ਸੈਕਰਾਮੈਂਟੋ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ ਚ 25 ਹਜਾਰ ਡਾਲਰ ਦਾ ਇਨਾਮ ਕਨੇਡਾ ਟੀਮ ਨੇ ਜਿੱਤਿਆ

ਸੈਕਰਾਮੈਂਟੋ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਕਬੱਡੀ ਕੱਪ ਚ 25 ਹਜਾਰ ਡਾਲਰ ਦਾ ਇਨਾਮ ਕਨੇਡਾ ਟੀਮ ਨੇ ਜਿੱਤਿਆ

ਅਮਰੀਕਾ ਦੂਜੇ ਤੇ ਪੰਜਾਬ ਰਿਹਾ ਤੀਜੇ ਥਾਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਕਈ ਮਹੀਨਿਆਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸਕਰਾਮੈਂਟੋ ਵਲੋਂ ਕੀਤੀਆ ਤਿਆਰੀਆਂ ਨੂੰ ਸਫਲਤਾ ਉਸ ਵੇਲੇ ਮਿਲੀ ਜਦੋਂ ਬਰਾਡਸ਼ਾਅ ਰੋਡ ਸਥਿਤ ਰੋਡ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾ ਵਿੱਚ ਇਤਿਹਾਸਕ ਇਕੱਠ ਦੇਖਣ ਨੂੰ ਮਿਲਿਆ। ਇਸ ਵੇਰਾਂ ਇੰਟਰਨੈਸ਼ਨਲ ਕਬੱਡੀ ਕੱਪ ਕਨੇਡਾ ਨੇ 42-34 ਦੇ ਫਰਕ ਨਾਲ ਜਿੱਤਿਆ ਤੇ ਵੱਡੀ ਰਕਮ 25 ਹਜਾਰ ਡਾਲਰ ਦਾ ਇਨਾਮ ਜਿੱਤਿਆ ਜਿਸ ਨੂੰ ਚੜਦਾ ਪੰਜਾਬ ਰੋਜਵਿਲ ਨੇ ਸਪੌਂਸਰ ਕੀਤਾ ਸੀ, ਇਸ ਦੌਰਾਨ ਅਮਰੀਕਾ ਦੀ ਟੀਮ ਨੂੰ ਦੂਜੇ ਥਾਂ ਸਬਰ ਕਰਨਾ ਪਿਆ ਜਿਸਦਾ 22 ਹਜਾਰ ਡਾਲਰ ਦਾ ਇਨਾਮ ਸਿਲਾਨੋ ਕਾਊਂਟੀ ਬ੍ਰਦਰਜ ਨੇ ਸਪੌਂਸਰ ਕੀਤਾ ਸੀ , ਅਤੇ ਪੰਜਾਬ ਦੀ ਤੀਜੇ ਵਾਲੀ ਟੀਮ ਨੂੰ 18 ਹਜਾਰ ਦਾ ਇਨਾਮ ਜਿਸਨੂੰ ਮਨੀਤ ਦਿਓਲ ਤੇ ਚੌਥੇ ਥਾਂ ਤੇ ਰਹਿਣ ਵਾਲੀ ਟੀਮ ਨਾਰਵੇ ਨੂੰ 16ਹਜਾਰ ਡਾਲਰ ਦਾ ਇਨਾਮ ਸੁਖਚੈਨ ਗਿੱਲ ਤੇ ਰਾਜਾ ਕੂਨਰ ਵਲੋਂ ਸਪੋਂਸਰ ਕੀਤਾ ਗਿਆ ਸੀ। ਇਸ ਕਬੱਡੀ ਕੁੰਭ ਦੌਰਾਨ ਅੰਡਰ 21 ਨੌਜੁਆਨਾ ਦੇ ਕਬੱਡੀ ਮੈਚ ਮੈਚ ਵੀ ਹੋਏ। ਕੁੜੀਆਂ ਦੇ ਕਬੱਡੀ ਸ਼ੋਅ ਮੈਚ ਅਮਰੀਕਾ ਤੇ ਨਾਰਵੇ ਦੀਆਂ ਟੀਮਾਂ ਦਰਮਿਆਨ ਹੋਇਆ ਇਸ ਦੌਰਾਨ ਅਮਰੀਕਾ ਦੀ ਟੀਮ ਜੇਤੂ ਰਹੀ। ਕਬੱਡੀ ਦੌਰਾਨ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬੈਸਟ ਜਾਫੀ ਅਰਸ਼ ਚੋਹਲਾ ਸਾਹਿਬ, ਤੇ ਹੁਸ਼ਿਆਰ ਬਾਓਂਪੁਰ ਦੋਨੋਂ ਰਹੇ। ਇਸ ਮੌਕੇ ਕਰੀਬ 20 ਸਰਕਰਦਾ ਖਿਡਾਰੀਆਂ ਤੇ ਨਾਮਵਰ ਸਖਸ਼ੀਅਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸਕਰਾਮੈਂਟੋ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਫੈਡਰੇਸ਼ਨ ਵਲੋਂ ਪਹੁੰਚੇ ਸੁਰਿੰਦਰ ਸਿੰਘ ਅਟਵਾਲ, ਕਨੇਡਾ ਤੋਂ ਕਬੱਡੀ ਦੇ ਸਪੋਂਸਰ, ਉੱਘੇ ਬਿਜਨਸਮੈਨ ਅਮੋਲਕ ਗਾਖਲ, ਇਕਬਾਲ ਗਾਖਲ, ਮੱਖਣ ਸਿੰਘ ਬੈਂਸ ਮੱਲਾ ਬੇਦੀਆਂ, ਤੀਰਥ ਗਾਖਲ ਨਰਿੰਦਰ ਥਾਂਦੀ ਚਾਰਟਰ ਅਮਰੀਕਾ, ਅਟਾਰਨੀ ਜਸਪ੍ਰੀਤ ਸਿੰਘ, ਜਸਪਾਲ ਸੈਣੀ ਤੇ ਹੋਰ ਸੈਂਕੜੈ ਸਖਸ਼ੀਅਤਾਂ ਹਾਜਰ ਸਨ ਜਿਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ । ਹਜਾਰਾਂ ਦੀ ਤਦਾਦ ਵਿੱਚ ਪਹੁੰਚੇ ਦਰਸ਼ਕਾਂ ਨੇ ਕਬੱਡੀ ਮੈਚਾਂ ਦਾ ਖੂਬ ਅਨੰਦ ਲਿਆ।

