ਮਜ਼ਬੂਤ ਅਕਾਲੀ ਦਲ ਹੀ ਕਰ ਸਕਦਾ ਹੈ ਪੰਥ ਤੇ ਪੰਜਾਬ ਦੇ ਹਿਤਾਂ ਦੀ ਰਾਖੀ

ਮਜ਼ਬੂਤ ਅਕਾਲੀ ਦਲ ਹੀ ਕਰ ਸਕਦਾ ਹੈ ਪੰਥ ਤੇ ਪੰਜਾਬ ਦੇ ਹਿਤਾਂ ਦੀ ਰਾਖੀ

ਭਾਰਤ ਵਿਚ ਭਾਜਪਾ ਵਲੋਂ ਕੌਮੀ ਅਤੇ ਖੇਤਰੀ ਪੱਧਰ 'ਤੇ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਨਾਲ ਦੇਸ਼ ਦੀ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸ਼ਹਿਰੀ ਆਜ਼ਾਦੀਆਂ ਲਈ ਵੱਡੇ ਖ਼ਤਰੇ ਉਤਪੰਨ ਹੋ ਰਹੇ ਹਨ ।

ਇਸ ਕਾਰਨ ਦੇਸ਼ ਭਰ ਵਿਚ ਵੱਡੀ ਗਿਣਤੀ 'ਚ ਲੋਕ ਅਤੇ ਖ਼ਾਸ ਕਰਕੇ ਘੱਟ ਗਿਣਤੀਆਂ ਨਾਲ ਸੰਬੰਧਿਤ ਵਰਗ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ।ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀ ਨਵੀਂ ਪਾਰਟੀ ਆਪ ਇਥੇ ਸੱਤਾ ਵਿਚ ਆਈ ਹੈ ,ਉਹ ਪੰਜਾਬ ਦੇ ਖੇਤਰੀ ਸਰੋਕਾਰਾਂ ਦੀ ਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਹੁੰਦੀ ਜਾ ਰਹੀ ਹੈ । ਭਾਖੜਾ ਮੈਨੇਜਮੈਂਟ ਬੋਰਡ ਵਿਚੋਂ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰ ਦਿੱਤੀ ਗਈ ਹੈ ।ਦਰਿਆਈ ਪਾਣੀਆਂ ਸੰਬੰਧੀ ਅਜੇ ਤੱਕ ਰਾਜ ਨੂੰ ਇਨਸਾਫ਼ ਨਹੀਂ ਮਿਲਿਆ ।ਕੇਂਦਰ ਸਰਕਾਰ ਵਲੋਂ ਪੰਜਾਬ ਦੀ ਰਾਜਧਾਨੀ ਵਜੋਂ ਵਸਾਇਆ ਗਿਆ ਚੰਡੀਗੜ੍ਹ ਰਾਜ ਦੇ ਹਵਾਲੇ ਕਰਨ ਦੀ ਥਾਂ ਇਸ ਵਿਚ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਨ੍ਹਾਂ ਸਾਰੇ ਮਸਲਿਆਂ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਿ੍ੜ੍ਹਤਾ ਨਾਲ ਸਟੈਂਡ ਨਹੀਂ ਲੈ ਰਹੀ, ਸਗੋਂ ਆਪਣੀ ਪਾਰਟੀ ਦੇ ਕੌਮੀ ਹਿਤਾਂ ਨੂੰ ਮੁੱਖ ਰੱਖਦਿਆਂ ਹਰਿਆਣਾ ਅਤੇ ਰਾਜਸਥਾਨ ਨੂੰ ਹੋਰ ਪਾਣੀ ਦੇਣ ਦੇ ਵਾਅਦੇ ਕਰ ਰਹੀ ਹੈ ।ਇਸ ਤੋਂ ਇਲਾਵਾ ਮਾਨ ਸਰਕਾਰ ਸਿੱਖ ਭਾਈਚਾਰੇ ਦੇ ਧਾਰਮਿਕ ਸਰੋਕਾਰਾਂ ਵਿਚ ਵੀ ਦਖ਼ਲਅੰਦਾਜ਼ੀ ਕਰ ਰਹੀ ਹੈ ।ਇਸ ਦੀ ਮਿਸਾਲ ਇਸ ਤੋਂ ਦੇਖੀ ਜਾ ਸਕਦੀ ਹੈ ਕਿ ਇਸ ਵਲੋਂ ਸਿੱਖ ਗੁਰਦੁਆਰਾ ਐਕਟ ਵਿਚ ਗੁਰਬਾਣੀ ਦੇ ਪ੍ਰਸਾਰਨ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲ ਕੋਈ ਵਿਚਾਰ-ਵਟਾਂਦਰਾ ਕਰਨ ਤੋਂ ਬਿਨਾਂ ਹੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਸੋਧ ਕਰ ਦਿੱਤੀ ਗਈ | (ਇਹ ਵੱਖਰੀ ਗੱਲ ਹੈ ਕਿ ਰਾਜ ਦੇ ਗਵਰਨਰ ਨੇ ਵਿਧਾਨ ਸਭਾ ਦੇ 19-20 ਜੂਨ ਨੂੰ ਹੋਏ ਇਸ ਸੈਸ਼ਨ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ) ਪਰ ਇਸ ਸਰਕਾਰ ਵਲੋਂ ਘੱਟ ਨਹੀਂ ਕੀਤੀ ਗਈ । ਮਾਨ ਸਰਕਾਰ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਦਾ ਹੈ, 'ਤੇ ਇਸ ਮਕਸਦ ਲਈ ਇਹ ਕੋਈ ਸੰਗਠਨ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਵੀ ਲੜ ਸਕਦੀ ਹੈ।ਰਾਜ ਵਿਚ ਇਸ ਵੇਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਵਿਜੀਲੈਂਸ ਦੀ ਵੀ ਚੋਣਵੇਂ ਰੂਪ ਵਿਚ ਬਦਲਾਲਊ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ।ਆਜ਼ਾਦ ਤੇ ਨਿਰਪੱਖ ਮੀਡੀਆ ਨੂੰ ਵੀ ਇਸ਼ਤਿਹਾਰਬੰਦੀ ਕਰਕੇ ਜਾਂ ਹੋਰ ਢੰਗਾਂ ਨਾਲ ਦਬਾਇਆ ਜਾ ਰਿਹਾ ਹੈ ।

