ਸੈਕਰਾਮੈਂਟੋ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਚ ਪਹਿਲਾ ਸਥਾਨ ਬੇ-ਏਰੀਆ ਸਪੋਰਟਸ ਕਲੱਬ ਤੇ ਮੈਟਰੋ ਨਿਊਯਾਰਕ ਨੇ ਸਾਂਝੇ ਤੌਰ ਤੇ ਜਿੱਤਿਆ ਤੇ ਦੂਜੇ ਤੇ ਚੜਦਾ ਪੰਜਾਬ ਰਿਹਾ

ਸੈਕਰਾਮੈਂਟੋ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਚ ਪਹਿਲਾ ਸਥਾਨ ਬੇ-ਏਰੀਆ ਸਪੋਰਟਸ ਕਲੱਬ ਤੇ ਮੈਟਰੋ ਨਿਊਯਾਰਕ ਨੇ ਸਾਂਝੇ ਤੌਰ ਤੇ ਜਿੱਤਿਆ ਤੇ ਦੂਜੇ ਤੇ ਚੜਦਾ ਪੰਜਾਬ ਰਿਹਾ

ਵੱਖ ਵੱਖ ਸ਼ਖਸ਼ੀਅਤਾਂ ਦਾ ਸੋਨੇ ਦੇ ਤਮਗਿਆਂ ਨਾਲ ਸਨਮਾਨ।

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ):
ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟੋ ਵਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਐਤਕਾਂ ਵੀ ਕਾਫੀ ਫਸਵੇਂ ਮੈਚ ਦੇਖਣ ਨੂੰ ਮਿਲੇ ਪਰ ਬੇ- ਏਰੀਆ ਸਪੋਰਟਸ ਕਲੱਬ ਅਤੇ ਮੈਟਰੋ ਨਿਊਯਾਰਕ ਨੇ ਚੜ੍ਹਦਾ ਪੰਜਾਬ ਨੂੰ ਹਰਾ ਕੇ 40-48 ਨੰਬਰਾਂ ਦੇ ਫ਼ਰਕ ਨਾਲ ਫਾਈਨਲ ਮੈਚ ਜਿੱਤ ਲਿਆ। ਜੇਤੂ ਟੀਮ ਨੂੰ 15 ਹਜ਼ਾਰ ਡਾਲਰ ਦਾ ਨਗਦ ਇਨਾਮ ਅਤੇ ਵੱਡੀ ਟਰਾਫ਼ੀ ਦਿੱਤੀ ਗਈ। ਇਹ ਇਨਾਮ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਰੋਜ਼ਵਿਲ ਵਲੋਂ ਸਪੌਂਸਰ ਕੀਤਾ ਗਿਆ। ਦੂਜਾ ਇਨਾਮ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਨੂੰ 13 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ ਜੋ ਕਿ ਮਾਇਕ ਬੋਪਾਰਾਏ , ਨੇਕੀ ਅਟਵਾਲ, ਭਿੰਦਾ ਗਾਖਲ, ਪਿੰਕੀ ਅਟਵਾਲ, ਕੁਲਜੀਤ ਸਿੰਘ ਨਿੱਝਰ, ਜਗਜੀਤ ਰੱਕੜ ਵਲੋਂ ਸਪੌਂਸਰ ਕੀਤਾ ਗਿਆ ਸੀ। ਤੀਜਾ ਇਨਾਮ ਸੋਢੀ ਸ਼ੋਕਰ, ਜਾਗਰ ਉੱਪਲ , ਬਲਵਿੰਦਰ ਸਿੱਧੂ ਰਿਵਰਸਾਈਡ ਵਲੋਂ 11 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਅੰਡਰ 21 ਫਰਿਜ਼ਨੋ ਅਤੇ ਮਨਟੀਕਾ ਨੇ ਸਾਂਝੇ ਤੌਰ ਉਤੇ ਜਿਤਿਆ। ਇਸ ਤੋਂ ਇਲਾਵਾ ਲੋਕਲ ਓਪਨ ਸ਼ੋਅ ਮੈਚ ਚ ਬ੍ਰੇਕਫੀਲਡ ਜੇਤੂ ਰਿਹਾ ਅਤੇ ਫਰਿਜ਼ਨੋ ਦੂਜੇ ਨੰਬਰ ਤੇ ਰਿਹਾ।

ਇਸ ਦੌਰਾਨ ਬੈਸਟ ਰੇਡਰ ਸੁਲਤਾਨ ਸਮਸਪੁਰੀਆਂ ਤੇ ਬੈਸਟ ਜਾਫੀ ਪਾਲਾ ਜਲਾਲਪੁਰੀਆਂ ਨੂੰ ਚੁਣਿਆ ਗਿਆ। ਇਸ ਮੌਕੇ ਉੱਘੇ ਕੱਬਡੀ ਪ੍ਰਮੋਟਰ ਬੰਤ ਸਿੰਘ ਨਿੱਝਰ ਕਨੇਡਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ। 