ਇਸ ਕਬੱਡੀ ਟੂਰਨਾਮੈਂਟ  ਖਿਡਾਉਣ ਚ ਇੰਟਰਨੈਸ਼ਨਲ ਰੈਫਰੀਆਂ ਤੋ ਇਲਾਵਾ ਕੁਮੈਂਟੇਟਰਾਂ ਚ ਸਟੇਜ ਤੋ ਬੀਬੀ ਆਸ਼ਾ ਸ਼ਰਮਾਂ ਨੇ ਅਦਬ ਨਾਲ ਇਨਾਮਾਂ ਦੀ ਵੰਡ, ਸਨਮਾਨਾਂ ਦਾ ਸਿਲਸਿਲਾ ਸੰਭਾਲਿਆ ਤੇ ਗਰਾਊਂਡ ਦਾ ਮੱਖਣ ਅਲੀ, ਸੁਰਜੀਤ ਕਕਰਾਲੀ, ਲੱਖਾ ਸਿਧਵਾਂ, ਰਾਜਵਿੰਦਰ ਰੰਡਿਆਲਾ, ਸਵਰਨਾ ਮੱਲ੍ਹਾ, ਇਕਬਾਲ ਗਾਲਿਬ ਨੇ ਕੁਮੈਂਟਰੀ ਕੀਤੀ।  ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸਕਰਾਮੈਂਟੋ ਦੇ ਪ੍ਰਬੰਧਕਾਂ ਚ ਮੁੱਖ ਤੌਰ ਤੇ ਪ੍ਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਰਣਧੀਰ ਸਿੰਘ ਨਿੱਝਰ, ਬਿੱਟੂ ਰੰਧਾਵਾ, ਨਰਿੰਦਰ ਥਾਂਦੀ, ਤਰਲੋਚਨ ਅਟਵਾਲ, ਗੋਲਡੀ ਲਾਲੀ, ਸ਼ੇਰੂ ਭਾਟੀਆ, ਭੁਪਿੰਦਰ ਸੰਘੇੜਾ, ਹੈਪੀ ਔਲਖ, ਗੁਰਜੀਤ ਦਿਓਲ, ਪਿੰਦੀ ਸੰਧੂ, ਹੈਪੀ ਬਰਿਆਨਾ,ਲਾਡਾ ਢਿਲੋਂ, ਪੰਮਾ ਲੱਧੜ, ਪਿਆਰਾ ਸੰਧੂ, ਬਲਵਿੰਦਰ ਸੰਧੂ ਆਦਿ ਵਲੋਂ ਕਈ ਮਹੀਨਿਆਂ ਤੋਂ ਕੀਤੀ ਗਈ ਮਿਹਨਤ ਵਰ ਆਈ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਸਕਰਾਮੈਂਟੋ ਵਲੋਂ ਅਗਲੇ ਵਰ੍ਹੇ ਇਸੇ ਸਥਾਨ ਤੇ 1 ਅਕਤੂਬਰ ਨੂੰ ਇੰਟਰਨੈਸ਼ਲ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਬੱਡੀ ਨੂੰ ਦੇਖਣ ਲਈ ਬੀਬੀਆਂ ਦੀ ਵੀ ਭਾਰੀ ਗਿਣਤੀ ਚ ਹਾਜਰੀ ਦੇਖੀ ਗਈ। ਗੁਰਦੁਆਰਾ ਸਾਹਿਬ ਦੀਆਂ ਗਰਾਉਂਡਾਂ ਹੋਣ ਕਰਕੇ ਪ੍ਰਬੰਧਕਾਂ ਵਲੋਂ ਇਸ਼ਤਿਹਾਰਾਂ ਚ ਨਸ਼ਿਆਂ ਤੋਂ ਸਖਤ ਵਰਜਿਤ ਕੀਤਾ ਗਿਆ ਸੀ ਪਰ ਸ਼ਾਮ ਢਲਦੇ ਹੀ ਕਾਫੀ ਪੀਆਕਰ ਆਪਣੀਆਂ ਕਾਰਾਂ ਦੀਆਂ ਡਿੱਗੀਆਂ ਨਾਲ ਚਿੰਬੜੇ ਨਜਰੀਂ ਆਏ। ਪ੍ਰਬੰਧਕਾਂ ਵਲੋਂ ਮੁਫਤ ਲੰਗਰ, ਪੀਜੇ ਤੇ ਸੋਢੇ ਪਾਣੀ ਦਾ ਪ੍ਰਬੰਧ ਸਲਾਹੁਣਯੋਗ ਸੀ। ਇਸ ਮੌਕੇ ਆਉਣ ਵਾਲੇ ਸਮੇਂ ਚ ਇਸ ਗਰਾਉਂਡ ਨੂੰ ਸਟੇਡੀਅਮ ਵਿੱਚ ਬਦਲਣ ਦਾ ਸ਼ੁਭ ਮਹੂਰਤ ਗੁਬਾਰੇ ਛੱਡ ਕੇ ਕੀਤਾ ਗਿਆ।