ਜੇਕਰ ਸਮੁੱਚੇ ਤੌਰ 'ਤੇ ਦੇਸ਼ ਵਿਚ ਸਿੱਖ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਦੇ ਰੁਤਬੇ ਨੂੰ ਦੇਖੀਏ ਤਾਂ ਦਿੱਲੀ ਗੁਰਦੁਆਰਾ ਕਮੇਟੀ ਤੇ ਹਰਿਆਣਾ ਵਿਚ ਨਵੀਂ ਬਣੀ ਗੁਰਦੁਆਰਾ ਕਮੇਟੀ 'ਤੇ ਭਾਜਪਾ ਦਾ ਪ੍ਰਭਾਵ ਵਧ ਚੁੱਕਾ ਹੈ । ਇਸ ਕਾਰਨ ਦਿੱਲੀ ਅਤੇ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਬੇਹੱਦ ਕਮਜ਼ੋਰ ਹੋ ਚੁੱਕਾ ਹੈ ।ਪੰਜਾਬ ਸਮੇਤ ਦਿੱਲੀ ਅਤੇ ਹਰਿਆਣਾ ਵਿਚ ਉਂਝ ਵੀ ਸ਼੍ਰੋਮਣੀ ਅਕਾਲੀ ਦਲ ਕਈ ਧੜਿਆਂ ਵਿਚ ਵੰਡਿਆ ਜਾ ਚੁੱਕਾ ਹੈ ।ਇਸ ਦਾ ਫਾਇਦਾ ਕੌਮੀ ਪੱਧਰ 'ਤੇ ਅਤੇ ਪੰਜਾਬ ਪੱਧਰ 'ਤੇ ਦੂਜੀਆਂ ਰਾਜਨੀਤਕ ਧਿਰਾਂ ਉਠਾ ਰਹੀਆਂ ਹਨ । 

ਜੇਕਰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪੱਖ ਤੋਂ ਵੀ ਦੇਸ਼ ਦੀ ਰਾਜਨੀਤਕ ਸਥਿਤੀ ਗੱਲ ਕਰੀਏ ਤਾਂ ਇਸ ਸਮੇਂ ਦੇਸ਼ ਦੋ ਗੱਠਜੋੜਾਂ ਵਿਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ ।ਇਕ ਪਾਸੇ ਕਾਂਗਰਸ ਦੀ ਅਗਵਾਈ ਵਿਚ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ (ਇੰਡੀਆ)' ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ, ਦੂਜੇ ਪਾਸੇ ਭਾਜਪਾ ਦੀ ਅਗਵਾਈ ਵਿਚ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਇਨ੍ਹਾਂ ਚੋਣਾਂ ਵਿਚ ਜੂਝਣ ਲਈ ਤਿਆਰ ਹੈ ।ਲੋਕਤੰਤਰਿਕ ਗੱਠਜੋੜ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਇਸ ਦਾ ਭਾਈਵਾਲ ਰਿਹਾ ਹੈ । ਪੰਜਾਬ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੇ ਪਿਛਲੇ ਸਮੇਂ ਵਿਚ 15 ਸਾਲਾਂ ਤੱਕ ਰਾਜ ਕੀਤਾ ਹੈ ।ਪਰ ਹੁਣ ਦੀਆਂ ਸਥਿਤੀਆਂ ਵਿਚ ਭਾਜਪਾ ਦੀ ਹਾਈਕਮਾਂਡ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਤੰਤਰਿਕ ਗੱਠਜੋੜ ਦਾ ਹਿੱਸਾ ਬਣਾਉਣ ਲਈ ਤਿਆਰ ਨਹੀਂ ਹੈ । ਕਿਉਂਕਿ ਸਿਖ ਕੌਮ ਦੀ ਨਰਾਜ਼ਗੀ ਕਾਰਣ ਅਕਾਲੀ ਦਲ ਦੀ ਹੋਂਦ ਨੂੰ ਖੌਰਾ ਲਗ ਚੁਕਾ ਹੈ।ਇਸੇ ਕਰਕ ਭਾਜਪਾ ਦੀ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਲੋਕਤੰਤਰਿਕ ਗੱਠਜੋੜ ਦਾ ਭਾਈਵਾਲ ਬਣਾਉਣ ਲਈ ਤਿਆਰ ਨਹੀਂ।ਜੇਕਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਕੌਮੀ ਪੱਧਰ 'ਤੇ ਇੰਡੀਆ ਗੱਠਜੋੜ ਦਾ ਹਿੱਸਾ ਬਣ ਗਈ ਹੈ । ਇਸ ਕਾਰਨ ਰਾਜ ਵਿਚ ਵੀ ਲੋਕਸਭਾ ਚੋਣਾਂ ਲਈ ਦੋਹਾਂ ਪਾਰਟੀਆਂ ਦਾ ਗੱਠਜੋੜ ਬਣਨ ਦੀ ਸੰਭਾਵਨਾ ਹੈ, ਭਾਵੇਂ ਕਿ ਅਜੇ ਪੰਜਾਬ ਕਾਂਗਰਸ ਦੇ ਆਗੂ ਅਜਿਹੇ ਕਿਸੇ ਸੰਭਾਵਤ ਗੱਠਜੋੜ ਦਾ ਵਿਰੋਧ ਕਰ ਰਹੇ ਹਨ । ਉਂਝ ਵੀ ਸ਼੍ਰੋਮਣੀ ਅਕਾਲੀ ਦਲ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਵਰਗੀਆਂ 1984 ਵਿਚ ਵਾਪਰੀਆਂ ਘਟਨਾਵਾਂ ਤੇ ਇਸ ਤੋਂ ਵੀ ਪਹਿਲਾਂ ਦਹਾਕਿਆਂ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ-ਦੂਜੇ ਦੇ ਵਿਰੋਧੀ ਰਹੇ ਹੋਣ ਕਾਰਨ।ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਦਾ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਬਣ ਸਕਦਾ ।ਸੋ ਲੋਕ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ ਇਹੀ ਬਦਲ ਬਚਦਾ ਹੈ, ਕਿ ਉਹ ਬਸਪਾ ਨਾਲ ਰਲ ਕੇ ਚੋਣਾਂ ਲੜੇ । ਇਹ ਵੀ ਇਸ ਗੱਲ 'ਤੇ ਨਿਰਭਰ ਹੈ ਕਿ ਉੱਤਰ ਪ੍ਰਦੇਸ਼ ਵਿਚ ਬਸਪਾ ਦੀ ਆਗੂ ਮਾਇਆਵਤੀ ਲੋਕ ਸਭਾ ਚੋਣਾਂ ਸੰਬੰਧੀ ਕੀ ਪਹੁੰਚ ਅਖ਼ਤਿਆਰ ਕਰਦੀ ਹੈ।ਅਜੇ ਤੱਕ ਤਾਂ ਉਸ ਨੇ ਵੱਖਰਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ, ਜੇਕਰ ਉਹ ਇਸੇ ਪਹੁੰਚ 'ਤੇ ਕਾਇਮ ਰਹਿੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਬਣੇ ਰਹਿਣ ਦੀ ਸੰਭਾਵਨਾ ਹੈ ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਿਤ ਲੀਡਰਸ਼ਿਪ ਦੀ ਇੱਛਾ ਲੋਕਤਾਂਤਰਿਕ ਗੱਠਜੋੜ ਦਾ ਹਿੱਸਾ ਬਣਨ ਦੀ ਹੈ।ਪਰ ਇਸ ਸੰਬੰਧੀ ਭਾਜਪਾ ਬਾਦਲ ਦਲ ਨੂੰ ਟਿਚ ਜਾਣ ਰਹੀ ਹੈ | ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਚੋਣਾਂ ਦੇ ਨਤੀਜਿਆਂ ਦੀ ਉਡੀਕ ਵਿਚ ਬੈਠਾ ਰਹਿੰਦਾ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਤਿਆਰੀ ਨਹੀਂ ਕਰਦਾ ਤਾਂ ਰਾਜ ਵਿਚ ਉਸ ਲਈ ਆਪਣੀ ਪ੍ਰਸੰਗਕਤਾ ਬਣਾਈ ਰੱਖਣੀ ਮੁਸ਼ਕਿਲ ਹੋ ਜਾਵੇਗੀ ।