ਇਸ ਮੌਕੇ ਉਹਨਾਂ ਦੇ ਨਾਲ ਉੱਘੇ ਕੱਬਡੀ ਪ੍ਰਮੋਟਰ ਜੌਨ ਸਿੰਘ ਗਿੱਲ, ਅਮੋਲਕ ਗਾਖਲ, ਇਕਬਾਲ ਗਾਖਲ , ਸੁਰਿੰਦਰ ਨਿੱਝਰ, ਕੁਲਜੀਤ ਨਿੱਝਰ, ਤੀਰਥ ਗਾਖਲ ਨੇ ਵੀ ਇਨਾਮ ਤਕਸੀਮ ਕੀਤੇ। ਬਾਕੀ ਮੁੱਖ ਸਪੌਂਸਰਾ ਵਿਚ ਗਾਖਲ ਬ੍ਰਰਦਰਜ,ਬਲਜੀਤ ਬਾਸੀ, ਮੱਖਣ ਝੱਟੂ, ਪਾਲ ਸਿੰਘ ਕੈਲੇ, ਸੰਘਾਂ ਬ੍ਦਰਜ, ਸ਼ੇਰੂ ਭਾਟੀਆ, ਜਸਵਿੰਦਰ ਬੈਂਸ, ਸੈਂਟਰਲਵੈਲੀ ਦੇ ਰਾਜਾ ਧਾਮੀ, ਹੈਰੀ ਭੰਗੂ ਬਲਜੀਤ ਸੰਧੂ, ਕੁਲਦੀਪ, ਜੱਸੀ ਬੇ-ਏਰੀਆ ਸਪੋਰਟਸ ਕਲੱਬ , ਤਾਰੀ ਡੱਬ੍ਹ, ਨਰਿੰਦਰ ਔਜਲਾ, ਅਮਨਦੀਪ ਸੰਧੂ, ਗੁਰਚਰਨ ਚੰਨੀ, ਰਾਮਪਾਲ ਨਿੱਝਰ ਇਸ ਮੌਕੇ ਮੁੱਖ ਕੱਬਡੀ ਪ੍ਰੋਮੋਟਰਾਂ ਵਜੋਂ ਇਸ ਟੂਰਨਾਮੈਂਟ ਵਿਚ ਸ਼ਾਮਿਲ ਸਨ।  ਇਸ ਕਬੱਡੀ ਮੈਚਾਂ ਦੀ ਕੁਮੈਂਟਰੀ ਮੱਖਣ ਅਲੀ , ਕਾਲਾ ਰਾਸ਼ੀਨ, ਸੁਰਜੀਤ ਕਕਰਾਲੀ ਨੇ ਕੀਤੀ ਤੇ ਵਿਸ਼ੇਸ਼ ਤੌਰ ਤੇ ਇਸ ਸਾਰੇ ਟੂਰਨਾਮੈਂਟ ਦੀ ਸੰਚਾਲਣਾ ਮੁੱਖ ਸਟੇਜ਼ ਤੋਂ ਬੀਬੀ ਆਸ਼ਾ ਸ਼ਰਮਾ ਨੇ ਬੜੀ ਤਰਤੀਬ ਨਾਲ ਕੀਤੀ।

ਇਸ ਟੂਰਨਾਮੈਂਟ ਵਿੱਚ ਵੱਖ ਵੱਖ ਸ਼ਖ਼ਸੀਅਤਾਂ ਨੂੰ ਉਹਨਾਂ ਦੇ ਖੇਡ ਤੇ ਸੱਭਿਆਚਾਰ ਵਿਚ ਪਾਏ ਯੋਗਦਾਨ ਬਦਲੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਬੰਤ ਸਿੰਘ ਨਿੱਝਰ ਕਨੇਡਾ, ਜੌਨ ਸਿੰਘ ਗਿੱਲ, ਅਮੋਲਕ ਗਾਖਲ, ਬੀਬੀ ਆਸ਼ਾ ਸ਼ਰਮਾ ,ਮਾਇਕ ਬੋਪਾਰਾਏ, ਬਲਜੀਤ ਬਾਸੀ, ਮੱਖਣ ਧਾਲੀਵਾਲ, ਵਿੱਕੀ ਫੈਲਾਡਾਲਫੀਆਂ, ਆਦਿ ਨੂੰ ਸਨਮਾਨਿਤ ਕੀਤਾ ਗਿਆ।

ਇਸ ਟੂਰਨਾਮੈਂਟ ਵਿੱਚ ਸ਼ਾਮਿਲ ਭਾਰੀ ਗਿਣਤੀ ਵਿਚ ਮਰਦਾਂ ਤੋਂ ਇਲਾਵਾ ਬੀਬੀਆਂ ਨੇ ਵੀ ਇਸ ਕੱਬਡੀ ਖੇਡ ਦਾ ਆਨੰਦ ਮਾਣਿਆ।ਇਸ ਮੌਕੇ ਸਕਿਓਰਿਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਮੁੱਖ ਪ੍ਰਬੰਧਕਾਂ ਵਿਚ ਕਿੰਦੂ ਰਾਮੀਦੀ , ਗੁਰਮੁੱਖ ਸੰਧੂ, ਸੋਢੀ ਢੀਂਡਸਾ, ਸੀਤਲ ਸਿੰਘ ਨਿੱਝਰ, ਸੁਖਵਿੰਦਰ ਤੂਰ, ਗੁਰਨੇਕ ਢਿਲੋਂ, ਜੱਸੀ ਢਿੱਲੋਂ ਆਦਿ ਵਲੋਂ ਅਗਲੇ ਵਰ੍ਹੇ 25 ਮਈ ਨੂੰ 9 ਵਾਂ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ ਗਿਆ।