ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਨਿਰਦੋਸ਼ ਕਰਾਰ ਦੇ ਕੇ ਸਾਢੇ 12 ਸਾਲ ਬਾਅਦ ਕੀਤਾ ਰਿਹਾਅ

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਨਿਰਦੋਸ਼ ਕਰਾਰ ਦੇ ਕੇ ਸਾਢੇ 12 ਸਾਲ ਬਾਅਦ ਕੀਤਾ ਰਿਹਾਅ
ਕੈਪਸ਼ਨ ਰਿਹਾਈ ਉਪਰੰਤ ਡਰੀਨ ਹੈਰਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਸ਼ਹਿਰ ਸ਼ਿਕਾਗੋ (ਇਲੀਨੋਇਸ) ਦੇ ਇਕ 30 ਸਾਲਾ ਡਰੀਨ ਹੈਰਿਸ ਨਾਮੀ ਵਿਅਕਤੀ ਜੋ ਹੱਤਿਆ ਦੇ ਮਾਮਲੇ ਵਿਚ 76 ਸਾਲ ਸਜ਼ਾ ਭੁਗਤ ਰਿਹਾ ਸੀ, ਨੂੰ ਨਿਰਦੋਸ਼ ਕਰਾਰ ਦੇ ਕੇ ਕੁੱਕ ਕਾਊਂਟੀ ਜੇਲ ਵਿਚੋਂ ਰਿਹਾਅ ਕਰ ਦੇਣ ਦੀ ਖਬਰ ਹੈ। ਉਸ ਨੂੰ ਨਿਰੋਲ ਗਵਾਹਾਂ ਦੇ ਬਿਆਨਾਂ ਦੇ ਆਧਰ 'ਤੇ ਦੋਸ਼ੀ ਐਲਾਨਿਆ ਗਿਆ ਸੀ। ਹੈਰਿਸ ਦੇ ਵਕੀਲ ਲੌਰੇਨ ਮਾਈਰਸਕੋਗ ਮਿਊਲਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਉਹ 12 ਸਾਲ 6 ਮਹੀਨੇ ਸਜ਼ਾ ਕੱਟ ਚੁੱਕਾ ਹੈ ਤੇ ਬੀਤੇ ਮੰਗਲਵਾਰ ਉਸ ਵਿਰੁੱਧ ਆਇਦ ਸਾਰੇ ਦੋਸ਼  ਵਾਪਿਸ ਲੈ ਲਏ ਗਏ ਹਨ। ਅਪ੍ਰੈਲ 2014 ਵਿਚ ਹੈਰਿਸ ਨੂੰ ਜੂਨ 2011 ਵਿਚ ਰੋਨਡੇਲ ਮੂਰ ਨਾਮੀ ਵਿਅਕਤੀ ਦੀ ਹੱਤਿਆ ਕਰਨ ਤੇ ਸ਼ਿਕਾਗੋ ਦੇ ਇਕ ਗੈਸ ਸਟੇਸ਼ਨ 'ਤੇ ਮਕੈਨਿਕ ਕਿਊਇੰਸੀ ਵੋਲਰਡ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹੈਰਿਸ ਦੇ ਵਕੀਲ ਅਨੁਸਾਰ ਗ੍ਰਿਫਤਾਰੀ ਸਮੇ ਉਹ 18 ਸਾਲਾਂ ਦਾ ਸੀ ਤੇ ਇਕ  ਹਫਤੇ ਬਾਅਦ ਹਾਈ ਸਕੂਲ ਤੋਂ ਉਸ ਦੀ ਗਰੈਜੂਏਸ਼ਨ ਮੁਕੰਮਲ ਹੋ ਜਾਣੀ ਸੀ।