ਦੂਜੇ ਪਾਸੇ ਜਿਸ ਤਰ੍ਹਾਂ ਰਾਜ ਵਿਚ ਆਪ ਪਾਰਟੀ ਦੀ ਸਰਕਾਰ ਸਿੱਖ ਧਰਮ ਦੇ ਧਾਰਮਿਕ ਮਾਮਲਿਆਂ, ਖ਼ਾਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਵਿਚ ਦਖ਼ਲਅੰਦਾਜ਼ੀ ਕਰ ਰਹੀ ਹੈ, ਉਸ ਕਾਰਨ ਵੀ ਅਕਾਲੀ ਦਲ ਦਾ ਸਰਗਰਮ ਹੋਣਾ ਬੇਹੱਦ ਜ਼ਰੂਰੀ ਹੋ ਗਿਆ ਹੈ ।

ਸੋ, ਦੇਸ਼ ਦੀਆਂ ਰਾਜਨੀਤਕ ਅਤੇ ਧਾਰਮਿਕ ਅਤੇ ਖ਼ਾਸ ਕਰਕੇ ਪੰਜਾਬ ਦੀਆਂ ਸਥਿਤੀਆਂ ਇਹ ਮੰਗ ਕਰਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਅਤੇ ਸਿੱਖ ਪੰਥ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਸੇ ਤੋਂ ਪ੍ਰੇਰਨਾ ਲੈਂਦਾ ਹੋਇਆ ਇਕ ਵਾਰ ਫਿਰ ਤੋਂ ਦਿ੍ੜ੍ਹਤਾ ਨਾਲ ਅੱਗੇ ਵਧੇ ।ਆਪਣੀਆਂ ਜਥੇਬੰਦਕ ਕਮਜ਼ੋਰੀਆਂ ਨੂੰ ਦੂਰ ਕਰੇ । ਦੇਸ਼ ਭਰ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਖ਼ਿਲਾਫ਼ ਹੁੰਦੇ ਹਮਲਿਆਂ ਅਤੇ ਸ਼ਹਿਰੀ ਆਜ਼ਾਦੀਆਂ ਦੀ ਹੁੰਦੀ ਉਲੰਘਣਾ ਵਿਰੁੱਧ ਜ਼ੋਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰੇ । ਖ਼ਾਸ ਕਰਕੇ ਸਿੱਖ ਭਾਈਚਾਰੇ, ਕਿਸਾਨੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਦਾ ਮੁੜ ਵਿਸ਼ਵਾਸ ਜਿੱਤਣ ਲਈ ਉਸ ਨੂੰ ਵਿਸ਼ੇਸ਼ ਤੌਰ 'ਤੇ ਰਣਨੀਤੀ ਬਣਾ ਕੇ ਯਤਨ ਆਰੰਭਣੇ ਚਾਹੀਦੇ ਹਨ । ਜੇਕਰ ਅਕਾਲੀ ਦਲ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਲੈ ਕੇ ਦਿ੍ੜ੍ਹਤਾ ਨਾਲ ਸੰਘਰਸ਼ ਕਰਦਾ ਹੋਇਆ ਅੱਗੇ ਵਧਦਾ ਹੈ ਤਾਂ ਉਹ ਇਕੱਲਿਆਂ ਵੀ ਬਹੁਤ ਵੱਡਾ ਰੋਲ ਦੇਸ਼ ਤੇ ਪੰਜਾਬ ਦੀ ਰਾਜਨੀਤੀ ਵਿਚ ਅਦਾ ਕਰ ਸਕਦਾ ਹੈ ।

ਇਸ ਮਕਸਦ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ-ਵੱਖ ਅਕਾਲੀ ਧੜਿਆਂ ਅਤੇ ਉਨ੍ਹਾਂ ਸਿੱਖ ਆਗੂਆਂ ਨਾਲ ਵੀ ਮੁੜ ਤੋਂ ਸੰਪਰਕ ਸਾਧਣਾ ਚਾਹੀਦਾ ਹੈ, ਜਿਹੜੇ ਕਿਸੇ ਸਮੇਂ ਵੱਖ-ਵੱਖ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਚਲੇ ਗਏ ਸਨ ।ਇਕ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਹੀ ਸਿੱਖ ਪੰਥ ਅਤੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰ ਸਕਦਾ ਹੈ