ਮੈਕਸੀਕੋ ਨਾਲ ਲੱਗਦੀ ਸਰਹੱਦ ਰਸਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲੇ ਨੂੰ ਰੋਕਣ ਲਈ ਦਰਿਆ ਵਿਚ ਲਾਈਆਂ ਰੋਕਾਂ ਹਟਾਉਣ ਦੇ ਆਦੇਸ਼

ਮੈਕਸੀਕੋ ਨਾਲ ਲੱਗਦੀ ਸਰਹੱਦ ਰਸਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲੇ ਨੂੰ ਰੋਕਣ ਲਈ ਦਰਿਆ ਵਿਚ ਲਾਈਆਂ ਰੋਕਾਂ ਹਟਾਉਣ ਦੇ ਆਦੇਸ਼

ਗਵਰਨਰ ਨੇ ਕਿਹਾ ਫੈਸਲੇ ਨੂੰ ਦੇਣਗੇ ਚੁਣੌਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਇਕ ਸੰਘੀ ਅਦਾਲਤ ਨੇ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਤੇ ਟੈਕਸਾਸ ਰਾਜ ਨੂੰ ਆਦੇਸ਼ ਦਿੱਤਾ ਹੈ ਕਿ ਮੈਕਸੀਕੋ ਨਾਲ  ਲੱਗਦੀ ਸਰਹੱਦ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲੇ ਨੂੰ ਰੋਕਣ ਲਈ ਰੀਓ ਗਰਾਂਡੇ ਦਰਿਆ ਵਿਚ ਲਾਈਆਂ ਤੈਰਦੀਆਂ ਰੋਕਾਂ ਨੂੰ ਘੱਟੋ ਘੱਟ ਆਰਜੀ ਤੌਰ 'ਤੇ ਹਟਾ ਲਿਆ ਜਾਵੇ। ਇਸ ਨੂੰ ਬਾਈਡਨ ਪ੍ਰਸ਼ਾਸਨ ਦੀ ਜਿੱਤ ਮੰਨਿਆ ਜਾ ਰਿਹਾ ਹੈ। ਸੀਨੀਅਰ ਯੂ ਐਸ ਜੱਜ ਡੇਵਿਡ ਐਲਨ ਈਜ਼ਰਾ ਨੇ ਆਪਣੇ 42 ਸਫਿਆਂ ਦੇ ਆਦੇਸ਼ ਵਿਚ ਕਿਹਾ ਹੈ ਕਿ ਅਮਰੀਕੀ ਨਿਆਂ ਵਿਭਾਗ ਗੁਣਾਂ ਦੋਸ਼ਾਂ ਦੇ ਆਧਾਰ 'ਤੇ ਫੈਸਲਾ ਲੈਣ ਵਿੱਚ ਸਫਲ ਹੋਵੇਗਾ। ਜੱਜ ਨੇ ਇਹ ਫੈਸਲਾ ਦਰਿਆ ਵਿਚ ਲਾਈਆਂ ਰੋਕਾਂ ਦੇ ਮਾਮਲੇ ਵਿੱਚ ਗਵਰਨਰ ਅਬੋਟ ਤੇ ਟੈਕਸਾਸ ਰਾਜ ਖਿਲਾਫ ਜੁਲਾਈ ਵਿਚ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਣਾਇਆ। ਜੱਜ ਨੇ ਕਿਹਾ ਕਿ ਦਰਿਆ ਵਿਚ ਲਾਈਆਂ ਤੈਰਦੀਆਂ ਰੋਕਾਂ ਸਮੁੰਦਰੀ ਕਿਸ਼ਤੀਆਂ ਦੇ ਰਾਹ ਵਿਚ ਰੁਕਾਵਟ ਹਨ ਤੇ ਇਨਾਂ ਰੋਕਾਂ ਨੂੰ ਲਾਉਣ ਲਈ ਅਮਰੀਕੀ ਕਾਂਗਰਸ ਕੋਲੋਂ ਮਨਜੂਰੀ ਲੈਣੀ ਪਵੇਗੀ। ਗਵਰਨਰ ਨੇ ਈਗਲ ਲਾਂਘੇ ਨੇੜੇ ਕੌਮਾਂਤਰੀ ਰੀਓ ਗਰਾਂਡੇ ਦਰਿਆ ਵਿਚ ਇਹ ਰੋਕਾਂ ਲਾਉਣ ਦਾ ਆਦੇਸ਼ ਦਿੱਤਾ ਸੀ ਤਾਂ ਜੋ ਬਿਨਾਂ ਕਾਨੂੰਨੀ ਅਧਿਕਾਰ ਦੇ ਟੈਕਸਾਸ ਵਿਚ ਦਾਖਲ ਹੁੰਦੇ ਪ੍ਰਵਾਸੀਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਅਦਾਲਤ ਦੇ ਫੈਸਲੇ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਅਬੋਟ ਨੇ ਕਿਹਾ ਹੈ ਕਿ ਉਹ ਇਸ ਵਿਰੁੱਧ ਅਪੀਲ ਦਾਇਰ ਕਰਨਗੇ। ਉਨਾਂ ਕਿਹਾ ਕਿ ਅਦਾਲਤ ਦਾ ਨਿਰਨਾ ਰਾਸ਼ਟਰਪਤੀ ਬਾਈਡਨ ਦੀ ਟੈਕਸਾਸ ਦੁਆਰਾ ਚੁੱਕੇ ਜਾ ਰਹੇ ਦਰੁਸਤ ਕਦਮਾਂ ਨੂੰ ਮਾਨਤਾ ਨਾ ਦੇਣ ਦੀ ਕੋਸ਼ਿਸ਼ ਦੇ ਹੱਕ ਵਿਚ ਭੁਗਤੇਗਾ। ਇਹ ਫੈਸਲਾ ਸਹੀ ਨਹੀਂ ਹੈ ਤੇ ਇਸ   ਨੂੰ ਰੱਦ ਕਰਵਾਉਣ ਲਈ ਉਹ ਅਪੀਲ ਦਾਇਰ ਕਰਨਗੇ।