੁਗਿਣਤੀ ਸੀਟਾਂ ’ਤੇ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੌਜੂਦਾ ਹਾਲਾਤਾਂ ਦਰਮਿਆਨ ਕਾਂਗਰਸ ਖੁਦ ਨੂੰ ਬਿਹਤਰ ਸਥਿਤੀ ਵਿਚ ਮੰਨ ਰਹੀ ਹੈ, ਪਰ ਉਸਦੀ ਸ਼ੰਕਾ ਇਹ ਹੈ ਕਿ ਕੈਪਟਨ ਤੇ ਭਾਜਪਾ ਦੀ ਨਵੀਂ ਦੋਸਤੀ ਇਸ ਜ਼ਮੀਨੀ ਹਾਲਾਤ ਵਿਚ ਬਦਲਾਅ ਲਿਆ ਸਕਦੀ ਹੈ ਕਿਉਂਕਿ ਕੈਪਟਨ ਤੇ ਛੋਟੇ ਅਕਾਲੀ ਸਮੂਹਾਂ ਦੇ ਸਹਾਰੇ ਭਾਜਪਾ ਹਿੰਦੂ ਬਹੁਗਿਣਤੀ ਸੀਟਾਂ ’ਤੇ ਆਪਣਾ ਆਧਾਰ ਫਿਰ ਤੋਂ ਵਧਾਉਣ ਲਈ ਜ਼ੋਰ ਲਾਏਗੀ ਤਾਂ ਇਸਦਾ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ।ਜ਼ਾਹਿਰ ਤੌਰ ’ਤੇ ਕਾਂਗਰਸ ਦੀ ਚਿੰਤਾ ਵਧਣ ਵਾਲੀ ਹੈ ਕਿਉਂਕਿ ਚੋਣ ਵਿਚ ਉਸਦੀ ਸੱਤਾ ਨੂੰ ਮੁੱਖ ਚੁਣੌਤੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਹੀ ਮਿਲ ਰਹੀ ਹੈ। ਹੁਣੇ ਜਿਹੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਪਹਿਲੀ ਵਾਰ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੇ ਕੁੱਲ 35 'ਚੋਂ 14 ਸੀਟਾਂ 'ਤੇ ਧਮਾਕੇਦਾਰ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਭਾਜਪਾ 12 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਰਹੀ ਅਤੇ ਕਾਂਗਰਸ ਨੂੰ ਇਸ ਵਾਰ ਅੱਠ ਸੀਟਾਂ 'ਤੇ ਜਿੱਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੇਵਲ ਇਕ ਸੀਟ ਹੀ ਆਈ ਹੈ। ਚੰਡੀਗੜ੍ਹ ਦੀ ਨਿਗਮ ਚੋਣਾਂ ਵਿਚ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਆਪ ਦੇ ਪ੍ਰਦਰਸ਼ਨ ਨਾਲ ਭਾਵੇਂ ਹੀ ਸਿੱਧੇ ਤੌਰ ’ਤੇ ਭਾਜਪਾ ਨੂੰ ਜ਼ਿਆਦਾ ਨੁਕਸਾਨ ਹੋਇਆ ਹੋਵੇ, ਪਰ ਕਾਂਗਰਸ ਇਸ ਨੂੰ ਪੰਜਾਬ ਚੋਣ ਨੂੰ ਦੇਖਦੇ ਹੋਏ ਆਪਣੇ ਲਈ ਜ਼ਿਆਦਾ ਚੁਣੌਤੀਪੂਰਨ ਮੰਨ ਰਹੀ ਹੈ।